ਪਾਤਰ ਚਿਤਰਨ : ਬੰਤੇ ਦੀ ਮਾਂ
ਇਕ ਹੋਰ ਨਵਾਂ ਸਾਲ : ਬੰਤੇ ਦੀ ਮਾਂ
ਪ੍ਰਸ਼ਨ. ਬੰਤੇ ਦੀ ਮਾਂ ਦਾ ਚਰਿੱਤਰ ਚਿਤਰਨ 150 ਸ਼ਬਦਾਂ ਵਿਚ ਲਿਖੋ।
ਉੱਤਰ : ਬੰਤੇ ਦੀ ਮਾਂ ‘ਇਕ ਹੋਰ ਨਵਾਂ ਸਾਲ’ ਨਾਵਲ ਦੀ ਇਕ ਗੌਣ ਅਤੇ ਪ੍ਰੋਖ ਪਾਤਰ ਹੈ। ਉਹ ਨਾਵਲ ਵਿਚ ਪ੍ਰਤੱਖ ਤੌਰ ਤੇ ਨਾ ਕਿਸੇ ਕਾਰਜ ਵਿਚ ਹਿੱਸਾ ਲੈਂਦੀ ਹੈ ਤੇ ਨਾ ਹੀ ਕਿਸੇ ਵਾਰਤਾਲਾਪ ਵਿਚ। ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ। ਉਸਦਾ ਇਕ ਪੁੱਤਰ ਬੰਤਾ ਤੇ ਦੋ ਧੀਆਂ ਹੋਰ ਸਨ। ਉਸਦੀ ਆਪਣੀ ਨੂੰਹ ਨਾਲ ਨਹੀਂ ਸੀ ਬਣਦੀ। ਇਸ ਕਰਕੇ ਉਹ ਸ਼ਹਿਰ ਵਿਚ ਬੰਤੇ ਕੋਲ ਨਹੀਂ, ਸਗੋਂ ਪਿੰਡ ਵਿਚ ਰਹਿੰਦੀ ਸੀ। ਉਸ ਦੀਆਂ ਅੱਖਾਂ ਦੇ ਅਪ੍ਰੇਸ਼ਨ ਦੀ ਜ਼ਰੂਰਤ ਸੀ।
ਪੁੱਤਰ ਲਈ ਚਾਵਾਂ ਨਾਲ ਭਰੀ ਹੋਈ : ਬੰਤੇ ਦੀ ਮਾਂ ਹਰ ਮਾਂ ਵਾਂਗ ਪੁੱਤਰ ਦੇ ਵਿਆਹ ਲਈ ਚਾਵਾਂ ਨਾਲ ਭਰੀ ਹੋਈ ਸੀ। ਉਹ ਉਸਨੂੰ ਵਿਆਹ ਲਈ ਰਾਜ਼ੀ ਕਰਨ ਲਈ ਉਸਦੇ ਖਹਿੜੇ ਹੀ ਪੈ ਗਈ ਸੀ ਤੇ ਉਸ ਦੇ ਟਾਲਮਟੋਲ ਦੀ ਪਰਵਾਹ ਨਾ ਕਰਦਿਆ ਉਸਦਾ ਵਿਆਹ ਕਰਾ ਕੇ ਹੀ ਛੱਡਿਆ। ਫਿਰ ਉਹ ਛੇਹਰਟਾ ਸਾਹਿਬ ਗੁਰਦੁਆਰੇ ਜਾ ਕੇ ਬੰਤੇ ਦੇ ਘਰ ਪੁੱਤਰ ਹੋਣ ਦੀ ਮੰਗ ਕਰਦੀ ਹੈ।
ਨੂੰਹ ਪ੍ਰਤੀ ਗੈਰ-ਜ਼ਿੰਮੇਵਾਰ : ਬੰਤੇ ਦੀ ਮਾਂ ਦਾ ਨੂੰਹ ਪ੍ਰਤੀ ਰਵੱਈਆ ਗੈਰ-ਜ਼ਿੰਮੇਵਾਰੀ ਭਰਿਆ ਸੀ। ਉਸਨੇ ਬੰਤੇ ਦੇ ਵਿਆਹ ਉੱਤੇ ਬਹੁਤਾ ਕੁੱਝ ਨਾ ਮਿਲਣ ਕਾਰਨ ਨਰਾਜ਼ ਹੋਈਆਂ ਆਪਣੀਆਂ ਧੀਆਂ ਨੂੰ ਖੁਸ਼ ਕਰਨ ਲਈ ਆਪਣੀ ਨੂੰਹ ਨੂੰ ਦੱਸੇ ਬਿਨਾਂ ਉਸਦੇ ਟਰੰਕ ਵਿਚੋਂ ਕੱਪੜੇ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ, ਜਿਸ ਨਾਲ ਉਹ ਤਾਂ ਖ਼ੁਸ਼ ਹੋ ਗਈਆਂ ਪਰ ਉਸਦੀ ਨੂੰਹ ਨੇ ਮੂੰਹ ਵੱਟ ਲਿਆ। ਇਸ ਤੋਂ ਇਲਾਵਾ ਉਹ ਨੂੰਹ ਨੂੰ ਸਾੜਵੀਆਂ ਗੱਲਾ ਵੀ ਕਹਿੰਦੀ ਰਹਿੰਦੀ ਸੀ, ਜਿਸ ਵਿੱਰੁਧ ਉਹ ਬੰਤੇ ਕੋਲ ਸ਼ਕਾਇਤ ਵੀ ਕਰਦੀ।
ਟੋਕਣ ਦੀ ਆਦਤ ਵਾਲੀ : ਬੰਤੇ ਅਨੁਸਾਰ ਬੇਬੇ ਨੂੰ ਟੋਕਣ ਦੀ ਆਦਤ ਸੀ। ਜੇਕਰ ਉਹ ਬਹੁਤਾ ਹੱਸਦਾ ਤਾਂ ਉਹ ਹੱਸਣ ਤੋਂ ਟੋਕਦੀ ਰਹਿੰਦੀ।
ਗ਼ਰੀਬੀ ਕਰਕੇ ਪ੍ਰੇਸ਼ਾਨ : ਘਰ ਵਿਚ ਗ਼ਰੀਬੀ ਕਾਰਨ ਨੂੰਹ-ਸੱਸ ਪਰੇਸ਼ਾਨ ਰਹਿੰਦੀਆਂ ਸਨ, ਜਿਸ ਕਰਕੇ ਬੇਬੇ ਦਾ ਸੁਭਾਅ ਚਿੜਚਿੜਾ ਹੋ ਗਿਆ ਸੀ। ਬੰਤਾ ਦੇਖਦਾ ਸੀ ਕਿ ਜਿਸ ਦਿਨ ਉਹ ਬਹੁਤੇ ਪੈਸੇ ਕਮਾ ਕੇ ਲਿਆਉਂਦਾ, ਉਸ ਦਿਨ ਨੂੰਹ-ਸੱਸ ਵਿਚ ਕੋਈ ਝਗੜਾ ਨਾ ਹੁੰਦਾ, ਪਰੰਤੂ ਜਿਸ ਦਿਨ ਕਮਾਈ ਘੱਟ ਹੁੰਦੀ ਘਰ ਵਿਚ ਕਲੇਸ ਪੈ ਜਾਂਦਾ।
ਬੰਤੇ ਦੇ ਪਿਆਰ ਤੇ ਸਤਿਕਾਰ ਦੀ ਪਾਤਰ : ਬੇਸ਼ਕ ਉਹ ਆਪਣੇ ਨੂੰਹ-ਪੁੱਤਰ ਤੋਂ ਦੂਰ ਇਕੱਲੀ ਪਿੰਡ ਵਿਚ ਰਹਿੰਦੀ ਸੀ, ਪਰੰਤੂ ਉਸਦਾ ਪੁੱਤਰ ਬੰਤਾ ਉਸਦਾ ਪਿਆਰ ਤੇ ਸਤਿਕਾਰ ਕਰਦਾ ਸੀ। ਉਹ ਉਸਦੀ ਸੇਵਾ ਵਿਚ ਕਸਰ ਨਹੀਂ ਛੱਡਦਾ ਤੇ ਉਸਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਬਾਰੇ ਸੋਚਦਾ ਹੈ।