ਪੈਰਾ ਰਚਨਾ : ਆਨ-ਲਾਈਨ ਪੜ੍ਹਾਈ


ਆਨ-ਲਾਈਨ ਪੜ੍ਹਾਈ

ਆਨਲਾਈਨ ਪੜ੍ਹਾਈ ਦਾ ਮਤਲਬ ਵਿੱਦਿਅਕ ਸੰਸਥਾਵਾਂ ਵਿੱਚ ਨਹੀਂ, ਬਲਕਿ ਘਰ ਬੈਠੇ ਹੀ ਮੋਬਾਈਲ ਰਾਹੀਂ ਪੜ੍ਹਾਈ ਕਰਨੀ। ਕੋਰੋਨਾ ਵਾਇਰਸ ਤੋਂ ਬਚਣ ਲਈ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਪੜ੍ਹਾਈ ਨੂੰ ਆਨਲਾਈਨ ਰਾਹੀਂ ਜਾਰੀ ਰੱਖਿਆ ਗਿਆ ਹੈ। ਇਸ ਸੰਬੰਧੀ ਨੈੱਟ ‘ਤੇ ਕਈ ਸਾਈਟਾਂ ਉਪਲੱਬਧ ਹਨ। ਜ਼ੂਮ, ਗੂਗਲ ਮੀਟ ਅਤੇ ਮਾਈਕ੍ਰੋਸੌਫਟ ਟੀਮਜ਼, ਗੂਗਲ ਫਾਰਮਜ਼ ਤੇ ਐਗਜ਼ਾਮ ਨੈੱਟ ਆਦਿ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਵੈਬਿਨਾਰ ਵੀ ਲਗਾਏ ਰਹੇ ਹਨ। ਆਨਲਾਈਨ ਪੜ੍ਹਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸੀ.ਬੀ.ਐੱਸ.ਈ. ਵੱਲੋਂ ਅਧਿਆਪਕਾਂ ਲਈ ਅਨੇਕ ਵੈਬੀਨਾਰ ਲਗਾਏ ਜਾ ਰਹੇ ਹਨ। ਬਲੈਕ ਬੋਰਡ ਤੇ ਸਮਾਰਟ ਬੋਰਡ ਦੇ ਆਦੀ ਅਧਿਆਪਕਾਂ ਲਈ ਮੋਬਾਈਲ ਫੋਨ ਜਾਂ ਲੈਪਟਾਪ ‘ਤੇ ਪੜ੍ਹਾਉਣਾ ਬਹੁਤ ਵੱਡੀ ਚੁਣੌਤੀ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਹਨਾਂ ਇਸ ਸਬੰਧੀ ਤਕਨੀਕੀ ਗਿਆਨ ਪ੍ਰਾਪਤ ਕੀਤਾ। ਆਨਲਾਈਨ ਪੜ੍ਹਾਈ ਦੇ ਅਨੇਕ ਲਾਭ ਵੀ ਹਨ। ਇਸ ਨਾਲ਼ ਸਮੇਂ ਤੇ ਪੈਸੇ ਦੀ ਬੱਚਤ ਹੁੰਦੀ ਹੈ। ਵਿਦਿਆਰਥੀ ਕਿਤੇ ਵੀ ਬੈਠ ਕੇ ਪੜ੍ਹਾਈ ਕਰ ਸਕਦਾ ਹੈ। ਬੱਚਾ ਅਧਿਆਪਕ ਤੋਂ ਲੈਕਚਰ ਦੀ ਰਿਕਾਰਡਿੰਗ ਮੰਗਵਾ ਸਕਦਾ ਹੈ। ਗੂਗਲ ਕਲਾਸ-ਰੂਮ ਵਿੱਚ ਨੋਟਿਸ ਭੇਜੇ ਜਾਂਦੇ ਹਨ ਤੇ ਵਿਦਿਆਰਥੀ ਲਿਖਤੀ ਕੰਮ ਵੀ ਅਸਾਨੀ ਨਾਲ ਕਰ ਸਕਦੇ ਹਨ। ਆਨਲਾਈਨ ਪੜ੍ਹਾਈ ਨੇ ਵਿਦਿਆਰਥੀ ਨੂੰ ਜ਼ਿਆਦਾ ਜ਼ਿਮੇਵਾਰ, ਸਵੈ-ਅਨੁਸ਼ਾਸਿਤ ਤੇ ਆਤਮ-ਨਿਰਭਰ ਬਣਾ ਦਿੱਤਾ ਹੈ। ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਇਸ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ‘ਤੇ ਬੁਰਾ ਅਸਰ ਪਾਇਆ ਹੈ। ਮਾਪਿਆਂ ‘ਤੇ ਆਰਥਿਕ ਬੋਝ ਵੀ ਪਿਆ ਹੈ। ਤਕਨੀਕੀ ਮੁਸ਼ਕਲਾਂ ਕਰ ਕੇ ਪੇਂਡੂ ਇਲਾਕਿਆਂ ਵਿੱਚ ਪੜ੍ਹਾਈ ‘ਤੇ ਬੁਰਾ ਅਸਰ ਪਿਆ ਹੈ। ਕਈ ਸ਼ਰਾਰਤੀ ਵਿਦਿਆਰਥੀ ਪੜ੍ਹਾਈ ਦੇ ਬਹਾਨੇ ਵੀਡੀਓਜ਼ ਤੇ ਚੈਟਿੰਗ ਭੇਜ ਕੇ ਪੜ੍ਹਾਈ ਦਾ ਨੁਕਸਾਨ ਕਰਵਾਉਂਦੇ ਹਨ। ਇਹ ਸਾਡੇ ‘ਤੇ ਨਿਰਭਰ ਹੈ ਕਿ ਅਸੀਂ ਇਸ ਨੂੰ ਸਕਾਰਾਤਮਕ ਨਜ਼ਰੀਏ ਤੋਂ ਵੇਖਣਾ ਹੈ। ਭਾਵੇਂ ਆਨਲਾਈਨ ਪੜ੍ਹਾਈ ਦੇ ਕੁਝ ਨੁਕਸਾਨ ਵੀ ਹਨ, ਪਰ ਜੇ ਵਧੀਆ ਉਪਰਾਲੇ ਕੀਤੇ ਜਾਣ ਤਾਂ ਇਹ ਹੋਰ ਵਧੇਰੇ ਲਾਭਦਾਇਕ ਸਾਬਤ ਹੋ ਸਕਦੀ ਹੈ। ਕੋਰੋਨਾ ਕਾਲ ਦੌਰਾਨ ਇਹ ਵਰਦਾਨ ਸਿੱਧ ਹੋ ਰਹੀ ਹੈ।