CBSEEducationNCERT class 10thPunjab School Education Board(PSEB)

ਪਾਤਰ ਚਿਤਰਨ : ਫੁੰਮਣ


ਇਕ ਹੋਰ ਨਵਾਂ ਸਾਲ : ਫੁੰਮਣ


ਪ੍ਰਸ਼ਨ. ਫੁੰਮਣ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਫੁੰਮਣ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਉਹ ਇਸ ਨਾਵਲ ਦੇ ਮੁੱਖ ਪਾਤਰ ਬੰਤੇ ਅਤੇ ਉਸ ਦੀ ਪਤਨੀ ਦਾ ਵੱਡਾ ਪੁੱਤਰ ਹੈ। ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਹਨ। ਉਹ ਤੀਜੀ ਜਮਾਤ ਵਿਚ ਪੜ੍ਹਦਾ ਹੈ।

ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ : ਫੁੰਮਣ ਹੋਰਨਾਂ ਬੱਚਿਆਂ ਵਾਂਗ ਹੀ ਆਪਣੇ ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ ਹੈ, ਇਸੇ ਕਰਕੇ ਹੀ ਬੰਤਾ ਉਸ ਨੂੰ ਖ਼ੂਬ ਪੜ੍ਹਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਉਸ ਵਾਂਗ ਅਨਪੜ੍ਹ ਰਹੇ ਤੇ ਰਿਕਸ਼ਾ ਚਲਾਵੇ। ਉਹ ਚਾਹੁੰਦਾ ਹੈ ਕਿ ਉਹ ਪੜ੍ਹ-ਲਿਖ ਕੇ ਕੋਈ ਚੰਗਾ ਕੰਮ ਕਰੇਗਾ ਤੇ ਮੌਜਾਂ ਕਰੇਗਾ। ਉਸ ਨੂੰ ਆਸ ਹੈ ਕਿ ਉਸ ਦੇ ਵੱਡਾ ਹੋ ਜਾਣ ਤੇ ਉਸ ਦੀ ਗ਼ਰੀਬੀ ਕੱਟੀ ਜਾਵੇਗੀ।

ਪੜ੍ਹਾਈ ਵਿਚ ਰੁਚੀ ਰੱਖਣ ਵਾਲਾ : ਫੁੰਮਣ ਪੜ੍ਹਨ-ਲਿਖਣ ਵਿਚ ਰੁਚੀ ਲੈਣ ਵਾਲਾ ਜਾਪਦਾ ਹੈ। ਜਦੋਂ ਬੰਤਾ ਦੁਪਹਿਰੇ ਘਰ ਆਉਂਦਾ ਹੈ, ਤਾਂ ਇਹ ਉਸ ਦੇ ਅੱਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜ੍ਹਾਉਣ ਲਈ ਕਹਿੰਦਾ ਹੈ।

ਘੋਖੀ ਤੇ ਜਗਿਆਸੂ ਰੁਚੀ ਵਾਲਾ : ਫੁੰਮਣ ਦੀ ਪੜ੍ਹਨ ਵਿਚ ਰੁਚੀ ਹੀ ਨਹੀਂ, ਸਗੋਂ ਪਾਠ ਅਤੇ ਨਵੀਆਂ ਗੱਲਾਂ ਨੂੰ ਸਮਝਣ ਦੀ ਜਗਿਆਸਾ ਵੀ ਹੈ। ਉਹ ਬੰਤੇ ਨੂੰ ‘ਮਹਾਨ’, ‘ਰਿਸ਼ੀ ਮੁਨੀ’, ‘ਮਾਣ’, ‘ਘੁਮੰਡ’, ‘ਲੋਕ-ਰਾਜ’, ‘ਗ਼ਰੀਬੀ’, ‘ਪਰਣ’ ਤੇ ‘ਬਲਾ’ ਆਦਿ ਦਾ ਮਤਲਬ ਪੁੱਛਦਾ ਹੈ। ਜਦੋਂ ਬੰਤਾ ਉਸ ਨੂੰ ਕੋਈ ਗੱਲ ਨਹੀਂ ਸਮਝਾਉਂਦਾ, ਤਾਂ ਉਹ ਕਹਿੰਦਾ ਹੈ, ”ਚਲ ਬਾਪੂ ਰਹਿਣ ਦੇ ਜੇ ਤੈਨੂੰ ਨਹੀਂ ਆਂਦਾ, ਮੈਂ ਮਾਸਟਰ ਤੋਂ ਪੁੱਛ ਲਊ।” ਇਸੇ ਜਗਿਆਸੂ ਰੁਚੀ ਕਾਰਨ ਹੀ ਉਹ ਬੰਤੇ ਤੋਂ ਬਾਤ ਸੁਣਨ ਲਈ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈ ਤੇ ਫਿਰ ਬੰਤੇ ਨੂੰ ਪੁੱਛਦਾ ਹੈ ਕਿ ‘ਨਵਾਂ ਸਾਲ’ ਕੀ ਹੁੰਦਾ ਹੈ ਤੇ ਉਹ ਕਿਉਂ ਨਹੀਂ ਇਸ ਦਿਨ ‘ਤੇ ਲੋਕਾਂ ਵਾਂਗ ਖ਼ੂਬ ਖਾਂਦੇ-ਪੀਂਦੇ ਤੇ ਨੱਚਦੇ-ਕੁੱਦਦੇ।

ਹਾਜ਼ਰ-ਜਵਾਬ : ਉਹ ਬੇਸ਼ਕ ਬੱਚਾ ਹੈ, ਪਰ ਉਸ ਦੀ ਗੱਲ ਵਿਚ ਹਾਜ਼ਰ-ਜਵਾਬੀ ਤੇ ਦਲੀਲ ਹੈ। ਜਦੋਂ ਬੰਤਾ ਬਾਤ ਸੁਣਾਉਣ ਤੋਂ ਬਚਣ ਲਈ ਕਹਿੰਦਾ ਹੈ ਕਿ ਅੱਜ-ਕਲ੍ਹ ਰਾਜੇ ਦੇ ਬੇਟੇ ਨਹੀਂ ਹੁੰਦੇ, ਤਾਂ ਇਹ ਇਕਦਮ ਕਹਿੰਦਾ ਹੈ, ‘ਹੁੰਦੈ ਐ, ਤੂੰ ਝੂਠ ਆਹਨੈਂ ਬੀਬੀ ਮੈਨੂੰ ਕਹਿੰਦੀ ਹੁੰਦੀ ਐ, ਰਾਜਾ ਬੇਟਾ।”

ਹਾਸ-ਰਸ ਪੈਦਾ ਕਰਨ ਵਾਲਾ : ਉਸ ਦੀ ਘੋਖੀ ਰੁਚੀ ਤੇ ਹਾਜ਼ਰ-ਜਵਾਬੀ ਨਾਵਲ ਵਿਚ ਹਾਸ-ਰਸ ਪੈਦਾ ਕਰਦਾ ਹੈ।



ਪਾਤਰ ਚਿਤਰਨ : ਬੰਤਾ