ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ – ਖੁਸ਼ੀਆਂ ਆਪੇ ਨਹੀਂ ਆਉਂਦੀਆ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਂਵੀਂ)

ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਡਾ. ਟੀ. ਆਰ. ਸ਼ਰਮਾ

ਪ੍ਰਸ਼ਨ 1 . ਪਤੀ – ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ ?

ਉੱਤਰ – ਘਰ ਦੇ ਮਾਹੌਲ ਨੂੰ ਠੀਕ – ਠਾਕ ਰੱਖਣ ਵਿੱਚ ਪਤੀ – ਪਤਨੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਪਤੀ – ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਮਨਮੁਟਾਵ ਹੋ ਵੀ ਜਾਂਦਾ ਹੈ ਤਾਂ ਉਸ ਮਸਲੇ ਨੂੰ ਬੜੇ ਹੀ ਆਰਾਮ ਅਤੇ ਸਹਿਜ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਕਰਨ ਨਾਲ਼ ਮਾਹੌਲ ਖੁਸ਼ਗਵਾਰ ਬਣ ਸਕਦਾ ਹੈ। ਘਰ ਦਾ ਮਾਹੌਲ ਵਿਗੜੇ ਬਿਨਾਂ ਅਤੇ ਕਿਸੇ ਨੂੰ ਪਰੇਸ਼ਾਨ ਕੀਤਿਆਂ ਬਿਨਾਂ ਹਾਸੇ – ਖੇੜੇ ਮੁੜ ਸੁਰਜੀਤ ਹੋ ਜਾਣਗੇ।

ਪ੍ਰਸ਼ਨ 2 . ਸਾਡੇ ਵੱਡੇ ਵਡੇਰਿਆਂ ਨੇ ਖੁਸ਼ੀਆਂ ਨੂੰ ਸੱਦਾ ਦੇਣ ਲਈ ਕਿਹੜੇ ਢੰਗ ਕੱਢੇ ਹੋਏ ਹਨ ?

ਉੱਤਰ – ਸਾਡੇ ਵੱਡੇ ਵਡੇਰਿਆਂ ਨੇ ਖੁਸ਼ੀਆਂ ਨੂੰ ਸੱਦਾ ਦੇਣ ਲਈ ਬਹੁਤ ਸਾਰੇ ਢੰਗ ਕੱਢੇ ਹੋਏ ਹਨ। ਰਸਮਾਂ, ਰੀਤਾਂ, ਰਿਵਾਜਾਂ, ਮੇਲਿਆਂ, ਸਮਾਗਮਾਂ, ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਦਿਵਸ ਹਨ ਜੋ ਖੁਸ਼ੀਆਂ ਨੂੰ ਸੱਦਾ ਦੇਣ ਲਈ ਵਡੇਰਿਆਂ ਵੱਲੋਂ ਸਿਰਜੇ ਗਏ ਹਨ।

ਪ੍ਰਸ਼ਨ 3 . ਆਧੁਨਿਕ ਸਮੇਂ ਵਿੱਚ ਖੁਸ਼ੀਆਂ ਮਨਾਉਣ ਲਈ ਕਿਹੜੇ ਮੌਕੇ ਅਤੇ ਦਿਵਸ ਪ੍ਰਚਲਿਤ ਹਨ ?

ਉੱਤਰ – ਆਧੁਨਿਕ ਸਮੇਂ ਵਿੱਚ ਖੁਸ਼ੀਆਂ ਮਨਾਉਣ ਲਈ ਬਹੁਤ ਸਾਰੇ ਮੌਕੇ ਅਤੇ ਦਿਵਸ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ‘ਤੇ ਨਵੇਂ ਕੱਪੜੇ ਸਵਾਉਣਾ, ਹਹਿਣੇ ਖਰੀਦਣੇ, ਮਠਿਆਈਆਂ ਖਾਣੀਆਂ ਅਤੇ ਵੰਡਣੀਆਂ, ਗਰੀਬ – ਗੁਰਬੇ ਨੂੰ ਦਾਨ ਕਰਨਾ, ਧੀਆਂ ਧਿਆਣੀਆਂ ਦੀ ਪੂਜਾ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਨੂੰ ਦਾਨ ਦੇਣਾ, ਨਲਕੇ ਅਤੇ ਖੂਹ ਆਦਿ ਲਗਾਉਣਾ ਸਾਰੇ ਹੀ ਖੁਸ਼ੀ ਦੇ ਸਾਧਨ ਹਨ।

ਜਨਮ ਦਿਹਾੜੇ, ਵਿਆਹ ਦੀ ਸਾਲ ਗਿਰਾ, ਗੁਰਪੁਰਬ, ਦੁਸਹਿਰਾ, ਦੀਵਾਲੀ ਆਦਿ ਸਾਰੇ ਹੀ ਖੁਸ਼ੀ ਪ੍ਰਾਪਤੀ ਦੇ ਵਸੀਲੇ ਹਨ। ਆਜ਼ਾਦੀ ਦਿਵਸ, ਗਣਤੰਤਰ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ, ਮਜ਼ਦੂਰ ਦਿਵਸ, ਧਰਤੀ ਦਿਵਸ, ਮਾਂ – ਦਿਵਸ, ਪਿਤਾ ਦਿਵਸ ਆਦਿ ਖੁਸ਼ੀ ਦੇ ਦਿਵਸ ਵੀ ਪ੍ਰਚਲਿਤ ਹਨ ਜੋ ਖੁਸ਼ੀ ਪ੍ਰਦਾਨ ਕਰਦੇ ਹਨ।

ਪ੍ਰਸ਼ਨ 4 . ਲੇਖਕ ਅਨੁਸਾਰ ਦੁਸ਼ਮਣ ਨਾਲ਼ ਕਿਸ ਤਰ੍ਹਾਂ ਦਾ ਵਿਹਾਰ ਕਰਕੇ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ?

ਉੱਤਰ – ਲੇਖਕ ਅਨੁਸਾਰ ਦੁਸ਼ਮਣ ਨਾਲ਼ ਦੁਸ਼ਮਣੀ, ਨਫ਼ਰਤ ਭੁਲਾ ਕੇ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ। ਦੋਸ਼ੀ ਨੂੰ ਖਿਮਾ ਕਰਨਾ ਬੜੇ ਪੁੰਨ ਦਾ ਕੰਮ ਹੁੰਦਾ ਹੈ। ਉਸਦੇ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ ਅਤੇ ਖਿਮਾਂ ਕਰਨ ਵਾਲੇ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 5 . ਖੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਢੰਗ ਕਿਹੜਾ ਹੈ ?

ਉੱਤਰ – ਜਦੋਂ ਕੋਈ ਕਿਸੇ ਬੁਰੀ ਆਦਤ ਨੂੰ ਤਿਆਗ ਦਿੰਦਾ ਹੈ ਤਾਂ ਉਸ ਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ। ਜਦੋਂ ਕੋਈ ਨਸ਼ੇ ਕਰਨ ਦੀ ਆਦਤ, ਝੂਠ ਬੋਲਣ ਦੀ ਆਦਤ, ਰਿਸ਼ਵਤ ਲੈਣ ਦੀ ਆਦਤ, ਗਾਲ੍ਹਾਂ ਕੱਢਣ ਦੀ ਆਦਤ, ਚੁਗਲੀ ਕਰਨ ਦੀ ਆਦਤ, ਪਿੱਠ ਪਿੱਛੇ ਨਿੰਦਾ ਕਰਨਾ, ਗੁੱਸਾ ਕਰਨ ਦੀ ਆਦਤ ਆਦਿ ਨੂੰ ਤਿਆਗ ਦਿੰਦਾ ਹੈ ਤਾਂ ਉਸ ਨੂੰ ਅਨਮੋਲ ਢੰਗ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 6 . ਖੁਸ਼ੀਆਂ ਪੈਦਾ ਹੋਣ ਵਿੱਚ ਮਨੁੱਖ ਦੀ ਕਿਹੜੀ ਭਾਵਨਾ ਰੁਕਾਵਟ ਬਣਦੀ ਹੈ ?

ਉੱਤਰ – ਨਿੱਕੀਆਂ – ਨਿੱਕੀਆਂ ਜਿਦਾਂ, ਜਿਨ੍ਹਾਂ ਨੂੰ ਅਸੀਂ ਅਸੂਲਾਂ ਦਾ ਨਾਂ ਦੇ ਦਿੰਦੇ ਹਾਂ, ਉਹ ਵੀ ਕਦੀ – ਕਦੀ ਖੁਸ਼ੀਆਂ ਪੈਦਾ ਹੋਣ ਵਿੱਚ ਰੁਕਾਵਟ ਬਣਦੀਆਂ ਹਨ। ਇਨ੍ਹਾਂ ਦਾ ਤਿਆਗ ਕਰਨਾ ਵੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ।

ਇਸ ਲਈ ਇਨ੍ਹਾਂ ਖੁਸ਼ੀਆਂ ਵਿੱਚ ‘ਮੇਰੀ ਗੱਲ, ਮੇਰੀ ਇੱਜਤ, ਮੇਰੀ ਚੀਜ਼’ ਆਦਿ ਰੁਕਾਵਟ ਪੈਦਾ ਕਰਦੀਆਂ ਹਨ। ਅਜਿਹੀ ‘ਮੈਂ’ ਖੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਬਣ ਸਕਦੀ ਹੈ। ਹਊਮੈ ਨੂੰ ਤਿਆਗ ਕੇ ਮੁਆਫੀਆਂ ਅਤੇ ਨਜ਼ਰ ਅੰਦਾਜ਼ਗੀਆਂ ਮਨੁੱਖ ਨੂੰ ਬਹੁਤ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਹਨ।

ਪ੍ਰਸ਼ਨ 7 . ਕੀ ਖੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ ?

ਉੱਤਰ – ਮਨੁੱਖ ਨੂੰ ਖੁਸ਼ੀ ਜਨਮ ਤੋਂ ਨਹੀਂ ਮਿਲਦੀ। ਇਸਨੂੰ ਬੁਲਾਉਣਾ ਪੈਂਦਾ ਹੈ। ਇਸਦੇ ਆਉਣ ਲਈ ਤਿਆਰੀਆਂ ਕਰਕੇ ਰਸਤਾ ਬਣਾਉਣਾ ਪੈਂਦਾ ਹੈ।

ਜਿਸ ਤਰ੍ਹਾਂ ਦੀ ਖੁਸ਼ੀ ਹੋਵੇ, ਉਸ ਨੂੰ ਪ੍ਰਾਪਤ ਕਰਨ ਲਈ ਉਸੇ ਹੀ ਤਰ੍ਹਾਂ ਦਾ ਯਤਨ ਕਰਨਾ ਪੈਂਦਾ ਹੈ ।