ਪਾਤਰ ਦਾ ਚਰਿੱਤਰ ਚਿਤਰਨ : ਦਾਦੀ
ਇਕਾਂਗੀ : ਗੁਬਾਰੇ
ਪ੍ਰਸ਼ਨ 1. ਦਾਦੀ ਦਾ ਚਰਿੱਤਰ ਚਿਤਰਨ ਕਰੋ।
ਉੱਤਰ : ਦਾਦੀ ‘ਗੁਬਾਰੇ’ ਇਕਾਂਗੀ ਦੀ ਮੁੱਖ ਪਾਤਰ ਹੈ। ਉਸਦੇ ਸਿਰ ਦੇ ਵਾਲ ਚਿੱਟੇ ਹਨ। ਉਸਦੇ ਪੰਜ ਪੋਤੇ-ਪੋਤਰੀਆਂ ਦੀਪੀ ਬੱਬੀ, ਰਾਜੂ, ਵਿੱਕੀ ਤੇ ਰਿੱਕੀ ਹਨ। ਉਹ ਬਜ਼ੁਰਗ ਹੈ ਤੇ ਉਸਦੇ ਸਰੀਰ ਵਿਚ ਦਰਦਾਂ ਹੁੰਦੀਆਂ ਰਹਿੰਦੀਆਂ ਹਨ। ਉਹ ਮੰਜੇ ਉੱਤੇ ਵੀ ਬੈਠੀ ਰਹਿੰਦੀ ਹੈ ਤੇ ਸੋਟੀ ਫੜ ਕੇ ਇਧਰ-ਉਧਰ ਫਿਰ-ਤੁਰ ਵੀ ਲੈਂਦੀ ਹੈ। ਉਸਨੂੰ ਖੰਘ ਵੀ ਆਉਂਦੀ ਹੈ। ਉਹ ਆਪਣੇ ਪੁੱਤਰ-ਨੂੰਹ ਨਾਲ ਰਹਿੰਦੀ ਹੈ। ਉਸਦਾ ਛੋਟੇ ਪੋਤਰੇ ਰਾਜੂ ਨਾਲ ਵਧੇਰੇ ਪਿਆਰ ਹੈ।
ਪੋਤੇ-ਪੋਤਰੀਆਂ ਨੂੰ ਪਿਆਰ ਕਰਨ ਵਾਲੀ : ਉਹ ਆਪਣੇ ਪੋਤੇ-ਪੋਤਰੀਆਂ ਨੂੰ ਪਿਆਰ ਕਰਦੀ ਹੈ। ਉਹ ਉਨ੍ਹਾਂ ਨੂੰ ਛਾਤੀ ਨਾਲ ਲਾਉਂਦੀ, ਗਲਵਕੜੀ ਪਾਉਂਦੀ, ਉਨ੍ਹਾਂ ਨੂੰ ਚੁੰਮ ਕੇ ਆਪਣਾ ਮੂੰਹ ਸੁੱਚਾ ਕਰਦੀ ਹੈ ਅਤੇ ਜੇਕਰ ਉਹ ਨਾ ਦਿਸਣ ਤਾਂ ਅੱਖਾਂ ਭਰ ਲੈਂਦੀ ਹੈ।
ਰੌਲਾ ਨਾ ਪਸੰਦ ਕਰਨ ਵਾਲੀ : ਦਾਦੀ ਰੌਲਾ ਪਸੰਦ ਨਹੀਂ ਕਰਦੀ। ਜਦੋਂ ਬੱਚੇ ਖੇਡਦੇ ਹੋਏ ਰੋਲਾ ਪਾਉਂਦੇ ਹਨ, ਤਾਂ ਉਹ ਖਿਝ ਜਾਂਦੀ ਹੈ। ਰੌਲੇ ਕਾਰਨ ਉਹ ਦੁਖੀ ਹੁੰਦੀ ਹੈ ਤੇ ਉਹ ਬੱਚਿਆਂ ਨੂੰ ਖੇਡ ਛੱਡ ਕੇ ਪੜ੍ਹਾਈ ਕਰਨ ਲਈ ਕਹਿੰਦੀ ਹੈ।
ਵਹਿਮਾਂ-ਭਰਮਾਂ ਦੀ ਸ਼ਿਕਾਰ : ਦਾਦੀ ਨੂੰ ਦੁਨੀਆ ਭਰ ਦੇ ਵਹਿਮ ਲੱਗੇ ਹੋਏ ਹਨ। ਇਸ ਪੱਖ ਤੋਂ ਉਹ ਇਕ ਨਮੂਨੇ ਦੀ ਬੁੱਢੀ ਹੈ। ਉਸ ਨੂੰ ਚਾਬੀਆਂ ਤੇ ਕੈਂਚੀ ਖੜਕਾਉਣਾ ਸੁਖੀ ਵਸਦੇ ਘਰ ਵਿਚ ਕਲੇਸ਼ ਪੈਦਾ ਕਰਨ ਵਾਲੀ ਗੱਲ ਲਗਦੀ ਹੈ। ਉਹ ਰਾਤ ਨੂੰ ਝਾੜੂ ਫੇਰਨ, ਰਾਤੀਂ ਨਹੁੰ ਕੱਟਣ, ਰਾਤੀ ਦੇਣ ਕੱਸਣ, ਰਾਤੀਂ ਸਿਰ ਵਾਹੁਣ, ਸਿਰ ਦੇ ਭਾਰ ਮੰਜਾ ਖੜਾ ਕਰਨ, ਬੂਟ ਪਾ ਕੇ ਸੌਣ, ਵੀਰਵਾਰ ਨੂੰ ਸਿਰ ਧੋਣ, ਮੰਗਲ ਤੇ ਸ਼ਨੀ ਨੂੰ ਕੱਪੜੇ ਆਦਿ ਧੋਣ ਦਾ ਵਹਿਮ ਕਰਦੀ ਹੈ। ਉਹ ਭੂਤਾਂ, ਪ੍ਰੇਤਾਂ ਤੇ ਚੁੜੇਲਾਂ ਵਿਚ ਵੀ ਵਿਸ਼ਵਾਸ਼ ਕਰਦੀ ਹੈ।
ਬੱਚਿਆਂ ਵਿੱਚ ਡਰ ਪਾ ਕੇ ਰੱਖਣ ਵਾਲੀ : ਉਹ ਬੱਚਿਆਂ ਵਿਚ ਭੂਤਾਂ ਤੇ ਚੁੜੇਲਾਂ ਦੇ ਡਰ ਪਾਉਣ ਲਈ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਹਾਣੀਆ ਸੁਣਾਉਂਦੀ ਹੈ। ਉਹ ਚੰਦਰਮੁਖੀ ਦੀ ਗਾਥਾ ਸੁਣਾ ਕੇ ਰਾਜੂ ਨੂੰ ਡਰਾ ਦਿੰਦੀ ਹੈ, ਜਿਸਦੇ ਬਾਪ ਸ਼੍ਰਿੰਗਟੋ ਭੂਤ ਦੇ ਬੋਹੜ ਦੀ ਦਾੜ੍ਹੀ ਵਰਗੇ ਵਾਲ, ਚੁੱਲ੍ਹਿਆਂ ਵਰਗੀਆਂ ਨਾਸਾਂ ਅਤੇ ਲਕੜਾਂ ਦੇ ਟਾਲ ਵਰਗੀਆਂ ਜਟਾਂ ਸਨ, ਜੋ ਕਿ ਘਰੋਂ ਬਾਹਰ ਜਾਣ ਲੱਗਾ ਆਪਣੀ ਧੀ ਦੇ ਹਜ਼ਾਰ ਟੁਕੜੇ ਕਰ ਦਿੰਦਾ ਸੀ ਤੇ ਘਰ ਆ ਕੇ ਉਸ ਨੂੰ ਫਿਰ ਜੋੜ ਲੈਂਦਾ ਸੀ। ਉਹ ਬੱਚਿਆਂ ਨੂੰ ਦੱਸਦੀ ਹੈ ਕਿ ਇਕ ਵਾਰੀ ਉਸਨੇ ਭੂਤਾਂ ਦੇ ਸਰਦਾਰ ਨੂੰ ਹੱਸਦਿਆਂ ਵੇਖਿਆ ਸੀ। ਉਸ ਦੀਆਂ ਅਜਿਹੀਆਂ ਕਹਾਣੀਆਂ ਦਾ ਬੱਚਿਆਂ ਦੇ ਮਨ ਤੇ ਡਰ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਇਸੇ ਕਾਰਨ ਰਾਜੂ ਨੂੰ ਰਾਤੀਂ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਉਸਦੀ ਨੂੰਹ ਉਸਦੇ ਪੋਤਿਆ ਵੱਜ ਪੋਤਰੀਆਂ ਪ੍ਰਤੀ ਅਜਿਹੇ ਰਵੱਈਏ ਨੂੰ ਪਸੰਦ ਨਹੀਂ ਕਰਦੀ। ਇਕਾਂਗੀ ਦੇ ਅੰਤ ਵਿਚ ਉਸਨੂੰ ਸਮਝ ਲੱਗ ਜਾਂਦੀ ਹੈ ਕਿ ਅਜੋਕੇ ਤੇਜ਼ ਰਫ਼ਤਾਰੀ ਦੇ ਯੁਗ ਵਿਚ ਬੱਚੇ ਡੈਣਾਂ, ਚੁੜੇਲਾਂ ਤੇ ਹੋਰ ਵਹਿਮਾਂ ਨੂੰ ਨਹੀਂ ਮੰਨਦੇ।
ਪੁੱਠੀਆਂ ਗੱਲਾਂ ਕਰਨ ਵਾਲੀ : ਬੱਚਿਆਂ ਨੂੰ ਦਾਦੀ ਪੁੱਠੀਆਂ ਗੱਲਾਂ ਕਰਨ ਵਾਲੀ ਜਾਪਦੀ ਹੈ। ਜਦੋਂ ਕੁੱਝ ਕਰੋ, ਤਾਂ ਉਹ ਕਹਿੰਦੀ ਹੈ ਇਹ ਨਹੀਂ ਕਰਨਾ। ਜੇ ਨਾ ਕਰੋ, ਉਹ ਕਹਿੰਦੀ ਇਹ ਕਰਨਾ ਹੈ। ਬੈਠਣ ਲੱਗੋ ਤਾਂ ਉਹ ਕਹਿੰਦੀ ਹੈ, ਖੇਡੋ। ਜੇਕਰ ਉਹ ਖੇਡਣ ਤਾਂ ਉਹ ਕਹਿੰਦੀ ਹੈ, ਚੁੱਪ ਕਰ ਜਾਵੋ। ਜੇਕਰ ਉਹ ਚੁੱਪ ਕਰਦੇ ਹਨ, ਤਾਂ ਉਹ ਕਹਿੰਦੀ ਹੈ ਕਿ ਉਹ ਬੋਲਦੇ ਨਹੀਂ। ਜੇਕਰ ਉਹ ਬੋਲਣ, ਤਾਂ ਉਹ ਕਹਿੰਦੀ ਹੈ ਕਿ ਰੌਲਾ ਪੈਂਦਾ ਹੈ l। ਇਸ ਪ੍ਰਕਾਰ ਬੱਚਿਆਂ ਨੂੰ ਉਹ ਪੁੱਠੀਆਂ ਗੱਲਾਂ ਕਰਦੀ ਤੇ ਹਰ ਗੱਲ ਨੂੰ ‘ਮਾੜੀ ਉਣ ਹੁੰਦੀ ਹੈ’ ਕਹਿ ਕੇ ਕਰਨ ਨਹੀਂ ਦਿੰਦੀ।
ਅਜੋਕੇ ਬੱਚਿਆਂ ਤੋਂ ਪਰੇਸ਼ਾਨ ਤੇ ਨਿਰਾਸ਼ : ਉਹ ਅਜੋਕੇ ਬੱਚਿਆਂ ਨੂੰ ਚੁੱਪ ਨਾ ਰਹਿੰਦੇ ਤੇ ਵਹਿਮਾਂ-ਭਰਮਾਂ ਨੂੰ ਨਾ ਮੰਨਦੇ ਦੇਖ ਕੇ ਬਹੁਤ ਪਰੇਸ਼ਾਨ ਹੁੰਦੀ ਹੈ। ਉਹ ਕਹਿੰਦੀ ਹੈ, ਪਤਾ ਨਹੀਂ ਇਹ ਯੁਗ ਕੈਸਾ, ਚੱਜ ਦਾ ਕੋਈ ਬੱਚਾ ਨਹੀਂ……..। ਬੱਚਿਆਂ ਦੇ ਸਿਰ ਉੱਤੇ ਸ਼ਰਮ-ਹਯਾ ਦਾ ਕੁੰਡਾ ਨਹੀਂ। ਉਹ ਉਨ੍ਹਾਂ ਨੂੰ ਰੁੜ੍ਹ-ਪੁੜ ਜਾਣੇ ਤੇ ਖ਼ਸਮਾਂ ਖਾਣੇ ਆਖ ਕੇ ਸ਼ਰਮ ਕਰਨ ਲਈ ਕਹਿੰਦੀ ਹੋਈ ਉਨ੍ਹਾਂ ਤੋਂ ਨਿਰਾਸਤਾ ਦੇ ਭਾਵ ਪ੍ਰਗਟ ਕਰਦੀ ਹੈ ਤੇ ਕਹਿੰਦੀ ਹੈ, “ਇਆਣੀ ਯਾਰੀ ਸਦਾ ਖੁਆਰੀ।”
ਅੰਤ ਵਿਚ ਸਮਝ ਜਾਣ ਵਾਲੀ : ਇਕਾਂਗੀ ਦੇ ਅੰਤ ਵਿਚ ਉਹ ਬੱਚਿਆਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋਏ ਦੇਖ ਕੇ ਅਨੁਭਵ ਕਰਦੀ ਹੈ ਕਿ ਹੁਣ ਉਹ ਡੈਣਾਂ ਤੇ ਚੁੜੇਲਾਂ ਦੇ ਵਹਿਮਾਂ ਦੀ ਗੱਲ ਨਹੀਂ ਚਲ ਸਕਦੀ। ਉਸਦੇ ਵਹਿਮਾਂ ਦੇ ਬਾਵਜੂਦ ਵੀ ਬੱਚੇ ਉਸਨੂੰ ਪਿਆਰ ਕਰਦੇ ਹਨ।