ਹੇ ਹਥ ਨਹੀਂ ਆਂਵਦੇ…….ਖ਼ਫਤਨ ਹੋਇ ਨਾਹੀਂ।


ਕਾਵਿ ਟੁਕੜੀ : ਮਾਂ-ਪੁੱਤਰ ਦਾ ਮੇਲ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਹੇ ਹਥ ਨਹੀਂ ਆਂਵਦੇ ਮੋਏ ਮਾਤਾ, ਪੂਰਨ ਆਖਦਾ ਮਾਇ ਤੂੰ ਰੋਇ ਨਾਹੀਂ ।

ਅਰਜਨ ਦਾਸ ਜਹੇ ਢਾਹੀਂ ਮਾਰ ਗਏ, ਬਣਿਆ ਇਕ ਅਭਿਮਨੋ ਕੋਇ ਨਾਹੀਂ ।

ਕੈਨੂੰ ਨਹੀਂ ਲਗੇ ਸੱਲ ਪੁੱਤਰਾਂ ਦੇ, ਮਾਤਾ ਤੂੰ ਦਿਲਗੀਰ ਭੀ ਹੋਇ ਨਾਹੀਂ ।

ਕਾਦਰਯਾਰ ਦਿਲੇਰੀਆਂ ਦੇ ਪੂਰਨ, ਗ਼ਮ ਖਾਹ ਮਾਏ ਖ਼ਫਤਨ ਹੋਇ ਨਾਹੀਂ ।


ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ- ਮਾਲਾ’ ਪੁਸਤਕ ਵਿੱਚ ‘ਮਾਂ ਪੁੱਤਰ ਦਾ ਮੇਲ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਨੂੰ ਬਿਆਨ ਕੀਤਾ ਹੈ। ਇਸ ਕਾਵਿ-ਟੋਟੇ ਵਿੱਚ ਕਵੀ ਨੇ ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਆਏ ਪੂਰਨ ਭਗਤ ਨਾਲ ਉਸ ਦੀ ਮਾਤਾ ਰਾਣੀ ਇੱਛਰਾਂ ਦੇ ਮਿਲਾਪ ਦੀ ਝਾਕੀ ਪੇਸ਼ ਕੀਤੀ ਹੈ। ਇਨ੍ਹਾਂ ਸਤਰਾਂ ਵਿੱਚ ਪੂਰਨ ਭਗਤ ਪੁੱਤਰ-ਵਿਛੋੜੇ ਦੀ ਮਾਰੀ ਆਪਣੀ ਮਾਂ ਨੂੰ ਹੌਂਸਲਾ ਦਿੰਦਾ ਹੈ।

ਵਿਆਖਿਆ : ਕਾਦਰਯਾਰ ਲਿਖਦਾ ਹੈ ਕਿ ਪੂਰਨ ਭਗਤ ਨੇ ਮਾਤਾ ਇੱਛਰਾਂ ਨੂੰ ਕਿਹਾ ਕਿ ਉਹ ਰੋਵੇ ਨਾ, ਕਿਉਂਕਿ ਮਰੇ ਹੋਏ ਬੰਦੇ ਮੁੜ ਕੇ ਹੱਥ ਨਹੀਂ ਆਉਂਦੇ। ਅਰਜਨ ਵਰਗਾ ਯੋਧਾ ਵੀ ਧਾਹਾਂ ਮਾਰ ਕੇ ਰੋਇਆ ਸੀ, ਕਿਉਂਕਿ ਉਸ ਦੇ ਪੁੱਤਰ ਅਭਿਮੰਨੂੰ ਦੇ ਜੰਗ ਵਿੱਚ ਮਰਨ ਮਗਰੋਂ ਕੋਈ ਹੋਰ ਅਭਿਮੰਨੂੰ ਨਹੀਂ ਸੀ ਬਣ ਗਿਆ, ਇਸ ਕਰਕੇ ਉਸ ਨੂੰ ਦੁਖੀ ਨਹੀਂ ਹੋਣਾ ਚਾਹੀਦਾ, ਕਿਉਂਕਿ ਕੋਈ ਵੀ ਬੰਦਾ ਅਜਿਹਾ ਨਹੀਂ, ਜਿਸ ਨੂੰ ਪੁੱਤਰ ਦਾ ਦੁੱਖ ਨਾ ਲੱਗਾ ਹੋਵੇ। ਕਾਦਰਯਾਰ ਕਹਿੰਦਾ ਹੈ ਕਿ ਪੂਰਨ ਭਗਤ ਮਾਤਾ ਇੱਛਰਾਂ ਨੂੰ ਦਲੇਰੀਆਂ ਦਿੰਦਾ ਹੋਇਆ ਕਹਿ ਰਿਹਾ ਸੀ ਕਿ ਉਹ ਗ਼ਮ ਨੂੰ ਬਰਦਾਸ਼ਤ ਕਰੇ ਤੇ ਦੁਖੀ ਨਾ ਹੋਵੇ।