ਪੈਰਾ ਰਚਨਾ : ਅਖਬਾਰਾਂ ਦੀ ਸਾਰਥਿਕਤਾ


ਵਾਕਫ਼ੀਅਤ ਦੀ ਭੁੱਖ ਅਥਵਾ ਗਿਆਨ ਪ੍ਰਾਪਤ ਕਰਨ ਦੀ ਇੱਛਾ ਮਨੁੱਖ ਦੀ ਮਹੱਤਵਪੂਰਨ ਰੁਚੀ ਹੈ। ਅਖ਼ਬਾਰਾਂ ਇਸ ਕੰਮ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ। ਸਵੇਰੇ ਉੱਠਦੇ ਸਾਰ ਹੀ ਹਰ ਵਿਅਕਤੀ ਅਖ਼ਬਾਰ ਦੇਖਣਾ ਚਾਹੁੰਦਾ ਹੈ ਅਤੇ ਜਾਣਨਾ ਚਾਹੁੰਦਾ ਹੈ ਕਿ ਬੀਤੇ ਦਿਨ ਵਿੱਚ ਦੁਨੀਆਂ ਵਿੱਚ ਕੀ ਵਿਸ਼ੇਸ਼ ਘਟਨਾਵਾਂ ਵਾਪਰੀਆਂ ਹਨ। ਅਖ਼ਬਾਰਾਂ ਵਿੱਚ ਜਿੱਥੇ ਵਿਸ਼ੇਸ਼ ਘਟਨਾਵਾਂ ਦੀਆਂ ਖ਼ਬਰਾਂ ਹੁੰਦੀਆਂ ਹਨ ਉੱਥੇ ਨਾਲ ਹੀ ਮੰਡੀਆਂ ਦੇ ਭਾਅ, ਮੌਸਮ ਦਾ ਹਾਲ, ਵਿਦਵਾਨਾਂ ਦੇ ਲੇਖ, ਚਲੰਤ ਮਸਲਿਆਂ ਬਾਰੇ ਚਰਚਾ ਅਤੇ ਜਨਤਾ ਦੀਆਂ ਸ਼ਿਕਾਇਤਾਂ ਵੀ ਛਾਪੀਆਂ ਦੀਆਂ ਜਾਂਦੀਆਂ ਹਨ। ਅਖ਼ਬਾਰਾਂ ਨਿਰੀ-ਪੁਰੀ ਅਜਿਹੀ ਵਾਕਫ਼ੀਅਤ ਹੀ ਨਹੀਂ ਦਿੰਦੀਆਂ ਸਗੋਂ ਇਸ ਬਾਰੇ ਆਪਣੀ ਰਾਏ ਵੀ ਦਿੰਦੀਆਂ ਹਨ। ਆਮ ਲੋਕਾਂ ਕੋਲ ਦੇਸ ਦੀਆਂ ਸਮੱਸਿਆਵਾਂ ਬਾਰੇ ਸੋਚਣ ਦੀ ਫ਼ੁਰਸਤ ਅਤੇ ਸਮਰੱਥਾ ਨਹੀਂ ਹੁੰਦੀ। ਅਖ਼ਬਾਰਾਂ ਦੇ ਮੁੱਖ ਸੰਪਾਦਕ ਲੋਕਾਂ ਦੀ ਥਾਂ ਸੋਚ ਕੇ, ਦਲੀਲਾਂ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਕਿਸੇ ਮਸਲੇ ਸੰਬੰਧੀ ਸਾਡੀ ਠੀਕ ਰਾਏ ਅਤੇ ਠੀਕ ਵਤੀਰਾ ਕੀ ਹੋਣਾ ਚਾਹੀਦਾ ਹੈ। ਅਖ਼ਬਾਰਾਂ ਇੱਕ ਵੱਡੀ ਤਾਕਤ ਹਨ ਪਰ ਅਜੋਕੇ ਯੁੱਗ ਵਿੱਚ ਕਈ ਸਸਤੇ ਅਤੇ ਪ੍ਰਚਾਰ ਕਰਨ ਵਾਲ਼ੇ ਅਖ਼ਬਾਰ ਵੀ ਹਨ। ਅਜਿਹੇ ਅਖ਼ਬਾਰ ਸੱਚ ਤੋਂ ਦੂਰ ਰਹਿ ਕੇ ਆਪਣਾ ਪ੍ਰਚਾਰ ਕਰਨਾ ਚਾਹੁੰਦੇ ਹਨ। ਪਰ ਇਹ ਗ਼ਲਤ ਰੁਚੀ ਹੈ। ਅਖ਼ਬਾਰਾਂ ਦੇ ਸੰਪਾਦਕਾਂ ਨੂੰ ਦੇਸ ਅਤੇ ਸਮਾਜ ਪ੍ਰਤਿ ਆਪਣੀ ਜ਼ੁੰਮੇਵਾਰੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਅਖ਼ਬਾਰਾਂ ਨੂੰ ਜਨਤਾ ਅਤੇ ਸਰਕਾਰ ਨੂੰ ਵੀ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਣ ਦੀ ਪੇ੍ਰਨਾ ਦੇਣੀ ਚਾਹੀਦੀ ਹੈ। ਲੋੜ ਇਸ ਗੱਲ ਦੀ ਹੈ ਕਿ ਭੰਡੀ-ਪ੍ਰਚਾਰ ਨੂੰ ਛੱਡ ਕੇ ਸੰਜਮ ਨਾਲ ਸੱਚ ਨੂੰ ਬਿਆਨ ਕੀਤਾ ਜਾਵੇ ਤਾਂ ਹੀ ਇਹ ਅਖ਼ਬਾਰ ਦੇਸ ਦੀ ਸੱਚੀ ਸੇਵਾ ਅਤੇ ਜਨਤਾ ਦੀ ਯੋਗ ਅਗਵਾਈ ਕਰ ਸਕਦੇ ਹਨ।