ਪੈਰਾ ਰਚਨਾ : ਅੱਖੀਂ ਡਿੱਠਾ ਮਦਾਰੀ ਦਾ ਤਮਾਸ਼ਾ
ਸਾਡੇ ਪਿੰਡਾਂ ਜਾਂ ਕਸਬਿਆਂ ਦੀ ਕਿਸੇ ਗਲੀ ਵਿੱਚ ਮਦਾਰੀ ਦਾ ਤਮਾਸ਼ਾ ਬੜੀ ਰੌਚਕ ਜਿਹੀ ਗੱਲ ਹੁੰਦਾ ਹੈ। ਹਰ ਇੱਕ ਦਾ ਦਿਲ ਕਰਦਾ ਹੈ ਅਜਿਹਾ ਤਮਾਸ਼ਾ ਵੇਖਣ ਨੂੰ। ਮਦਾਰੀ ਦੀ ਡੁਗਡੁਗੀ ਇਸ ਦੀ ਸੂਚਨਾ ਹੁੰਦੀ ਹੈ। ਡੁਗਡੁਗੀ ਵੱਜੀ ਨਹੀਂ ਕਿ ਲੋਕ-ਬੱਚੇ, ਜ਼ਨਾਨੀਆਂ, ਮਰਦ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਐਤਵਾਰ ਮੈਨੂੰ ਬੰਸਰੀ ਦੀ ਧੁਨੀ ਅਤੇ ਡਮਰੂ ਦੀ ਡੁਗਡੁਗੀ ਸੁਣੀ, ਮੈਂ ਬਾਹਰ ਨਿਕਲ ਕੇ ਵੇਖਿਆ ਬੋਹੜ ਹੇਠ ਇੱਕ ਮਦਾਰੀ ਦੇ ਦੁਆਲੇ ਲੋਕ ਜੁੜ ਰਹੇ ਸਨ। ਮਦਾਰੀ ਕਦੇ ਤੇਜ਼ ਡਮਰੂ ਵਜਾਉਂਦਾ ਕਦੇ ਹੌਲੀ, ਕਦੇ ਬੰਸਰੀ ਦੀ ਇੱਕ ਧੁਨ ਤੇ ਕਦੇ ਦੂਜੀ। ਫਿਰ ਉਸ ਨੇ ਇਹ ਸਾਜ਼ ਵਜਾਉਣੇ ਬੰਦ ਕਰ ਦਿੱਤੇ। ਉਹ ਆਪਣੀ ਪਟਾਰੀ ‘ਚੋਂ ਇੱਕ-ਇੱਕ ਕਰ ਕੇ ਚੀਜ਼ਾਂ ਕੱਢਣ ਲੱਗਾ। ਕੁਝ ਦੇਰ ਪਿੱਛੋਂ ਉਸ ਨੇ ਤਮਾਸ਼ਾ ਸ਼ੁਰੂ ਕਰ ਦਿੱਤਾ। ਪਹਿਲਾ ਤਮਾਸ਼ਾ ਤਾਸ਼ ਦੇ ਪੱਤਿਆਂ ਦਾ ਸੀ। ਉਸ ਨੇ ਦਰਸ਼ਕਾਂ ਨੂੰ ਇੱਕ ਤਾਸ਼ ਦਾ ਪੱਤਾ ਵਿਖਾਇਆ। ਫਿਰ ਉਸ ਨੂੰ ਬਿਨਾਂ ਛੇੜਿਆਂ ਅਜਿਹੇ ਢੰਗ ਨਾਲ ਹੱਥ ਨਾਲ ਹਿਲਾਇਆ ਕਿ ਉਹ ਪੱਤਾ ਬਦਲ ਗਿਆ। ਏਨੇ ਨੂੰ ਹੋਰ ਦਰਸ਼ਕ ਆ ਗਏ। ਹੁਣ ਲੋਕ ਪੂਰੀ ਦਿਲਚਸਪੀ ਨਾਲ ਤਮਾਸ਼ਾ ਵੇਖ ਰਹੇ ਸਨ। ਉਸ ਨੇ ਕੁਝ ਗੋਲੇ ਚੁੱਕੇ। ਪਹਿਲਾਂ ਇੱਕ, ਫਿਰ ਦੂਜਾ, ਮੁੜ ਤੀਜਾ। ਇਸ ਤਰ੍ਹਾਂ ਉਸ ਨੇ ਇਕੱਠੇ ਸੱਤ ਗੋਲੇ ਉੱਪਰ ਨੂੰ ਉਛਾਲਣੇ ਸ਼ੁਰੂ ਕੀਤੇ ਅਤੇ ਉਹ ਗੋਲਿਆਂ ਨੂੰ ਵਾਰੀ-ਵਾਰੀ ਹੱਥ ਵਿੱਚ ਬੋਚਦਾ ਸੀ। ਅਗਲੇ ਖੇਲ ਵਿੱਚ ਮਦਾਰੀ ਨੇ ਸਾਰੇ ਲੋਕਾਂ ਨੂੰ ਇੱਕ ਖ਼ਾਲੀ ਡੱਬਾ ਵਿਖਾਇਆ। ਇਸ ਪਿੱਛੋਂ ਉਸ ਨੇ ਕੁਝ ਕਾਗ਼ਜ਼ ਦੇ ਟੁਕੜਿਆਂ ਨੂੰ ਅੱਗ ਲਗਾ ਕੇ ਡੱਬੇ ਵਿੱਚ ਸੁੱਟ ਦਿੱਤਾ। ਉਸ ਨੇ ਡੱਬੇ ਨੂੰ ਉੱਤੋਂ ਢੱਕਣ ਲਗਾ ਕੇ ਬੰਦ ਕਰ ਦਿੱਤਾ। ਇੱਕ ਮਿੰਟ ਪਿੱਛੋਂ ਡੱਬੇ ਦਾ ਢੱਕਣ ਚੁੱਕਿਆ ਅਤੇ ਅੰਦਰੋਂ ਮਠਿਆਈ ਦੀਆਂ ਵੱਖ-ਵੱਖ ਚਾਰ ਕਿਸਮਾਂ ਕੱਢ ਦਿੱਤੀਆਂ। ਇਸ ਪਿੱਛੋਂ ਮਦਾਰੀ ਨੇ ਮੁੰਦਰੀ ਗੁੰਮ ਕਰਨ ਵਾਲਾ ਅਤੇ ਰੱਸੀ ਦੀ ਗੰਢ ਅਲੋਪ ਕਰਨ ਵਾਲੇ ਖੇਲ ਅਤੇ ਕੁਝ ਹੋਰ ਕਰਤਬ ਵਿਖਾਏ। ਅੰਤ ਵਿੱਚ ਉਸ ਨੇ ਆਪਣਾ ਹੈਟ ਲੈ ਕੇ ਇੱਕ ਪਾਸਿਉਂ ਦਰਸ਼ਕਾਂ ਦੇ ਗੋਲ ਦਾਇਰੇ ਦਾ ਚੱਕਰ ਲਗਾਉਣਾ ਸ਼ੁਰੂ ਕਰ ਦਿੱਤਾ। ਲੋਕ ਇਸ ਹੈਟ ਵਿੱਚ ਪੈਸੇ ਪਾਉਂਦੇ ਗਏ ਤੇ ਹੌਲੀ-ਹੌਲੀ ਚਲਦੇ ਗਏ। ਹੁਣ ਤਮਾਸ਼ਾ ਖ਼ਤਮ ਹੋ ਗਿਆ ਸੀ।