ਪੈਰਾ ਰਚਨਾ : ਆਸ
ਆਸ
ਭਵਿੱਖ ਬਾਰੇ ਆਮ ਤੌਰ ‘ਤੇ ਮਨੁੱਖ ਕੋਲ ਦੋ ਹੀ ਚੋਣਾਂ ਹੁੰਦੀਆਂ ਹਨ : ਪਹਿਲੀ ‘ਆਸ’ ਅਤੇ ਦੂਜੀ ‘ਨਿਰਾਸ਼ਾ’। ਆਸ ਦਾ ਭਾਵ ਹੈ ਭਵਿੱਖ ਵਿੱਚ ਕੁਝ ਚੰਗਾ ਵਾਪਰਨ ਦੀ ਸੰਭਾਵਨਾ ਮੰਨਣਾ। ਆਸ ਉਹ ਕਲਪਿਤ ਸੂਰਜ ਹੁੰਦਾ ਹੈ, ਜਿਸ ਨੇ ਮਨੁੱਖ ਦੀ ਦੁਨੀਆ ਵਿੱਚ ਦਿਨ ਚੜ੍ਹਾਉਣਾ ਹੁੰਦਾ ਹੈ। ਆਸ ਉਹ ਕਿਆਸੀ ਝਰਨਾ ਹੁੰਦਾ ਹੈ, ਜਿਸ ਦਾ ਮਿੱਠਾ ਪਾਣੀ ਪੀਣ ਦੀ ਮਨੁੱਖ ਉਮੀਦ ਲਗਾਉਂਦਾ ਹੈ। ਕਿਸੇ ਨਾ ਕਿਸੇ ਆਸ ਸਦਕੇ ਹੀ, ਮਨੁੱਖ ਆਪਣੇ ਵਰਤਮਾਨ ਵਿੱਚ ਸਖ਼ਤ ਮਿਹਨਤ ਕਰਦਾ ਹੈ। ਉਹ ਭਵਿੱਖ ਦੇ ਬੂਟੇ ਨੂੰ ਸਖ਼ਤ ਕੰਮਾਂ ਦੇ ਪਾਣੀ ਨਾਲ ਸਿੰਜਦਾ ਹੈ। ਤਦ ਜਾ ਕੇ ਉਸ ਬੂਟੇ ਨੂੰ ਅਸਲ ਰੂਪ ਵਿੱਚ ਫੁੱਲ ਅਤੇ ਫਲ ਲੱਗਦੇ ਹਨ। ਜੇ ਮਨੁੱਖੀ ਜੀਵਨ ਵਿੱਚ ਆਸ ਨਾ ਹੋਵੇ, ਤਦ ਤਾਂ ਉਸ ਦੇ ਆਲੇ-ਦੁਆਲੇ ਹਨੇਰਾ ਪੱਸਰ ਜਾਂਦਾ ਹੈ। ਮਨੁੱਖ ਆਪਣੀ ਕਿਰਿਆਸ਼ੀਲਤਾ ਤਿਆਗ ਕੇ ਬੈਠ ਜਾਂਦਾ ਹੈ। ਮਨੁੱਖ ਜਦੋਂ ਦੁੱਖਾਂ, ਤਕਲੀਫ਼ਾਂ, ਚਿੰਤਾਵਾਂ ਅਤੇ ਨਿਰਾਸ਼ਾਵਾਂ ਦੀ ਘੁੱਪ ਹਨੇਰੀ ਰਾਤ ਨੂੰ ਹੰਢਾਅ ਰਿਹਾ ਹੁੰਦਾ ਹੈ, ਉਦੋਂ ਆਸ ਹੀ ਉਸ ਨੂੰ ਜਿਊਣ ਲਈ ਸਹਾਰਾ ਬਣਦੀ ਹੈ। ਉਸ ਦੀ ਪ੍ਰਭਾਤ ਦੀ ਉਮੀਦ ਉਸ ਦੇ ਜਿਊਣ ਦਾ ਆਹਰ ਬਣ ਜਾਂਦੀ ਹੈ। ਅਜਿਹੇ ਮੌਕੇ ਮਨੁੱਖ ਸੋਚਦਾ ਹੈ ਕਿ ਅਜਿਹਾ ਸਮਾਂ ਹਮੇਸ਼ਾ ਨਹੀਂ ਰਹਿਣਾ। ਇਹ ਔਖਾ ਸਮਾਂ ਵੀ ਲੰਘ ਜਾਵੇਗਾ ਅਤੇ ਇੱਕ ਦਿਨ ਅਜਿਹਾ ਆਵੇਗਾ, ਜਦੋਂ ਉਸ ਨੂੰ ਦੁੱਖਾਂ, ਬਿਮਾਰੀ, ਅਸਫ਼ਲਤਾ ਅਤੇ ਬੇਉਮੀਦੀਆਂ ਤੋਂ ਛੁਟਕਾਰਾ ਮਿਲੇਗਾ। ਜਿਹੜੇ ਵਿਅਕਤੀ ਆਸ ਦਾ ਪੱਲਾ ਛੱਡ ਦਿੰਦੇ ਹਨ, ਉਹ ਡਰਪੋਕ ਹੁੰਦੇ ਹਨ।ਉਹ ਕਈ ਵਾਰ ਜੀਵਨ ਦੇ ਸੰਘਰਸ਼ ਹੀ ਨਹੀਂ ਤਿਆਗ ਦਿੰਦੇ, ਸਗੋਂ ਇਹ ਦੁਨੀਆ ਵੀ ਛੱਡ ਜਾਂਦੇ ਹਨ। ਦੂਜੇ ਪਾਸੇ ਆਸ਼ਾਵਾਦੀ ਸੋਚਦੇ ਹਨ ਕਿ ਉਨ੍ਹਾਂ ਦੀ ਆਸ ਉਨ੍ਹਾਂ ਨੂੰ ਹਨੇਰੇ ਤੋਂ ਚਾਨਣ ਵੱਲ ਜ਼ਰੂਰ ਲਿਜਾਏਗੀ। ਆਸ ਨਾਲ ਹਿੰਮਤ ਬਣਦੀ ਹੈ, ਸਵੈ-ਵਿਸ਼ਵਾਸ ਪਨਪਦਾ ਹੈ ਅਤੇ ਔਕੜਾਂ ਨਾਲ ਲੜਨ ਦੀ ਸ਼ਕਤੀ ਆਉਂਦੀ ਹੈ। ਸੋ, ਲੋੜ ਹੈ, ਆਸ ਦਾ ਪੱਲਾ ਫੜ੍ਹਨ ਦੀ ਅਤੇ ਨਿਰਾਸ਼ਾ ਨੂੰ ਦੂਰ ਵਗਾਹ ਮਾਰਨ ਦੀ।