ਪਾਤਰ – ਸੁਖਦੇਵ – ਦੂਜਾ ਵਿਆਹ (ਇਕਾਂਗੀ)
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਇਕਾਂਗੀ – ਦੂਜਾ ਵਿਆਹ ਦੇ ਪਾਤਰਾਂ ਦਾ ਪਾਤਰ ਚਿਤਰਨ ਕਰੋ ।
ਸੁਖਦੇਵ
ਸੁਖਦੇਵ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ‘ਦੂਜਾ ਵਿਆਹ’ ਦਾ ਇਕ ਪ੍ਰਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਬੇਟਾ ਹੈ ਅਤੇ ਸੁਖਦੇਵ ਕੌਰ ਦਾ ਭਰਾ। ਮਨਜੀਤ ਕੌਰ ਉਸ ਦੀ ਪਤਨੀ ਹੈ। ਸੁਖਦੇਵ ਸਿੰਘ ਇਕ ਫ਼ੌਜੀ ਹੈ।
ਨਵੀਂ ਪੀੜ੍ਹੀ ਦਾ ਨੌਜਵਾਨ – ਸੁਖਦੇਵ ਸਿੰਘ ਅਗਾਂਹਵਧੂ ਖਿਆਲਾਂ ਵਾਲਾ ਨੌਜਵਾਨ ਹੈ। ਉਹ ਨਹੀਂ ਚਾਹੁੰਦਾ ਹੈ ਕਿ ਉਸ ਦੀ ਪਤਨੀ ਉਸ ਨੂੰ ਸਰਦਾਰ ਜੀ ਕਹੇ। ਸਗੋਂ ਉਹ ਉਸਨੂੰ ਆਪਣਾ ਨਾਂ ਲੈ ਕੇ ਬੁਲਾਉਣ ਲਈ ਕਹਿੰਦਾ ਹੈ।
ਆਪਣੀ ਮਾਂ ਦੇ ਸੁਭਾਅ ਤੋਂ ਜਾਣੂ – ਉਹ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਹੈ। ਇਸੇ ਕਰਕੇ ਉਹ ਉਸਦੀ ਹਰ ਗੱਲ ਨੂੰ ਹਾਸੇ ਵਿੱਚ ਪਾ ਛੱਡਦਾ ਹੈ।
ਜਦੋਂ ਉਸਦੀ ਮਾਂ ਉਸਦੇ ਦੂਜੇ ਵਿਆਹ ਦੀ ਗੱਲ ਕਰਦੀ ਹੈ ਤਾਂ ਉਹ ਕਹਿੰਦਾ ਹੈ ਕਿ ਚੰਗਾ ਹੋਵੇਗਾ ਕਿ ਮਨਜੀਤ ਉਸ ਕੋਲ ਛਾਉਣੀ ਵਿੱਚ ਰਿਹਾ ਕਰੂ ਤੇ ਦੂਸਰੀ ਪਤਨੀ ਉਸਦੇ ਕੋਲ।
ਹਾਲਾਂਕਿ ਉਹ ਆਪਣੀ ਮਾਂ ਦੇ ਇਸ ਦਰਦ ਨੂੰ ਵੀ ਸਮਝਦਾ ਹੈ ਕਿ ਉਸ ਦੀ ਮਾਂ ਨੂੰ ਜਾਪਦਾ ਹੈ ਕਿ ਇਸਤਰੀ ‘ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੈ ਕਿਉਂਕਿ ਉਸ ਨੂੰ ਉਸ ਦੇ ਪਤੀ ਗੁਰਦਿੱਤ ਸਿੰਘ ਕੋਲੋਂ ਇਹ ਧਮਕੀ ਮਿਲਦੀ ਰਹੀ ਸੀ।
ਆਪਣੇ ਕੰਮ ਆਪ ਕਰਨ ਵਾਲਾ – ਉਹ ਆਪਣੇ ਕੰਮ ਆਪ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜਦੋਂ ਮਨਜੀਤ ਉਸਦੇ ਨਹਾਉਣ ਦਾ ਪ੍ਰਬੰਧ ਕਰਦੀ ਹੈ ਤਾਂ ਉਹ ਉਸਨੂੰ ਕਹਿੰਦਾ ਹੈ ਕਿ ਉਹ ਆਪਣਾ ਰਸੋਈ ਦਾ ਕੰਮ ਕਰੇ। ਉਹ ਆਪਣੇ ਆਪ ਹੀ ਨਹਾ ਲਏਗਾ।
ਆਪਣੀ ਭੈਣ ਨੂੰ ਪਿਆਰ ਕਰਨ ਵਾਲਾ – ਉਹ ਆਪਣੀ ਭੈਣ ਦੇ ਘਰ ਲਈ ਫ਼ਿਕਰਮੰਦ ਹੈ। ਜਦੋਂ ਉਹ ਆਪਣੀ ਭੈਣ ਦੀ ਚਿੱਠੀ ਪੜ੍ਹਦਾ ਹੈ ਤੇ ਆਪਣੇ ਜੀਜੇ ਦੇ ਦੂਜੇ ਵਿਆਹ ਦੀ ਧਮਕੀ ਬਾਰੇ ਜਾਣਦਾ ਹੈ ਤੇ ਗੁੱਸੇ ਨਾਲ ਕਹਿੰਦਾ ਹੈ “ਮਖੌਲ ਈ ਐ ਦੂਜਾ ਬਿਆਹ ! ਅਸੀਂ ਮਰ ਗਏ ਆਂ ! ਮੁਜਾਰਿਆਂ ਨਾਲੋਂ ਵੀ ਮਾੜੇ ਆਂ ਅਸੀਂ ?”
ਮਾਤਾ – ਪਿਤਾ ਦਾ ਸਤਿਕਾਰ ਕਰਨ ਵਾਲਾ – ਉਹ ਆਪਣੇ ਮਾਤਾ – ਪਿਤਾ ਨੂੰ ਪਿਆਰ ਵੀ ਕਰਦਾ ਹੈ ਤੇ ਉਨ੍ਹਾਂ ਦਾ ਸਤਿਕਾਰ ਵੀ ਕਰਦਾ ਹੈ।