ਪਾਤਰ ਚਿਤਰਨ : ਮੈਡਮ
ਇਕਾਂਗੀ : ਗੁਬਾਰੇ
ਪ੍ਰਸ਼ਨ. ਮੈਡਮ ਦਾ ਚਰਿੱਤਰ ਚਿਤਰਨ ਕਰੋ।
ਉੱਤਰ : ਮੈਡਮ ਬੱਚਿਆਂ ਨੂੰ ਪੜ੍ਹਾਉਂਦੀ ਹੈ। ਇਕਾਂਗੀ ਵਿਚੋਂ ਉਸਦੇ ਚਰਿੱਤਰ ਦੇ ਹੇਠ ਲਿਖੇ ਪੱਖ ਸਪੱਸ਼ਟ ਹੁੰਦੇ ਹਨ :
ਵਹਿਮਾਂ-ਭਰਮਾਂ ਨੂੰ ਫੋਕੇ ਸਮਝਣ ਵਾਲੀ : ਮੈਡਮ ਵਹਿਮਾਂ-ਭਰਮਾਂ ਵਿਚ ਫਸੇ ਬੱਚਿਆਂ ਨੂੰ ਇਨ੍ਹਾਂ ਵਿਚੋਂ ਕੱਢਣ ਲਈ ਕਹਿੰਦੀ ਹੈ ਕਿ ਵਹਿਮ ਭਰਮ ਨਿਰੇ ਗੁਬਾਰੇ ਹਨ, ਜੋ ਕਿ ਹਵਾ ਨਾਲ ਫੁੱਲੇ ਹੋਏ ਤੇ ਪਿਆਰੇ ਲੱਗਦੇ ਹਨ। ਇਹ ਵਹਿਮ ਦੇ ਕੱਚੇ ਧਾਗੇ ਨਾਲ ਉੱਡਦੇ ਹਨ, ਪਰ ਇਨ੍ਹਾਂ ਦੀ ਇਕ ਉਮਰ ਹੁੰਦੀ ਹੈ ਤੇ ਅੰਤ ਇਹ ਆਪ ਹੀ ਡਿਗ ਪੈਂਦੇ ਹਨ। ਇਹ ਸਾਡੇ ਸਰਦਾਰ ਨਹੀਂ, ਸਗੋਂ ਸਾਡੇ ਸੇਵਕ ਹਨ।
ਵਿਗਿਆਨਿਕ ਸੋਚ ਤੇ ਤਰਕ ਨਾਲ ਗੱਲ ਕਰਨ ਵਾਲੀ : ਮੈਡਮ ਵਿਗਿਆਨਿਕ ਸੋਚ ਦੀ ਮਾਲਕ ਹੈ ਤੇ ਤਰਕ ਨਾਲ ਗੱਲ ਕਰਦੀ ਹੈ। ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵਹਿਮ ਕਿਸ ਤਰ੍ਹਾਂ ਉਪਜੇ ਸਨ ਤੇ ਹੁਣ ਇਨ੍ਹਾਂ ਦੀ ਲੋੜ ਕਿਉਂ ਨਹੀਂ। ਉਹ ਦੱਸਦੀ ਹੈ ਕਿ ਕਦੇ ਸਮਾਂ ਸੀ ਲੋਕ ਪੈਦਲ ਦੂਰ ਦੂਰ ਤਕ ਜਾਂਦੇ ਸਨ ਤੇ ਕਈ-ਕਈ ਮਹੀਨਿਆਂ ਬਾਅਦ ਪਰਤਦੇ ਸਨ। ਬਿੱਲੀ ਦੇ ਰਸਤਾ ਕੱਟਣ, ਪਿੱਛੋਂ ਅਵਾਜ਼ ਦੇਣ ਮਗਰੋਂ ਨਿੱਛ ਵੱਜਣ ਆਦਿ ਵਹਿਮ ਮਹਿਮਾਨਾਂ ਨੂੰ ਰੋਕਣ ਦੇ ਨਿਰੇ ਬਹਾਨੇ ਸਨ, ਕਿਉਂਕਿ ਸਮਝਿਆ ਜਾਂਦਾ ਸੀ ਕਿ ਅਗਲਾ ਫਿਰ ਪਤਾ ਨਹੀਂ ਕਦੋਂ ਮੁੜ ਕੇ ਆਵੇ। ਪਰੰਤੂ ਅੱਜ-ਕਲ੍ਹ ਕਿਸੇ ਕੋਲ ਵਿਹਲ ਹੀ ਨਹੀਂ ਤੇ ਹਰ ਇਕ ਦੇ ਸਿਰ ਉੱਤੇ ਕੰਮ ਭਾਰੂ ਹੈ। ਹੁਣ ਇਸ ਵਹਿਮ ਦੀ ਹਵਾ ਹੀ ਨਹੀਂ ਰਹੀ ਤੇ ਇਹ ਗੁਬਾਰਾ ਠੁੱਸ ਹੋ ਗਿਆ ਹੈ। ਅੱਗੇ ਝਾੜੂ ਪੁੱਠਾ ਰੱਖਣ ਤੋਂ ਰੋਕਿਆ ਜਾਂਦਾ ਸੀ ਕਿ ਕੰਧ ਖ਼ਰਾਬ ਨਾ ਹੋਵੇ, ਚਾਬੀਆਂ ਖੜਕਾਉਣ ਤੋਂ ਤਾਂ ਰੋਕਿਆ ਜਾਂਦਾ ਸੀ ਕਿ ਕੋਈ ਡਿਗ ਨਾ ਪਵੇ, ਸਿਰ ਭਾਰ ਮੰਜਾ ਇਸ ਕਰਕੇ ਖੜਾ ਕਰਨ ਤੋਂ ਵਰਜਿਆ ਜਾਂਦਾ ਸੀ, ਤਾਂ ਜੋ ਸੱਪ-ਕੀੜੇ ਨਾ ਚੜ੍ਹ ਜਾਣ, ਰਾਤ ਨੂੰ ਮੰਜੀ ਇਸ ਕਰਕੇ ਨਹੀਂ ਸੀ ਕੱਸਣ ਦਿੱਤੀ ਜਾਂਦੀ, ਤਾਂ ਜੋ ਹੋਰ ਕੰਮ ਨਾ ਰੁਕ ਜਾਣ, ਬੂਟ ਪਾ ਕੇ ਸੌਣ ਨਾਲ ਨੀਂਦ ਚੰਗੀ ਨਹੀਂ ਸੀ ਆਉਂਦੀ ਤੇ ਡਰਾਉਣੇ ਸੁਪਨੇ ਆਉਂਦੇ ਸਨ, ਵੀਰਵਾਰ ਨੂੰ ਸਿਰ ਨਹਾਉਣ ਤੇ ਮੰਗਲ-ਸ਼ਨੀ ਨੂੰ ਕੱਪੜੇ ਧੋਣ ਤੋਂ ਵਰਜਣ ਦਾ ਸੰਬੰਧ ਇਸਤਰੀ ਦੇ ਕੰਮਾਂ ਦੀ ਵੰਡ ਨਾਲ ਹੈ। ਮੈਡਮ ਇਹ ਵੀ ਦੱਸਦੀ ਹੈ ਕਿ ਭੂਤ ਨਹੀਂ ਹੁੰਦੇ। ਭੂਤ ਤਾਂ ਬੀਤਿਆ ਸਮਾਂ ਹੈ, ਜਿਸਨੂੰ ਯਾਦ ਕਰ ਕੇ ਅਸੀਂ ਖ਼ੁਸ਼ ਵੀ ਹੁੰਦੇ ਹਾਂ ਤੇ ਡਰ ਵੀ ਜਾਂਦੇ ਹਾਂ। ਜਦੋਂ ਅਸੀਂ ਨਿਡਰ ਹੁੰਦੇ ਹਾਂ, ਤਾਂ ਭੂਤ ਮਰ ਜਾਂਦਾ ਹੈ। ਇਸ ਗੱਲ ਨੂੰ ਸਮਝਾਉਣ ਲਈ ਉਹ ਇਕ ਮਦਾਰੀ ਦੀ ਮਿਸਾਲ ਦਿੰਦੀ ਹੈ।
ਉਪਦੇਸ਼ਕ : ਉਹ ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨ ਦਾ ਉਪਦੇਸ਼ ਦਿੰਦੀ ਹੈ।