ਪਾਤਰ ਚਿਤਰਨ : ਲੇਖਕ ਦੀ ਪਤਨੀ
ਪ੍ਰਸ਼ਨ 2. ਕਹਾਣੀ ‘ਮਾੜਾ ਬੰਦਾ’ ਦੇ ਲੇਖਕ ਦੀ ਪਤਨੀ ਦਾ ਪਾਤਰ ਚਿਤਰਨ ਕਰੋ।
ਉੱਤਰ : ‘ਮਾੜਾ ਬੰਦਾ’ ਕਹਾਣੀ ਵਿੱਚ ਲੇਖਕ ਦੀ ਪਤਨੀ ਦਾ ਚਰਿੱਤਰ ਅਹਿਮ ਭੂਮਿਕਾ ਅਦਾ ਕਰਦਾ ਹੈ। ਲੇਖਕ ਦੀ ਪਤਨੀ ਸਬਜ਼ੀ ਮੰਡੀ ਤੋਂ ਇੱਕ ਰਿਕਸ਼ੇ ਵਾਲ਼ਾ ਦੋ ਰੁਪਏ ਵਿੱਚ ਕਿਰਾਏ ‘ਤੇ ਲੈਂਦੀ ਹੈ। ਘਰ ਪਹੁੰਚ ਕੇ ਕੀਤੇ ਇਕਰਾਰ ਅਨੁਸਾਰ ਪੈਸੇ ਵੀ ਦੇ ਦਿੰਦੀ ਹੈ। ਇੱਥੇ ਹੀ ਅਸਲ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਕਹਾਣੀ ਵਿੱਚ ਪੇਸ਼ ਲੇਖਕ ਦੀ ਪਤਨੀ ਦਾ ਪਾਤਰ-ਚਿਤਰਨ ਹੇਠ ਲਿਖੇ ਅਨੁਸਾਰ ਹੈ :
(1) ਛੇਤੀ ਪਿਘਲ ਜਾਣ ਵਾਲ਼ੀ : ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨੂੰ ਤਿੰਨ ਰੁਪਏ ਦੇਣ ਲਈ ਤਿਆਰ ਸੀ। ਉਸ ਨੂੰ ਲੱਗਦਾ ਸੀ ਕਿ ਦੋ-ਢਾਈ ਰੁਪਏ ਦੀ ਤਾਂ ਲੇਖਕ ਸਿਗਰਟ ਪੀ ਲੈਂਦਾ ਹੈ। ਰੁਪਈਆ ਦੋ ਰੁਪਏ ਉਹਨਾਂ ਦੇ ਬੱਚੇ ਰੋਜ਼ ਖ਼ਰਚ ਕਰ ਲੈਂਦੇ ਹਨ। ਇਸ ਲਈ ਰਿਕਸ਼ੇ ਵਾਲ਼ੇ ਨੂੰ ਤਿੰਨ ਰੁਪਏ ਦੇ ਦੇਣੇ ਚਾਹੀਦੇ ਹਨ।
(2) ਪਤੀ ਅਨੁਸਾਰ ਚੱਲਣ ਵਾਲ਼ੀ : ਲੇਖਕ ਦੀ ਪਤਨੀ ਚਾਹੁੰਦੀ ਹੋਈ ਵੀ ਰਿਕਸ਼ੇ ਵਾਲ਼ੇ ਨੂੰ ਪੈਸੇ ਨਹੀਂ ਦਿੰਦੀ ਕਿਉਂਕਿ ਲੇਖਕ ਨੇ ਉਸ ਨੂੰ ਮਨ੍ਹਾਂ ਕਰ ਦਿੱਤਾ ਸੀ।
(3) ਰਿਕਸ਼ੇ ਵਾਲੇ ਲਈ ਚਿੰਤਾਤੁਰ : ਉਹ ਵਾਰ-ਵਾਰ ਆਨੇ-ਬਹਾਨੇ ਰਿਕਸ਼ੇ ਵਾਲ਼ੇ ਨੂੰ ਦੇਖਦੀ ਹੈ। ਉਹ ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇਣਾ ਚਾਹੁੰਦੀ ਹੈ ਤਾਂ ਕਿ ਮਸਲਾ ਹੱਲ ਹੋ ਜਾਵੇ ਪਰ ਪਤੀ ਦੀ ਹਉਮੈਂ ਅੱਗੇ ਕੁਝ ਨਹੀਂ ਕਰਦੀ।
(4) ਮੱਧ ਵਰਗੀ ਸ਼੍ਰੇਣੀ ਦੀ ਸੋਚ ਵਾਲੀ : ਲੇਖਕ ਦੀ ਪਤਨੀ ਮੱਧ ਵਰਗੀ ਪਰਿਵਾਰ ਦੀ ਸੋਚ ਦੀ ਪ੍ਰਤਿਨਿਧਤਾ ਕਰਦੀ ਹੈ। ਉਹ ਮਸਲੇ ਨੂੰ ਹਰ ਹਾਲਤ ਵਿੱਚ ਹੱਲ ਕਰ ਕੇ ਸੁਰਖ਼ਰੂ ਹੋ ਜਾਣਾ ਚਾਹੁੰਦੀ ਹੈ।
(5) ਹੱਕ ਮਾਰਨ ਦਾ ਅਹਿਸਾਸ : ਅੰਤ ‘ਤੇ ਜਦੋਂ ਰਿਕਸ਼ੇ ਵਾਲਾ ਚਲਾ ਜਾਂਦਾ ਹੈ ਤਾਂ ਲੇਖਕ ਤੇ ਉਸ ਦੀ ਪਤਨੀ ਲਾਅਨ ਵਿੱਚ ਬੈਠ ਜਾਂਦੇ ਹਨ। ਲੇਖਕ ਦੀ ਪਤਨੀ ਤਿੰਨ ਰੁਪਏ ਪਿੰਗਲਵਾੜੇ ਅਤੇ 50 ਪੈਸੇ ਅੱਡੇ ਵਾਲੇ ਮੰਗਤੇ ਨੂੰ ਦੇਣ ਲਈ ਕਹਿੰਦੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੇਖਕ ਦੀ ਪਤਨੀ ਨੂੰ ਰਿਕਸ਼ੇ ਵਾਲ਼ੇ ਦੇ ਹੱਕ ਦਾ ਅੰਦਰੋਂ ਅਹਿਸਾਸ ਸੀ।
ਇਸ ਤਰ੍ਹਾਂ ‘ਮਾੜਾ ਬੰਦਾ’ ਕਹਾਣੀ ਦੇ ਲੇਖਕ ਦੀ ਪਤਨੀ ਸੰਵੇਦਨਸ਼ੀਲ, ਡਰੂ ਅਤੇ ਝਗੜੇ ਤੋਂ ਬਚਣ ਵਾਲ਼ੀ ਇਸਤਰੀ ਹੈ।