(i) ਗੁਰਮਤਿ-ਕਾਵਿ
ਗੁਰੂ ਨਾਨਕ ਦੇਵ ਜੀ
ਪਵਣੁ ਗੁਰੂ ਪਾਣੀ ਪਿਤਾ
ਪ੍ਰਸ਼ਨ 1. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ।
(ੳ) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਉੱਤਰ : ਪ੍ਰਸੰਗ : ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੋਮਣੀ ਬਾਣੀ ‘ਜਪੁਜੀ’ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਇਕ ਅੰਸ਼ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜਗਤ ਨੂੰ ਇਕ ਰੰਗ-ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਮਲਾਂ ‘ਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ।
ਵਿਆਖਿਆ : ਗੁਰੂ ਜੀ ਫਰਮਾਉਂਦੇ ਹਨ ਕਿ ਪਵਣ ਰੂਪੀ ਸੁਆਸ ਸਰੀਰ ਲਈ ਇਸ ਤਰ੍ਹਾਂ ਹਨ, ਜਿਸ ਤਰ੍ਹਾਂ ਗੁਰੂ ਜੀਵ ਦੀ ਆਤਮਾ ਲਈ ਹੈ। ਪਾਣੀ ਸਭ ਜੀਵਾਂ ਦਾ ਬਾਪ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ। ਦਿਨ ਤੇ ਰਾਤ ਦੋਵੇਂ ਖਿਡਾਵੀ ਤੇ ਖਿਡਾਵਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੈ, ਅਰਥਾਤ ਸੰਸਾਰ ਦੇ ਸਾਰੇ ਜੀਵ ਰਾਤੀ ਸੌਣ ਵਿੱਚ ਤੇ ਦਿਨੇ ਕੰਮ-ਕਾਰ ਵਿੱਚ ਪਰਚੇ ਰਹਿੰਦੇ ਹਨ। ਇਸ ਤਰ੍ਹਾਂ ਸਾਰੇ ਸੰਸਾਰ ਦਾ ਕਾਰ-ਵਿਹਾਰ ਚਲ ਰਿਹਾ ਹੈ।