ਪਾਤਰ ਚਿਤਰਨ : ਸੰਤੀ
ਇਕਾਂਗੀ : ਪਰਤ ਆਉਣ ਤਕ
ਪ੍ਰਸ਼ਨ. ਸੰਤੀ ਦਾ ਚਰਿੱਤਰ ਚਿਤਰਨ ਕਰੋ।
ਉੱਤਰ : ਸੰਤੀ ‘ਪਰਤ ਆਉਣ ਤਕ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਸੁੰਦਰ ਦੀ ਪਤਨੀ ਹੈ। ਜਿੰਦਾ (ਰਾਜਿੰਦਰ) ਉਸ ਦਾ ਪੁੱਤਰ ਹੈ। ਕਰਤਾਰੀ ਉਸ ਦੀ ਭੈਣ ਵੀ ਹੈ ਤੇ ਜਿਠਾਣੀ ਵੀ। ਉਸ ਦਾ ਬਜ਼ੁਰਗ ਸਹੁਰਾ ਘਰ ਦੇ ਵਿਹੜੇ ਵਿਚ ਪਿੱਛੇ ਕਰ ਸਾਂਝੀ ਥਾਂ ਵਿਚ ਬਣੇ ਢਾਰੇ ਵਿਚ ਰਹਿੰਦਾ ਹੈ।
ਬਦਲੇਖ਼ੋਰ : ਉਹ ਬਦਲੇਖ਼ੋਰ ਹੈ। ਜਦੋਂ ਸੰਤੀ ਉਸ ਵਿਰੁੱਧ ਬਜ਼ੁਰਗ ਸਹੁਰੇ ਕੋਲ ਕਣਕ ਨੂੰ ਨਜ਼ਰ ਲਾਉਣ ਦੀ ਗੱਲ ਕਰਦੀ ਹੈ ਤਾਂ ਇਹ ਇਕ ਦਮ ਬਦਲਾ ਲੈਂਦੀ ਹੋਈ ਉਸ ਉੱਤੇ ਮੋੜਵੀਂ ਉਜ ਲਾਉਂਦੀ ਹੈ ਕਿ ਉਸ ਦੁਆਰਾ ਉਸਦੀ ਦੁੱਧ ਦੀ ਭਰੀ ਬਾਲਣ ਨੂੰ ਨਜ਼ਰ ਲਾਉਣ ਕਰਕੇ ਦੁੱਧ ਨੂੰ ਬਿੱਲੀ ਜੂਠਾ ਕਰ ਗਈ ਹੈ। ਇਸੇ ਤਰ੍ਹਾਂ ਉਹ ਉਸ ਤੋਂ ਉਸ ਦੀ ਹਰ ਕੌੜੀ ਗੱਲ ਤੇ ਧਮਕੀ ਦਾ ਉਸੇ ਦੀ ਸੁਰ ਵਿਚ ਬਦਲਾ ਲੈਂਦੀ ਹੈ। ਉਸ ਦੇ ਪੁੱਤਰ ਜਿੰਦੇ ਅਨੁਸਾਰ ਉਹ ਕਹਿੰਦੀ ਹੈ ਕਿ ‘ਉਹ ਕਿਸੀ ਸੇ ਕੰਮ ਨਹੀਂ।’
ਵਹਿਮੀ : ਉਹ ਨਜ਼ਰ ਲੱਗਣ ਦਾ ਵਹਿਮ ਕਰਦੀ ਹੈ ਤੇ ਕਰਤਾਰੀ ਉੱਤੇ ਆਪਣੀ ਦੁੱਧ ਦੀ ਭਰੀ ਬਾਲਟੀ ਨੂੰ ਨਜ਼ਰ ਲਾਉਣ ਦਾ ਦੋਸ਼ ਲਾਉਂਦੀ ਹੈ।
ਘਰ ਵਿਚ ਦਹਿਸ਼ਤ ਪਾ ਕੇ ਰੱਖਣ ਵਾਲੀ : ਉਹ ਘਰ ਵਿਚ ਆਪਣੇ ਕੌੜੇ ਸੁਭਾ ਦੀ ਦਹਿਸ਼ਤ ਪਾ ਕੇ ਰੱਖਦੀ ਹੈ। ਇਸੇ ਕਰਕੇ ਜਦੋਂ ਉਹ ਖੇਤਾਂ ਵਿਚ ਗਈ ਸੀ, ਤਾਂ ਜਿੰਦਾ ਤੇ ਦੀਪਾ ਜ਼ਰਾ ਖੁੱਲ੍ਹ ਕੇ ਆਪਣੀਆਂ ਮਾਂਵਾਂ ਦੇ ਕੌੜੇ ਸੁਭਾ ਬਾਰੇ ਗੱਲ ਕਰਦੇ ਹਨ। ਜਿੰਦਾ ਬਾਬਾ ਜੀ ਨੂੰ ਚਾਹ ਪਿਲਾਉਣ ਲਈ ਬੁਲਾਉਂਦਾ ਹੋਇਆ ਕਹਿੰਦਾ ਹੈ, “ਮਖਾਂ ਬਾਬਾ ਜੀ, ਆਜੋ ਬਾਹਰ। ਫ਼ੌਜਾਂ ਸ਼ਿਵਰਾਂ ਮੇਂ ਗਈ ਹੋਈ ਹੈਂ । ਮੈਦਾਨੇ-ਜੰਗ ਸ਼ਾਂਤ ਐ।”
ਬਿੜਕਾਂ ਲੈਣ ਵਾਲੀ : ਉਹ ਇਸ ਗੱਲ ਦੀਆਂ ਬਿੜਕਾਂ ਲੈਂਦੀ ਰਹਿੰਦੀ ਹੈ ਕਿ ਕਦੋਂ ਕਰਤਾਰੀ ਉਸ ਵਿਰੁੱਧ ਕੋਈ ਗੱਲ ਕਰੇ ਤੇ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਵੇ। ਪੰਜਵੇਂ ਦ੍ਰਿਸ਼ ਵਿਚ ਜਦੋਂ ਕਰਤਾਰੀ ਆਪਣੇ ਘਰ ਵਿਚ ਬੈਠੀ ਉਸ ਦੇ ਝਗੜੇ ਬਾਰੇ ਆਪਣੇ ਆਪ ਨਾਲ ਗੱਲਾਂ ਕਰਦੀ ਹੈ, ਤਾਂ ਇਹ ਉਸੇ ਵਕਤ ਉਸਨੂੰ ਵੱਧ ਕੇ ਮੋੜਵਾਂ ਜਵਾਬ ਦਿੰਦੀ ਹੈ।
ਪਤੀ ਦਾ ਨਿਰਾਦਰ ਨਾ ਸਹਿਣ ਵਾਲੀ : ਜਦੋਂ ਕਰਤਾਰੀ ਇਸਦੇ ਪਤੀ ਨੂੰ ‘ਮਾਊਂ-ਜਿਹਾ’ ਕਹਿੰਦੀ ਹੈ, ਤਾਂ ਇਹ ਉਸ ਵਲੋਂ ਕੀਤਾ ਆਪਣੇ ਪਤੀ ਦਾ ਨਿਰਾਦਰ ਨਹੀਂ ਸਹਿੰਦੀ ਤੇ ਕਹਿੰਦੀ ਹੈ, ‘ਜ਼ਬਾਨ ਸੰਭਾਲ ਕੇ ਗੱਲ ਕਰ ਨੀ ਵੱਡੀਏ ਰਕਾਨੇ।’
ਸਹੁਰੇ ਦਾ ਖ਼ਿਆਲ ਰੱਖਣ ਵਾਲੀ : ਸੰਤੀ ਭਾਵੇਂ ਕਰਤਾਰੀ ਦੇ ਸੰਬੰਧ ਵਿਚ ਲੜਾਕੀ ਤੇ ਬਦਲੇਖ਼ੋਰ ਹੈ, ਪਰ ਸਹੁਰੇ ਦੇ ਢਿੱਲੇ ਹੋਣ ਬਾਰੇ ਸੁਣ ਕੇ ਉਹ ਸੁੰਦਰ ਨੂੰ ਕਹਿੰਦੀ ਹੈ ਕਿ ਉਹ ਜਾ ਕੇ ਬਜ਼ੁਰਗ ਦੀ ਖ਼ਬਰ ਲਵੇ।