ਪਾਤਰ ਚਿਤਰਨ : ਲਾਜੋ


ਇਕ ਹੋਰ ਨਵਾਂ ਸਾਲ : ਲਾਜੋ


ਪ੍ਰਸ਼ਨ. ਲਾਜੋ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਲਾਜੋ ‘ਇਕ ਹੋਰ ਨਵਾਂ ਸਾਲ’ ਨਾਵਲ ਦੀ ਇਕ ਗੌਣ ਪਾਤਰ ਹੈ। ਉਹ ਇਕ ਵਿਚੋਲਣ ਦੇ ਤੌਰ ‘ਤੇ ਮਹੇਸ਼ੀ ਦੀ ਮਾਂ ਨੂੰ ਨਾਲ ਲੈ ਕੇ ਉਸ ਦੇ ਮੁੰਡੇ ਲਈ ਕੁੜੀ ਦਿਖਾਉਣ ਖ਼ਾਤਰ ਬੰਤੇ ਦੇ ਰਿਕਸ਼ੇ ਵਿਚ ਬੈਠਦੀ ਹੈ। ਉਸ ਦੀ ਆਪਣੀ ਧੀ ਦਾ ਨਾਂ ਰਾਜੀ ਹੈ।

ਚੁਸਤ-ਚਲਾਕ : ਲਾਜੋ ਆਮ ਵਿਚੋਲਣਾਂ ਵਾਂਗ ਚੁਸਤ-ਚਲਾਕ ਜ਼ਨਾਨੀ ਹੈ, ਜਿਸ ਦਾ ਕੰਮ ਝੂਠ-ਸੱਚ ਬੋਲ ਕੇ ਕੁੜੀ-ਮੁੰਡੇ ਦੀ ਧਿਰ ਦਾ ਸੰਬੰਧ ਜੋੜਨਾ ਹੈ। ਉਹ ਕੁੜੀ ਦੀ ਸੁੰਦਰਤਾ ਤੇ ਕੁੜੀ ਦੇ ਮਾਪਿਆਂ ਦੁਆਰਾ ਦਿੱਤੇ ਜਾਣ ਵਾਲੇ ਬਹੁਤੇ ਦਾਜ ਦੀਆਂ ਗੱਲਾਂ ਕਰ ਕੇ ਮਹੇਸ਼ੀ ਦੀ ਮਾਂ ਨੂੰ ਰਿਸ਼ਤੇ ਲਈ ਤਿਆਰ ਕਰਦੀ ਹੈ। ਫਿਰ ਉਹ ਇਹ ਵੀ ਤਕਰੀਬ ਕੱਢਦੀ ਹੈ ਕਿ ਮਹੇਸ਼ੀ ਦੇ ਭੈਂਗੇਪਨ ਨੂੰ ਕੁੜੀ ਤੋਂ ਲੁਕਾਉਣ ਲਈ ਕੀ ਕਰਨਾ ਹੈ ਤੇ ਇਸ ਲਈ ਉਹ ਸਲਾਹ ਦਿੰਦੀ ਹੈ ਕਿ ਮੁੰਡੇ ਨੂੰ ਗਰਮੀਆਂ ਵਿਚ ਐਨਕ ਲਾ ਕੇ ਕੁੜੀ ਦੇ ਸਾਹਮਣੇ ਲਿਆਂਦਾ ਜਾਵੇ।

ਅੰਧ-ਵਿਸ਼ਵਾਸੀ : ਉਹ ਸੰਤਾਂ-ਸਾਧਾਂ ਦੀਆਂ ਦਿੱਤੀਆਂ ਪੁੜੀਆਂ ਅਤੇ ਸੁਆਹ ਦੀਆਂ ਚੁਟਕੀਆਂ ਵਿਚ ਵਿਸ਼ਵਾਸ ਕਰਦੀ ਹੈ। ਉਸ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਕਿਰਾਏਦਾਰਨੀ ਫੂਲਾਂ ਰਾਣੀ ਦੇ ਘਰ ਸਾਧ ਦੀਆਂ ਪੁੜੀਆਂ ਖਾ ਕੇ ਹੀ ਦੋ ਮੁੰਡੇ ਉਪਰੋਥਲੀ ਹੋਏ ਹਨ। ਫਿਰ ਉਹ ਇਹ ਵੀ ਦੱਸਦੀ ਹੈ ਕਿ ਇਕ ਵਾਰ ਇਕ ਬਗਲੀ ਵਾਲੇ ਬਾਵੇ ਦੀਆਂ ਮੰਗਾਂ ਪੂਰੀਆਂ ਕਰਨ ‘ਤੇ ਉਸ ਦੀ ਦਿੱਤੀ ਸੁਆਹ ਦੀ ਚੁੱਟਕੀ ਖਾਣ ਨਾਲ ਹੀ ਉਸ ਦੇ ਪਤੀ ਦੀ ਪੁਰਾਣੀ ਖੰਘ ਠੀਕ ਹੋ ਗਈ ਸੀ।