ਪਾਤਰ ਚਿਤਰਨ : ਤਾਰੋ
ਪ੍ਰਸ਼ਨ. ਤਾਰੋ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਤਾਰੋ ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ। ਉਸਦੇ ਤਿੰਨ ਬੱਚੇ ਹਨ-ਇਕ ਮੁੰਡਾ ਫੁੰਮਣ ਤੇ ਦੋ ਧੀਆਂ। ਉਹ ਬੰਤੇ ਦੀ ਮਾਮੀ ਦੀ ਭਤੀਜੀ ਸੀ। ਜਦੋਂ ਉਹ ਵਿਆਹੀ ਆਈ ਸੀ, ਉਦੋਂ ਉਹ ਬਹੁਤ ਸੋਹਣੀ ਸੀ। ਉਸਦਾ ਮੂੰਹ ਵੀ ਭੋਲਾ-ਭਾਲਾ ਸੀ। ਸਹੁਰੇ ਘਰ ਵਿਚ ਉਸ ਦੀ ਆਪਣੀ ਸੱਸ ਨਾਲ ਨਹੀਂ ਬਣਦੀ, ਜਿਸ ਕਰਕੇ ਉਹ ਅਲੱਗ ਪਿੰਡ ਵਿਚ ਰਹਿੰਦੀ ਹੈ। ਫੁੰਮਣ ਨੂੰ ਜਨਮ ਦੇਣ ਮਗਰੋਂ ਉਸ ਦੀ ਸਿਹਤ ਖ਼ਰਾਬ ਰਹਿਣ ਲਗਦੀ ਹੈ, ਜਿਸਦਾ ਉਸ ਦੇ ਪਤੀ ਬੰਤੇ ਨੂੰ ਬਹੁਤ ਫ਼ਿਕਰ ਰਹਿੰਦਾ ਹੈ। ਅਸਲ ਵਿਚ ਸਹੁਰੇ ਘਰ ਆ ਕੇ ਉਸ ਨੂੰ ਇਸ ਗੱਲ ਦਾ ਸਦਮਾ ਲੱਗਾ ਸੀ ਕਿ ਉਸ ਦੀ ਸੱਸ ਨੇ ਉਸ ਦੇ ਦਾਜ ਵਾਲੇ ਟਰੰਕ ਵਿਚੋਂ ਕੱਪੜੇ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿੱਤੇ ਸਨ। ਉਸ ਨੂੰ ਬੰਤੇ ਦੇ ਸਿਰ ਚੜ੍ਹੇ ਕਰਜ਼ੇ ਦਾ ਵੀ ਦੁੱਖ ਤੇ ਰੋਸ ਸੀ। ਇਸ ਗੱਲ ਤੋਂ ਹੋਈ ਖਹਿਬੜ ਦੇ ਸਿੱਟੇ ਵਜੋਂ ਇਕ ਵਾਰ ਬੰਤੇ ਨੇ ਉਸ ਦੇ ਦੋ-ਤਿੰਨ ਧੱਫੇ ਮਾਰ ਦਿੱਤੇ। ਇਸ ਘਟਨਾ ਨੂੰ ਉਸ ਨੇ ਇੰਨਾ ਮਨ ਉੱਤੇ ਲਾਇਆ ਕਿ ਮਗਰੋਂ ਬੰਤੇ ਨੇ ਕਦੇ ਉਸਦੇ ਚਿਹਰੇ ਉੱਤੇ ਖ਼ੁਸ਼ੀ ਨਾ ਦੇਖੀ। ਬੰਤੇ ਨੂੰ ਜਾਪਦਾ ਸੀ, ਜਿਵੇਂ ਉਸ ਨੇ ਉਸ ਨੂੰ ਕਦੇ ਮਾਫ਼ ਨਹੀਂ ਕੀਤਾ। ਉਹ ਚੁੱਪ-ਚਾਪ ਰਹਿੰਦੀ ਸੀ ਤੇ ਬੰਤਾ ਇਸਦਾ ਮੁੱਖ ਕਾਰਨ ਘਰ ਦੀ ਗ਼ਰੀਬੀ ਸਮਝਦਾ ਸੀ। ਉਂਞ ਹੋਰ ਇਕ ਜ਼ਿੰਮੇਵਾਰ ਔਰਤ ਦੇ ਫ਼ਰਜ਼ ਨਿਭਾਉਂਦੀ ਹੋਈ ਆਪਣੇ ਤਿੰਨ ਬੱਚੇ ਪਾਲਣ ਤੋਂ ਇਲਾਵਾ ਇਕ ਸਕੂਲ ਮਾਸਟਰ ਦੇ ਘਰ ਜਾ ਕੇ ਕੰਮ ਕਰਦੀ ਤੇ ਕੁੱਝ ਕਮਾ ਕੇ ਲਿਆਉਂਦੀ। ਉਹ ਬੰਤੇ ਦੇ ਰੋਕਣ ਦੇ ਬਾਵਜੂਦ ਇਹ ਕੰਮ ਛੱਡਣ ਲਈ ਰਾਜੀ ਨਹੀਂ ਸੀ। ਉਂਞ ਉਹ ਆਪਣੇ ਪਤੀ ਬੰਤੇ ਵਲੋਂ ਬੇਪ੍ਰਵਾਹੀ ਨਹੀਂ ਵਰਤਦੀ, ਸਗੋਂ ਉਸਦਾ ਥਕੇਵਾਂ ਲਾਹੁਣ ਲਈ ਉਹ ਉਸਦੀਆਂ ਲੱਤਾਂ ਘੁੱਟਦੀ ਹੈ।