ਪਾਤਰ ਚਿਤਰਨ : ਮਦਾਰੀ


ਇਕਾਂਗੀ : ਗੁਬਾਰੇ


ਪ੍ਰਸ਼ਨ. ਮਦਾਰੀ ਦਾ ਚਰਿੱਤਰ ਚਿਤਰਨ ਕਰੋ ।

ਉੱਤਰ : ਮਦਾਰੀ ‘ਗ਼ੁਬਾਰੇ’ ਇਕਾਂਗੀ ਦਾ ਇਕ ਪਾਤਰ ਹੈ ਅਤੇ ਇਸ ਵਿਚ ਇਕ ਬੱਚਾ ਹੀ ਮਦਾਰੀ ਦੇ ਰੂਪ ਵਿਚ ਆਉਂਦਾ ਹੈ। ਬੱਚੇ ਉਸਨੂੰ ‘ਅੰਕਲ’ ਕਹਿ ਕੇ ਬੁਲਾਉਂਦੇ ਹਨ। ਉਹ ਬੱਚਿਆਂ ਨੂੰ ਭੂਤ ਦਾ ਤਮਾਸ਼ਾ ਦਿਖਾਉਂਦਾ ਹੈ ਤੇ ਬੱਚਿਆਂ ਤੋਂ ਪੈਸੇ ਬਟੋਰਦਾ ਹੈ, ਪਰੰਤੂ ਮਗਰੋਂ ਉਸਦਾ ਪਾਜ ਖੁੱਲ੍ਹ ਜਾਂਦਾ ਹੈ।

ਬੱਚਿਆਂ ਨੂੰ ਗੱਲਾਂ ਨਾਲ ਭੁਚਲਾਉਣ ਵਾਲਾ : ਮਦਾਰੀ ਬੱਚਿਆਂ ਨੂੰ ਗੱਲਾਂ ਨਾਲ ਭੁਚਲਾਉਂਦਾ ਹੈ। ਉਸਦੇ ਕੋਲ ਇਕ ਰੰਗ-ਬਰੰਗਾ ਥੈਲਾ ਹੈ, ਜਿਸ ਬਾਰੇ ਉਹ ਕਹਿੰਦਾ ਹੈ ਕਿ ਇਸ ਵਿਚੋਂ ਬੰਬ ਦਾ ਗੋਲਾ ਨਿਕਲੇਗਾ। ਬੱਚਿਆਂ ਦੇ ਪੁੱਛਣ ਉੱਤੇ ਉਹ ਰੰਗਾਂ ਦੀ ਵੰਡ ਬਾਰੇ ਦੱਸਦਾ ਹੈ ਕਿ ਹਰ ਰੰਗ ਵਿਚ ਦਿਓ ਤੇ ਭੂਤ ਛਿਪੇ ਹੋਏ ਹਨ। ਹਰੇ ਵਿਚ ਹਰਤਾਨੂੰ ਭੂਤ, ਪੀਲੇ ਵਿਚ ਪਿਲਪਾਕੂ, ਨੀਲੇ ਵਿਚ ਨਿਲਕੋਟਾ ਤੇ ਲਾਲ ਵਿਚ ਲਲਕਾਟੂ ਭੂਤ ਛਿਪਿਆ ਹੋਇਆ ਹੈ। ਚਿੱਟੇ ਰੰਗ ਵਿਚ ਚੁੜੇਲਾਂ ਹਨ। ਇਹ ਸਾਰੇ ਭੂਤ ਤੇ ਚੁੜੇਲਾਂ ਸ਼੍ਰਿੰਗਟੋ ਦੇ ਭਰਾ, ਭੈਣਾਂ ਤੇ ਭਰਜਾਈਆਂ ਹਨ। ਇਨ੍ਹਾਂ ਭੂਤਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਫਟ ਜਾਣ ਤਾਂ ਬੰਬ ਦੇ ਗੋਲੇ ਸਮਝੋ। ਉਹ ਥੈਲੇ ਵਿਚ ਪੈਸਾ, ਪੰਜੀ, ਦਸੀ, ਚਵਾਨੀ ਜਾਂ ਅਠਿਆਨੀ ਪਾ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਸਕਦੇ ਹਨ। ਇਸ ਤਰ੍ਹਾਂ ਵਹਿਮਾਂ ਵਿਚ ਪਾ ਕੇ ਉਹ ਬੱਚਿਆਂ ਤੋਂ ਪੈਸੇ ਬਟੋਰਦਾ ਹੈ।

ਪਖੰਡ ਦਾ ਪੋਲ ਦਾ ਖੁੱਲ੍ਹ ਜਾਣਾ : ਇਕ ਸਰਕਸ ਦਾ ਕੁੱਤਾ ਆ ਕੇ ਬੇਧਿਆਨੇ ਹੋਏ ਮਦਾਰੀ ਦਾ ਥੈਲਾ ਥਾਂ-ਥਾਂ ਤੋਂ ਪਾੜ ਦਿੰਦਾ ਹੈ। ਮਦਾਰੀ ਕੁੱਤੇ ਉੱਤੇ ਝਪਟਿਆ, ਪਰ ਕੁੱਤੇ ਨੇ ਥੈਲਾ ਰੁੱਖ ਉੱਤੇ ਸੁੱਟ ਦਿੱਤਾ ਤੇ ਆਪ ਦੌੜ ਗਿਆ। ਮਦਾਰੀ ਲਹੂ-ਲੁਹਾਣ ਹੋ ਗਿਆ। ਪਰ ਬੱਚੇ ਹੱਸ ਰਹੇ ਸਨ, ਕਿਉਂਕਿ ਥੈਲੇ ਵਿਚੋਂ ਨਾ ਕੋਈ ਬੰਬ ਤੇ ਨਾ ਕੋਈ ਭੂਤ-ਚੁੜੇਲ ਨਿਕਲਿਆ ਸੀ। ਥੈਲੇ ਦੀਆਂ ਲੀਰਾਂ ਬੱਚਿਆਂ ਦੇ ਹੱਥ ਵਿਚ ਸਨ। ਉਹ ਮਦਾਰੀ ਨੂੰ ਲੱਭ ਰਹੇ ਸਨ, ਪਰ ਉਹ ਦੌੜ ਗਿਆ ਸੀ। ਇਸ ਤਰ੍ਹਾਂ ਉਸਦੀ ਪੋਲ ਖੁੱਲ੍ਹਣ ਨਾਲ ਬੱਚਿਆਂ ਦਾ ਡਰ ਵੀ ਦੂਰ ਹੋ ਗਿਆ ਸੀ। ਮਦਾਰੀ ਦਾ ਪਖੰਡ ਨੰਗਾ ਹੋ ਗਿਆ ਸੀ।


ਇਕਾਂਗੀ : ਗੁਬਾਰੇ