ਪਾਤਰ ਚਿਤਰਨ : ਗਵਾਲਾ
ਪ੍ਰਸ਼ਨ 1. ‘ਨੀਲੀ’ ਕਹਾਣੀ ਵਿਚਲੇ ਗਵਾਲੇ ਦਾ ਪਾਤਰ-ਚਿਤਰਨ 125 ਤੋਂ 150 ਸ਼ਬਦਾਂ ਵਿੱਚ ਕਰੋ।
ਉੱਤਰ : ਨੀਲੀ ਕਹਾਣੀ ਵਿੱਚ ਗਵਾਲਾ ਮੁੱਖ ਪਾਤਰ ਹੈ। ਗਵਾਲਾ ਕਠੋਰ ਦਿਲ ਅਤੇ ਸਿਰਫ਼ ਆਪਣਾ ਫਾਇਦਾ ਦੇਖਣ ਵਾਲ਼ਾ ਇਨਸਾਨ ਹੈ। ਉਹ ਵੱਛੀ ਲਈ ਦੁੱਧ ਨਹੀਂ ਸੀ ਬਚਾਉਂਦਾ ਜਿਸ ਕਰਕੇ ਉਹ ਮਰ ਜਾਂਦੀ ਹੈ। ਕਹਾਣੀ ਵਿੱਚੋਂ ਗਵਾਲੇ ਦੀ ਸ਼ਖ਼ਸੀਅਤ ਸੰਬੰਧੀ ਹੇਠ ਦਿੱਤੇ ਨੁਕਤੇ ਉਭਰਦੇ ਹਨ :
(1) ਸੁਆਰਥੀ ਆਦਮੀ : ਗਵਾਲਾ ਪੈਸੇ ਖਾਤਰ ਨੀਲੀ ਦਾ ਸਾਰਾ ਦੁੱਧ ਚੋ ਲੈਂਦਾ ਸੀ। ਇਸ ਕਰਕੇ ਨੀਲੀ ਦੀ ਵੱਛੀ ਨੂੰ ਖ਼ੁਰਾਕ ਨਹੀਂ ਸੀ ਮਿਲ਼ਦੀ ਅਤੇ ਉਹ ਮਰ ਜਾਂਦੀ ਹੈ।
(2) ਆਪਣੀ ਗ਼ਲਤੀ ਨਾ ਮੰਨਣ ਵਾਲਾ : ਲੇਖਕ ਦੀ ਪਤਨੀ ਦੇ ਵਾਰ-ਵਾਰ ਕਹਿਣ ‘ਤੇ ਵੀ ਗਵਾਲਾ ਆਪਣੀ ਗ਼ਲਤੀ ਨਹੀਂ ਸੀ ਮੰਨਦਾ। ਜਿਸ ਦੇ ਸਿੱਟੇ ਵਜੋਂ ਵੱਛੀ ਦੀ ਜਾਨ ਚਲੀ ਗਈ ਸੀ।
(3) ਹਰ ਚੀਜ਼ ਤੋਂ ਪੈਸੇ ਬਚਾਉਣ ਵਾਲਾ : ਨੀਲੀ ਦੀ ਵੱਛੀ ਆ ਜਾਣ ਕਾਰਨ ਨੀਲੀ ਵੱਛੀ ਦੁਆਰਾ ਥਣਾਂ ਨੂੰ ਮੂੰਹ ਲਾਉਣ ‘ਤੇ ਦੁੱਧ ਲਾਹ ਛੱਡਦੀ ਸੀ ਜਿਸ ਕਰਕੇ ਗਵਾਲੇ ਨੇ ਮਸਾਲਾ ਲਿਆਉਣਾ ਬੰਦ ਕਰ ਦਿੱਤਾ ਸੀ।
(4) ਗੁੱਸੇ ਵਾਲੇ ਸੁਭਾਅ ਦਾ ਮਾਲਿਕ : ਵੱਛੀ ਦੇ ਮਰ ਜਾਣ ਕਾਰਨ ਨੀਲੀ ਨੇ ਕੁਝ ਦਿਨ ਦੁੱਧ ਦੇਣਾ ਛੱਡ ਦਿੱਤਾ। ਨੀਲੀ ਨੇ ਤਿੰਨ ਦਿਨ ਕੁਝ ਨਾ ਖਾਧਾ। ਭੁੱਖੀ ਹੋਣ ਕਰਕੇ ਨੀਲੀ ਨੇ ਚਾਰਾ ਖਾਣਾ ਤਾਂ ਸ਼ੁਰੂ ਕੀਤਾ ਪਰ ਹਾਲੇ ਦੁੱਧ ਦੇਣ ਲਈ ਤਿਆਰ ਨਹੀਂ ਸੀ ਹੋਈ। ਗੁਵਾਲਾ ਬਿਨਾਂ ਤਰਸ ਕੀਤੇ ਨੀਲੀ ਅੱਗੋਂ ਗੁੱਸੇ ਵਿੱਚ ਟੋਕਰੀ ਚੁੱਕ ਕੇ ਲੈ ਜਾਂਦਾ ਹੈ।
(5) ਦੁੱਧ ਚੋਣ ਵੇਲ਼ੇ ਪਿਆਰ ਕਰਨ ਵਾਲਾ : ਗਵਾਲਾ ਨੀਲੀ ਦਾ ਦੁੱਧ ਚੋਣ ਵੇਲੇ ਉਸ ਦੀ ਪਿੱਠ ‘ਤੇ ਹੱਥ ਫੇਰਦਾ, ਉਸ ਦੇ ਸਿੰਗਾਂ ਨੂੰ ਸਹਿਲਾਉਂਦਾ ਸੀ। ਇਸ ਤਰ੍ਹਾਂ ਗਵਾਲਾ ਨੀਲੀ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਸਵਾਰਥੀ/ਲਾਲਚੀ ਕਿਸਮ ਦਾ ਵਿਅਕਤੀ ਹੈ। ਥੋੜ੍ਹੇ ਜਿਹੇ ਲਾਲਚ ਲਈ ਉਹ ਆਪਣਾ ਵੀ ਨੁਕਸਾਨ ਕਰ ਬੈਠਦਾ ਹੈ।