ਪੂਰਨ ਭਗਤ – ਸਾਰ

ਪ੍ਰਸ਼ਨ.  ਪੂਰਨ ਭਗਤ ਦੀ ਦੰਤ – ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਸਿਆਲਕੋਟ ਦੇ ਰਾਜੇ ਸਲਵਾਨ ਦੀਆਂ ਦੋ ਰਾਣੀਆਂ ਸਨ, ਇਕ ਇੱਛਰਾਂ ਅਤੇ ਦੂਜੀ ਲੂਣਾ। ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪੂਰਨ ਰੱਖਿਆ ਗਿਆ। ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜੇ ਸਲਵਾਨ ਨੂੰ ਇਹ ਵਹਿਮ ਪਾ ਦਿੱਤਾ ਕਿ ਬਾਰ੍ਹਾਂ ਵਰ੍ਹਿਆਂ ਤੱਕ ਪੁੱਤਰ ਦਾ ਮੂੰਹ ਵੇਖਣਾ ਉਸ ਲਈ ਅਸ਼ੁੱਭ ਹੋਵੇਗਾ।

ਇਹ ਵੀ ਕਿਹਾ ਜਾਂਦਾ ਹੈ ਕਿ ਜੋਤਸ਼ੀਆਂ ਨੇ ਪੂਰਨ ਨੂੰ ਰਾਜੇ ਤੋਂ ਦੂਰ ਰੱਖਣ ਦੀ ਸਾਜ਼ਿਸ਼ ਲੂਣਾ ਨੇ ਘੜੀ ਸੀ। ਫਲਸਰੂਪ ਰਾਜੇ ਸਲਵਾਨ ਨੇ ਪੂਰਨ ਨੂੰ ਬਾਰ੍ਹਾਂ ਵਰ੍ਹਿਆਂ ਤੱਕ ਭੋਰੇ ਵਿਚ ਰੱਖਣ ਦਾ ਹੁਕਮ ਦਿੱਤਾ।

ਬਾਰ੍ਹਾਂ ਵਰ੍ਹੇ ਬੀਤਣ ਪਿੱਛੋਂ ਪੂਰਨ ਭੋਰਿਉਂ ਨਿਕਲ ਕੇ ਪਿਤਾ ਨੂੰ ਮਿਲਣ ਲਈ ਗਿਆ। ਪਿਤਾ ਨੇ ਪੂਰਨ ਨੂੰ ਪਿਆਰ ਕੀਤਾ ਤੇ ਕਿਹਾ ਕਿ ਉਹ ਆਪਣੀਆਂ ਮਾਵਾਂ ਨੂੰ ਮਿਲ ਕੇ ਆਵੇ। ਪਹਿਲਾਂ ਉਹ ਲੂਣਾ ਦੇ ਮਹਿਲਾਂ ਵਿਚ ਜਾਵੇ ਅਤੇ ਫਿਰ ਰਾਣੀ ਇੱਛਰਾਂ ਨੂੰ ਮਿਲੇ।

ਆਪਣੇ ਪਿਤਾ ਦੇ ਹੁਕਮ ਅਨੁਸਾਰ ਪੂਰਨ ਲੂਣਾਂ ਨੂੰ ਪ੍ਰਣਾਮ ਕਰਨ ਗਿਆ, ਪਰ ਜਵਾਨ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਲੂਣਾ ਢੰਗ ਰਹਿ ਗਈ। ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਦੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਉਹ ਇਕ ਮਾਂ ਸੀ।

ਪੂਰਨ ਨਿਰਾਸ਼ ਹੋ ਕੇ ਕਾਹਲੀ – ਕਾਹਲੀ ਲੂਣਾ ਦੇ ਮਹਿਲ ਵਿੱਚੋਂ ਨਿਕਲ ਆਇਆ। ਲੂਣਾ ਨੂੰ ਇਸ ਗੱਲੋਂ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਸ ਦੀ ਇੱਛਾ ਨੂੰ ਠੁਕਰਾ ਦਿੱਤਾ ਹੈ। ਉਸ ਨੇ ਉਸ ਤੋਂ ਬਦਲਾ ਲੈਣ ਦੀ ਠਾਣ ਲਈ।

ਉਸ ਨੇ ਆਪਣੇ ਕੱਪੜੇ ਪਾੜ ਕੇ ਵਾਲ ਖਿਲਾਰ ਲਏ ਅਤੇ ਰਾਜੇ ਦੇ ਮਹਿਲਾਂ ਵਿਚ ਆਉਣ ਤੱਕ ਮੰਦਾ ਹਾਲ ਕਰਕੇ ਪੈ ਗਈ। ਰਾਜੇ ਦੁਆਰਾ ਉਸ ਦੇ ਹਾਲੋਂ ਬੇਹਾਲ ਹੋਣ ਦਾ ਕਾਰਣ ਪੁੱਛਣ ਤੇ ਲੂਣਾ ਨੇ ਊਜ ਲਾਉਂਦਿਆਂ ਕਿਹਾ ਕਿ ਪੂਰਨ ਮਾਂ – ਪੁੱਤਰ ਦੇ ਰਿਸ਼ਤੇ ਦਾ ਸਤਿਕਾਰ ਭੁੱਲ ਕੇ ਉਸ ਦੀ ਸੁੰਦਰਤਾ ਵੇਖ ਕੇ ਉਸ ਤੇ ਡੁੱਲ੍ਹ ਗਿਆ।

ਰਾਜੇ ਸਲਵਾਨ ਨੇ ਲੂਣਾ ਦੀਆਂ ਤੁਹਮਤਾਂ ਨੂੰ ਸੱਚ ਮੰਨ ਕੇ ਤਤਕਾਲ ਪੂਰਨ ਨੂੰ ਸੱਦਿਆ ਤੇ ਬਿਨਾਂ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦੇ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ।

ਜਲਾਦ ਪੂਰਨ ਨੂੰ ਫੜ ਕੇ ਲੈ ਗਏ। ਉਨ੍ਹਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ। ਉਨ੍ਹਾਂ ਉਸ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ – ਪੈਰ ਕੱਟ ਕੇ ਉਸ ਨੂੰ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।

ਸਮਾਂ ਪਾ ਕੇ ਉਸ ਰਾਹੋਂ ਜੋਗੀ ਗੋਰਖ ਨਾਥ ਅਤੇ ਉਨ੍ਹਾਂ ਦੇ ਚੇਲਿਆਂ ਦੀ ਟੋਲੀ ਲੰਘੀ। ਉਨ੍ਹਾਂ ਨੇ ਖੂਹ ਵਿੱਚੋਂ ‘ਹਾਏ – ਹਾਏ’ ਦੀ ਦਰਦ ਭਰੀ ਅਵਾਜ਼ ਸੁਣ ਕੇ ਉਸ ਵਿਚ ਪੂਰਨ ਨੂੰ ਵੇਖਿਆ। ਗੁਰੂ ਗੋਰਖ ਨਾਥ ਦੇ ਪੁੱਛਣ ਤੇ ਪੂਰਨ ਨੇ ਆਪਣੀ ਸਾਰੀ ਹੱਡ – ਬੀਤੀ ਸੁਣਾਈ। ਗੁਰੂ ਗੋਰਖ ਨਾਥ ਨੇ ਪੂਰਨ ਦਾ ਸੱਚ ਪਰਖਣ ਲਈ ਕੱਚੇ ਸੂਤਰ ਦਾ ਧਾਗਾ ਖੂਹ ਵਿੱਚ ਲਮਕਾਇਆ। ਪੂਰਨ ਕੱਚੇ ਧਾਗੇ ਨੂੰ ਫੜ ਕੇ ਖੂਹ ਵਿੱਚੋਂ ਬਾਹਰ ਆ ਗਿਆ। ਗੁਰੂ ਗੋਰਖ ਨਾਥ ਨੇ ਆਪਣੀ ਸ਼ਕਤੀ ਨਾਲ ਉਸ ਨੂੰ ਨੌਂ – ਬਰ – ਨੌਂ ਕਰ ਦਿੱਤਾ। ਇਸ ਪਿੱਛੋਂ ਪੂਰਨ ਗੁਰੂ ਗੋਰਖ ਨਾਥ ਤੋਂ ਜੋਗ ਲੈ ਕੇ ਜੋਗੀ ਬਣ ਗਿਆ।

ਗੁਰੂ ਗੋਰਖ ਨਾਥ ਦੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ – ਸਮੇਂ ਤੇ ਨਗਰਾਂ ਵਿਚ ਭਿਖਿਆ ਲੈਣ ਜਾਂਦਾ। ਇਕ ਵਾਰੀ ਪੂਰਨ ਰਾਣੀ ਸੁੰਦਰਾਂ ਦੇ ਮਹਿਲੀਂ ਭਿਖਿਆ ਮੰਗਣ ਗਿਆ। ਰਾਣੀ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉੱਤੇ ਡੁੱਲ੍ਹ ਗਈ। ਉਸ ਨੇ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਪਾ ਦਿੱਤਾ।

ਪੂਰਨ ਣੇ ਮੋਤੀ ਗੁਰੂ ਗੋਰਖ ਨਾਥ ਅੱਗੇ ਢੇਰੀ ਕੀਤੇ। ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ ਕਿ ਮੋਤੀ ਉਨ੍ਹਾਂ ਦੇ ਕਿਸੇ ਕੰਮ ਦੇ ਨਹੀਂ, ਉਨ੍ਹਾਂ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ। ਪੂਰਨ ਮੋਤੀ ਲੈ ਕੇ ਵਾਪਸ ਸੁੰਦਰਾਂ ਦੇ ਮਹਿਲੀਂ ਜਾ ਪੁੱਜਾ ਤੇ ਉਸ ਤੋਂ ਮੋਤੀਆਂ ਦੀ ਥਾਂ ਭੋਜਨ ਦੀ ਮੰਗ ਕੀਤੀ। ਸੁੰਦਰਾਂ ਖ਼ੂਬ ਪਕਵਾਨ ਬਣਵਾ ਕੇ ਆਪ ਗੋਰਖ ਨਾਥ ਦੇ ਡੇਰੇ ਆ ਪੁੱਜੀ ਤੇ ਬੜੇ ਪਿਆਰ ਨਾਲ ਸਾਰੇ ਜੋਗੀਆਂ ਨੂੰ ਭੋਜਨ ਛਕਾਇਆ। ਗੋਰਖ ਨਾਥ ਸੁੰਦਰਾਂ ਦੀ ਸ਼ਰਧਾ ਵੇਖ ਕੇ ਤਰੁੱਠ ਪਿਆ ਅਤੇ ਉਸ ਨੇ ਸੁੰਦਰਾਂ ਦੀ ਮੰਗ ਅਨੁਸਾਰ ਉਸ ਨੂੰ ਪੂਰਨ ਬਖਸ਼ ਦਿੱਤਾ। ਸੁੰਦਰਾਂ ਖ਼ੁਸੀ – ਖੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲਾਂ ਵਿਚ ਆ ਗਈ। ਪਰ ਪੂਰਨ ਨੂੰ ਸੁੰਦਰਾਂ ਦੇ ਮਹਿਲੀਂ ਕੋਈ ਖੁਸ਼ੀ ਨਹੀਂ ਸੀ ਮਿਲ ਰਹੀ।

ਸੁੰਦਰਾਂ ਨੇ ਪੂਰਨ ਨੂੰ ਕਿਹਾ ਕਿ ਉਹ ਉਸ ਦੇ ਖੁਸ਼ ਰਹਿਣ ਤੇ ਹੀ ਖੁਸ਼ ਹੋ ਸਕੇਗੀ। ਪੂਰਨ ਨੇ ਸਾਰੇ ਅਡੰਬਰਾਂ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾਂ ਨੂੰ ਦੱਸੀ। ਸੁੰਦਰਾਂ ਨੇ ਕੋਈ ਉਜਰ ਨਾ ਕੀਤਾ ਤੇ ਪੂਰਨ ਮੁੜ ਗੁਰੂ ਗੋਰਖ ਨਾਥ ਕੋਲ ਆ ਗਿਆ।

ਲੰਮਾਂ ਸਮਾਂ ਬੀਤਣ ਮਗਰੋਂ ਇਕ ਵਾਰੀ ਪੂਰਨ ਜੋਗੀ, ਜੋ ਕਿ ਇਕ ਭਗਤ ਦੇ ਤੌਰ ਤੇ ਪ੍ਰਸਿੱਧ ਹੋ ਚੁੱਕਾ ਸੀ, ਸਿਆਲਕੋਟ ਵਿਚ ਗਿਆ। ਪੂਰਨ ਦੇ ਆਉਣ ਨਾਲ ਰਾਜੇ ਦਾ ਸੁੱਕਾ ਬਾਗ ਹਰਾ ਹੋ ਗਿਆ। ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਯੋਗ ਵਿਚ ਰੋ – ਰੋ ਕੇ ਅੰਨ੍ਹੀ ਹੋ ਚੁੱਕੀ ਸੀ। ਉਹ ਪੂਰਨ ਭਗਤ ਦੇ ਦਰਸ਼ਨਾਂ ਲਈ ਆਈ। ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀਆਂ ਅੱਖਾਂ ਠੀਕ ਹੋ ਗਈਆਂ।

ਉੱਧਰ ਔਲਾਦ ਨਾ ਹੋਣ ਕਰਕੇ ਨਿਰਾਸ਼ ਹੋਈ ਲੂਣਾਂ ਵੀ ਰਾਜੇ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ। ਪੂਰਨ ਭਗਤ ਨੇ ਕਿਹਾ ਕਿ ਰਾਜਾ ਸਲਵਾਨ ਦੇ ਇਕ ਪੁੱਤਰ ਪਹਿਲਾਂ ਹੈ ਸੀ, ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ?

ਹੁਣ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਪੂਰਨ ਨੇ ਲੂਣਾਂ ਨੂੰ ਚੌਲ਼ਾਂ ਦਾ ਇਕ ਦਾਣਾ ਖਾਣ ਲਈ ਦਿੱਤਾ ਤੇ ਅਸ਼ੀਰਵਾਦ ਦਿੱਤਾ ਕਿ ਉਨ੍ਹਾਂ ਦੇ ਘਰ ਇਕ ਮਹਾਂਬਲੀ ਪੁੱਤਰ ਪੈਦਾ ਹੋਵੇਗਾ। ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ, ਜੋ ਪਿੱਛੋਂ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ।

ਇਸੇ ਸਮੇਂ ਪੂਰਨ ਭਗਤ ਨੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦੱਸ ਦਿੱਤਾ। ਰਾਜਾ ਸਲਵਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲਣ ਲਈ ਕਿਹਾ ਪਰ ਉਸ ਨੇ ਨਿਮਰਤਾ ਨਾਲ ਕਿਹਾ ਕਿ ਉਹ ਤਿਆਗੀ ਹੈ ਤੇ ਮਾਇਆ ਦੇ ਬੰਧਨਾਂ ਨਾਲ ਉਸ ਦਾ ਕੋਈ ਮੋਹ ਨਹੀਂ।

ਕੁੱਝ ਦਿਨ ਉੱਥੇ ਰਹਿ ਕੇ ਪੂਰਨ ਅੱਗੇ ਚੱਲ ਪਿਆ।