ਪੈਰਾ ਰਚਨਾ : ਆਂਢ-ਗੁਆਂਢ
ਸਾਡੇ ਜੀਵਨ ਵਿੱਚ ਆਂਢ-ਗੁਆਂਢ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਘਰ ਦੇ ਸੱਜੇ-ਖੱਬੇ ਰਹਿਣ ਵਾਲੇ ਵਿਅਕਤੀ ਸਾਡੇ ਗੁਆਂਢੀ ਅਖਵਾਉਂਦੇ ਹਨ ਜੋ ਸਾਡੀ ਸੱਜੀ-ਖੱਬੀ ਬਾਂਹ ਹੁੰਦੇ ਹਨ। ਸਾਡੀ ਖ਼ੁਸ਼ੀ-ਗ਼ਮੀ ਨੂੰ ਸਭ ਤੋਂ ਪਹਿਲਾਂ ਜਾਣਨ ਵਾਲ਼ੇ ਸਾਡੇ ਗੁਆਂਢੀ ਹੀ ਹੁੰਦੇ ਹਨ। ਇਸ ਲਈ ਚੰਗੇ ਗੁਆਂਢੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪੰਜਾਬੀ ਦਾ ਅਖਾਣ ਪ੍ਰਸਿੱਧ ਹੈ ਕਿ ‘ਕੁੜਮ ਕੁਪੱਤਾ ਚੰਗਾ, ਗੁਆਂਢ ਕੁਪੱਤਾ ਮੰਦਾ’। ਇਸ ਦਾ ਭਾਵ ਇਹ ਹੈ ਕਿ ਰਿਸ਼ਤੇਦਾਰਾਂ ਨਾਲ ਪਿਆ ਵਿਗਾੜ ਤਾਂ ਕਦੇ-ਕਦੇ ਹੀ ਪ੍ਰੇਸ਼ਾਨ ਕਰਦਾ ਹੈ ਪਰ ਗੁਆਂਢੀ ਨਾਲ ਪਿਆ ਵਿਗਾੜ ਹਰ ਵੇਲੇ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਇਸ ਤਰ੍ਹਾਂ ਇਸ ਅਖਾਣ ਤੋਂ ਚੰਗੇ ਗੁਆਂਢ ਦਾ ਮਹੱਤਵ ਸਪਸ਼ਟ ਪ੍ਰਗਟ ਹੁੰਦਾ ਹੈ। ਚੰਗਾ ਗੁਆਂਢ ਆਪਣੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਹੁੰਦਾ ਹੈ ਕਿਉਂਕਿ ਕਿਸੇ ਵੀ ਦੁੱਖ-ਸੁੱਖ ਵੇਲੇ ਗੁਆਂਢ ਨੇੜੇ ਹੋਣ ਕਰਕੇ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਹਾਜ਼ਰ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਗੁਆਂਢੀਆਂ ਨਾਲ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ। ਸਾਨੂੰ ਆਪਣੇ ਗੁਆਂਢੀਆਂ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਵਰਤਾਅ ਦੀ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ। ਸਿਆਣੇ ਵਿਅਕਤੀ ਆਪਣੇ ਗੁਆਂਢੀਆਂ ਨਾਲ ਮਿਲ-ਜੁਲ ਕੇ ਰਹਿਣ ਵਿੱਚ ਵਿਸ਼ਵਾਸ਼ ਰੱਖਦੇ ਹਨ। ਗੁਆਂਢੀਆਂ ਨਾਲ ਘਰੇਲੂ ਸੰਬੰਧ ਬਣਾਉਣ ਲਈ ਘਰ ਦੀਆਂ ਸੁਆਣੀਆਂ ਗੁਆਂਢੀਆਂ ਦੇ ਘਰੀਂ ਕੋਈ ਨਾ ਕੋਈ ਚੀਜ ਭੇਜਦੀਆਂ ਰਹਿੰਦੀਆਂ ਹਨ। ਔਖ-ਸੌਖ ਵੇਲੇ ਇਹ ਗੁਆਂਢੀ ਹੀ
ਸਾਡੇ ਕੰਮ ਆਉਂਦੇ ਹਨ। ਚੰਗੇ ਗੁਆਂਢੀਆਂ ਦੇ ਹੁੰਦਿਆਂ ਕੋਈ ਇਕੱਲਾ ਮਹਿਸੂਸ ਨਹੀਂ ਕਰਦਾ। ਨੌਕਰੀ ਪੇਸ਼ਾ ਲੋਕਾਂ ਲਈ ਤਾਂ ਗੁਆਂਢੀਆਂ ਦਾ ਹੋਰ ਵੀ ਜਿਆਦਾ ਮਹੱਤਵ ਹੈ। ਇਹ ਲੋਕ ਆਪਣੇ ਸਕੇ ਸੰਬੰਧੀਆਂ ਨੂੰ ਛੱਡ ਕੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ। ਇਹਨਾਂ ਦੇ ਰਿਸ਼ਤੇਦਾਰਾਂ/ਸੰਬੰਧੀਆਂ ਦੀ ਕਮੀ ਉਹਨਾਂ ਦੇ ਗੁਆਂਢੀ ਹੀ ਪੂਰੀ ਕਰਦੇ ਹਨ। ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ ਕਿ ਗੁਆਂਢੀਆਂ ਨਾਲ ਕਿਸੇ ਕਿਸਮ ਦਾ ਝਗੜਾ ਪੈਦਾ ਹੀ ਨਾ ਹੋਵੇ। ਜੇਕਰ ਕੋਈ ਸਮੱਸਿਆ ਪੈਦਾ ਵੀ ਹੁੰਦੀ ਹੈ ਤਾਂ ਉਸ ਨੂੰ ਮਿਲ-ਜੁਲ ਕੇ ਸੁਲਝਾ ਲੈਣਾ ਚਾਹੀਦਾ ਹੈ। ਸਾਨੂੰ ਹਮੇਸ਼ਾਂ ਗੁਆਂਢੀਆਂ ਦੀ ਨਿੰਦਿਆ-ਚੁਗਲੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿ ਉਹ ਮਿਲ-ਜੁਲ ਕੇ ਰਹਿਣ। ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਗੁਆਂਢੀਆਂ ਲਈ ਕੋਈ ਸੱਮਸਿਆ ਪੈਦਾ ਨਾ ਕਰੀਏ ਸਗੋਂ ਉਹਨਾਂ ਦੇ ਸੁੱਖ-ਅਰਾਮ ਦਾ ਖ਼ਿਆਲ ਰੱਖੀਏ। ਜੇਕਰ ਗੁਆਂਢੀਆਂ ਦੇ ਬੱਚੇ ਪੜ੍ਹ ਰਹੇ ਹੋਣ ਤਾਂ ਸਾਨੂੰ ਰੋਲਾ-ਰੱਪਾ ਪਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਗੁਆਂਢੀਆਂ ਦੇ ਘਰ ਜਾਣ ਸਮੇਂ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਜਾਂ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸਾਨੂੰ ਗੁਆਂਢੀਆਂ ਨਾਲ ਓਨੀ ਹੀ ਨੇੜਤਾ ਪੈਦਾ ਕਰਨੀ ਚਾਹੀਦੀ ਹੈ ਜਿੰਨੀ ਉਹ ਚਾਹੁਣ। ਹਰ ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਗੁਆਂਢੀਆਂ ਨਾਲ ਸੰਬੰਧ ਚੰਗੇ ਬਣੇ ਰਹਿਣ।