ਪਾਤਰ – ਨਿਹਾਲ ਕੌਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ

ਇਕਾਂਗੀ – ਦੂਜਾ ਵਿਆਹ ਦੇ ਪਾਤਰਾਂ ਦਾ ਪਾਤਰ ਚਿਤਰਨ ਕਰੋ


ਨਿਹਾਲ ਕੌਰ

ਨਿਹਾਲ ਕੌਰ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ‘ਦੂਜਾ ਵਿਆਹ’ ਦੀ ਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ ਹੈ। ਉਸਦੇ ਦੋ ਬੱਚੇ ਹਨ – ਸੁਖਦੇਵ ਸਿੰਘ ਅਤੇ ਸੁਖਦੇਵ ਕੌਰ। ਮਨਜੀਤ ਕੌਰ ਉਸ ਦੀ ਨੂੰਹ ਹੈ।

ਪੇਂਡੂ ਸੱਭਿਆਚਾਰ ਨੂੰ ਦਰਸਾਉਣ ਵਾਲੀ – ਨਿਹਾਲ ਕੌਰ ਨਿਰੋਲ ਪੇਂਡੂ ਜੀਵਨ ਨੂੰ ਦਰਸਾਉਂਦੀ ਪਾਤਰ ਹੈ। ਔਰਤਾਂ ਦਾ ਚਰਖਾ ਕੱਤਣਾ ਅਤੇ ਤੜਕ ਸਾਰ ਕੰਮ ਤੋਂ ਵਿਹਲੇ ਹੋਣਾ ਸਾਡੇ ਪੇਂਡੂ ਸੱਭਿਆਚਾਰ ਵਿੱਚ ਆਮ ਸੀ।

ਕਾਹਲੇ ਸੁਭਾਅ ਵਾਲੀ – ਨਿਹਾਲ ਕੌਰ ਕਾਹਲੇ ਸੁਭਾਅ ਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਨੂੰਹ ਉਸ ਦੇ ਕਹਿਣ ਤੋਂ ਪਹਿਲਾਂ ਹੀ ਸਾਰੇ ਕੰਮ ਕਰ ਲਵੇ ਜਾਂ ਫਿਰ ਬਿਲਕੁਲ ਉਸਦੇ ਕਹੇ ਅਨੁਸਾਰ ਚੱਲੇ।

ਉਹ ਆਪਣੇ ਮੁੰਡੇ ਦੇ ਆਉਣ ਤੇ ਵੀ ਆਪਣੀ ਇਸ ਆਦਤ ਨੂੰ ਕਾਬੂ ਨਹੀਂ ਕਰਦੀ। ਸਗੋਂ ਉਸ ਨਾਲ ਵੀ ਗਿਲੇ ਸ਼ਿਕਵੇ ਕਰਨ ਲੱਗ ਜਾਂਦੀ ਹੈ।

ਨੂੰਹ ਵਿੱਚ ਨੁਕਸ ਕੱਢਣ ਵਾਲੀ – ਨੁਕਸ ਕੱਢਣਾ ਉਸ ਦੇ ਕਿਰਦਾਰ ਵਿੱਚ ਸ਼ਾਮਲ ਹੈ। ਕਦੇ ਉਹ ਆਪਣੀ ਨੂੰਹ ਦੇ ਦੇਰ ਨਾਲ ਕੰਮ ਕਰਨ ਤੇ ਪਰੇਸ਼ਾਨ ਹੁੰਦੀ ਹੈ। ਕਦੇ ਉਸ ਦੇ ਸਜਣ ਸੰਵਰਨ ਵਿੱਚ ਨੁਕਸ ਕੱਢਦੀ ਹੈ। 

ਕਦੇ ਅੱਗ ਬਾਲਣ ਤੇ, ਕਦੇ ਆਟਾ ਗੁੰਨਣ ਤੇ, ਕਦੇ ਜ਼ਿਆਦਾ ਗੱਲ ਕਰਨ ਤੇ, ਕਦੇ ਚੁੱਪ ਰਹਿਣ ਤੇ, ਗੱਲ ਕਿ ਉਸਨੂੰ ਆਪਣੀ ਨੂੰਹ ਵਿੱਚ ਨੁਕਸ ਹੀ ਨੁਕਸ ਨਜ਼ਰ ਆਉਂਦੇ ਹਨ। 

ਇਸੇ ਕਾਰਨ ਤਾਂ ਉਸਦੀ ਨੂੰਹ ਮਨਜੀਤ ਵੀ ਆਖਦੀ ਹੈ – “ਚੰਗਾ ਮਾਂਜੀ, ਤੁਸੀਂ ਤਾਂ ਕਿਸੇ ਲੋਟ ਵੀ ਰਾਸ ਨਹੀਂ ਆਉਣਾ।”

ਆਪਣੇ ਪੁੱਤਰ ਤੇ ਮਾਣ ਕਰਨ ਵਾਲੀ – ਨਿਹਾਲ ਕੌਰ ਨੂੰ ਆਪਣੇ ਪੁੱਤਰ ਸੁਖਦੇਵ ‘ਤੇ ਬੜਾ ਮਾਣ ਹੈ। ਉਹ ਆਪਣੀ ਨੂੰਹ ਨੂੰ ਇਹ ਗੱਲ ਵਾਰ – ਵਾਰ ਚਿਤਾਰਦੀ ਹੈ ਕਿ ਉਸ ਦਾ ਪੁੱਤਰ ਬੜਾ ਹੀ ਕਹਿਣੇਕਾਰ ਤੇ ਉਸ ਦਾ ਸਤਿਕਾਰ ਕਰਨ ਵਾਲਾ ਹੈ। ਉਹ ਆਪਣੇ ਪੁੱਤਰ ਨੂੰ ਕਹਿ ਕੇ ਉਸ ਨੂੰ ਝਿੜਕਾਂ ਵੀ ਪੁਆ ਦਿੰਦੀ ਹੈ।

ਪਰੰਪਰਾ ਵਿੱਚ ਵਿਸ਼ਵਾਸ ਰੱਖਣ ਵਾਲੀ – ਨਿਹਾਲ ਕੌਰ ਨੂੰ ਪਰੰਪਰਾ ਵਿੱਚ ਬਹੁਤ ਵਿਸ਼ਵਾਸ ਹੈ। ਇਸੇ ਲਈ ਉਹ ਆਪਣੀ ਨੂੰਹ ਨੂੰ ਆਪਣੇ ਪਤੀ ਦਾ ਨਾਂ ਲੈਣ ਤੋਂ ਰੋਕਦੀ ਹੈ। ਨੂੰਹਾਂ ਦਾ ਘੁੰਡ ਨਾ ਕੱਢਣਾ ਅਤੇ ਸਹੁਰੇ ਘਰ ਵਿੱਚ ਦਗੜ – ਦਗੜ ਕਰਨਾ ਉਸਨੂੰ ਬਿਲਕੁਲ ਪਸੰਦ ਨਹੀਂ ਹੈ।

ਆਪਣੀ ਧੀ ਪ੍ਰਤੀ ਫ਼ਿਕਰਮੰਦ ਰਹਿਣ ਵਾਲੀ – ਨਿਹਾਲ ਕੌਰ ਆਪਣੀ ਵਿਆਹੁਤਾ ਧੀ ਲਈ ਬੜਾ ਫ਼ਿਕਰਮੰਦ ਰਹਿੰਦੀ ਹੈ। ਉਹ ਬੜੇ ਉਚੇਚ ਨਾਲ ਆਪਣੀ ਧੀ ਦੇ ਖ਼ਤ ਉਡੀਕਦੀ ਹੈ।

ਜਦੋਂ ਉਸਨੂੰ ਇਹ ਪਤਾ ਲੱਗਦਾ ਹੈ ਕਿ ਸੁਖਦੇਵ ਕੌਰ ਦਾ ਪਤੀ ਬਲਵੰਤ ਸਿੰਘ ਸ਼ਰਾਬ ਪੀ ਕੇ ਉਸ ਨੂੰ ਮਾਰਨ ਪੈਂਦਾ ਹੈ ਅਤੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦਾ ਹੈ ਤੇ ਉਹ ਰੋਣ ਲੱਗ ਪੈਂਦੀ ਹੈ।

ਆਪਣੀ ਗ਼ਲਤੀ ਤੇ ਪਛਤਾਉਣ ਵਾਲੀ – ਉਹ ਵਕਤ ਦੇ ਅਨੁਸਾਰ ਬਦਲ ਜਾਂਦੀ ਹੈ। ਜਦੋਂ ਤੱਕ ਤਾਂ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦੇ ਡੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਸੀ ਤਾਂ ਉਹ ਇਸਤਰੀ ਸਭਾ ਨੂੰ ਬੁਰਾ ਕਹਿੰਦੀ ਸੀ।

ਜਦੋਂ ਉਸ ਦੀ ਧੀ ਤੇ ਆਣ ਬਣੀ ਤਾਂ ਉਹ ਇਸਤਰੀ ਸਭਾ ਦੀ ਸਹਾਇਤਾ ਬਾਰੇ ਆਪਣੀ ਨੂੰਹ ਤੋਂ ਪੁੱਛਣ ਲੱਗ ਪਈ। ਇੱਥੋਂ ਤੱਕ ਕਿ ਉਹ ਆਪਣੀ ਨੂੰਹ ਤੋਂ ਇਸ ਗੱਲ ਲਈ ਵੀ ਮਾਫ਼ੀ ਮੰਗਦੀ ਹੈ ਕਿ ਉਸਨੇ ਮਨਜੀਤ ਨੂੰ ਬਹੁਤ ਤੰਗ ਤੇ ਪਰੇਸ਼ਾਨ ਕੀਤਾ।