ਨੀਲ ਕੰਵਲ – ਸਾਰ
ਪ੍ਰਸ਼ਨ – ‘ਨੀਲ ਕੰਵਲ’ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਕਿਸੇ ਸ਼ਹਿਰ ਵਿੱਚ ਰਹਿੰਦਾ ਇਕ ਸੁਦਾਗਰ ਜਦੋਂ ਵਪਾਰ ਲਈ ਘਰੋਂ ਤੁਰਨ ਲੱਗਾ, ਤਾਂ ਉਸ ਦੀ ਪਤਨੀ ਨੇ ਪੁੱਛਿਆ ਕਿ ਉਸ ਦੇ ਘਰੋਂ ਜਾਣ ਪਿੱਛੋਂ ਉਸ ਨੂੰ ਉਸ ਦੀ ਸੁੱਖ – ਸਾਂਦ ਦਾ ਪਤਾ ਕਿਵੇਂ ਲੱਗੇਗਾ।
ਸੁਦਾਗਰ ਨੇ ਉਸ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ ਕਿ ਜਦੋਂ ਤੱਕ ਇਹ ਇੰਞ ਚਮਕਦੀ ਰਹੇ, ਉਹ ਉਸ ਨੂੰ ਰਾਜ਼ੀ – ਖੁਸ਼ੀ ਸਮਝੇ, ਪਰ ਜਦੋਂ ਕਾਲੀ ਪੈ ਜਾਵੇ, ਤਾਂ ਉਹ ਉਸ ਨੂੰ ਬਿਮਾਰ ਸਮਝੇ ਤੇ ਜਦੋਂ ਉਸ ਉਪਰ ਲਹੂ ਸਿੰਮ ਪਵੇ, ਤਾਂ ਉਹ ਉਸ ਨੂੰ ਮਰਿਆ ਸਮਝੇ।
ਸੁਦਾਗਰ ਦੁਆਰਾ ਪਤਨੀ ਨੂੰ ਉਸ ਦੀ ਸੁੱਖ – ਸਾਂਦ ਦਾ ਚਿੰਨ੍ਹ ਪੁੱਛੇ ਜਾਣ ਤੇ ਉਸ ਨੇ ਤਲਾ ਵਿੱਚੋਂ ਇੱਕ ਨੀਲ ਕੰਵਲ ਫੁੱਲ ਤੋੜ ਕੇ ਕੁੱਜੇ ਵਿੱਚ ਪਾ ਕੇ ਦਿੰਦਿਆਂ ਉਸ ਨੂੰ ਕਿਹਾ ਕਿ ਜਦੋਂ ਤੱਕ ਫੁੱਲ ਖਿੜਿਆ ਰਹੇ, ਉਹ (ਸੁਦਾਗਰ) ਸਮਝੇ ਕਿ ਉਹ ਰਾਜ਼ੀ – ਖੁਸ਼ੀ ਹੈ, ਪਰ ਜਦੋਂ ਉਹ ਮੁਰਝਾ ਜਾਵੇ, ਤਾਂ ਉਹ ਸਮਝੇ ਕਿ ਉਹ ਮੁਸੀਬਤ ਵਿੱਚ ਹੈ।
ਸੁਦਾਗਰ ਵਪਾਰ ਲਈ ਹੀਰੇ – ਮੋਤੀ ਆਦਿ ਲੈ ਕੇ ਦੂਜੇ ਦੇਸ਼ ਦੇ ਰਾਜੇ ਕੋਲ ਪੁੱਜਾ। ਹੀਰੇ – ਮੋਤੀ ਦੇਖਦੇ ਰਾਜੇ ਨੂੰ ਕੁੱਜੇ ਵਿੱਚ ਪਾਣੀ ਤੋਂ ਬਿਨਾਂ ਤਾਜ਼ੇ ਪਏ ਕੰਵਲ ਫੁੱਲ ਨੂੰ ਦੇਖ ਕੇ ਹੈਰਾਨੀ ਹੋਈ। ਜਦੋਂ ਉਸ ਨੂੰ ਪੁੱਛਣ ਤੇ ਸੁਦਾਗਰ ਨੇ ਉਸ ਦੀ ਖ਼ਾਸੀਅਤ ਤੇ ਆਪਣੀ ਪਤਨੀ ਦੇ ਪ੍ਰੇਮ ਬਾਰੇ ਦੱਸਿਆ, ਤਾਂ ਰਾਜੇ ਦੇ ਮਨ ਵਿੱਚ ਉਸ ਸੁੰਦਰ ਤੇ ਗੁਣਵਾਨ ਇਸਤਰੀ ਨੂੰ ਵੇਖਣ ਦੀ ਇੱਛਾ ਪੈਦਾ ਹੋ ਗਈ।
ਜਦੋਂ ਰਾਜੇ ਨੇ ਵਜ਼ੀਰ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਕਿਹਾ, ਤਾਂ ਵਜ਼ੀਰ ਨੇ ਇਕ ਤਾਂ ਸੁਦਾਗਰ ਨੂੰ ਹੋਰ ਛੇ ਮਹੀਨੇ ਆਪਣੇ ਰਾਜ ਵਿਚ ਰਹਿਣ ਲਈ ਮਜਬੂਰ ਕਰ ਲਿਆ ਤੇ ਦੂਸਰੇ ਉਸ ਨੇ ਦੋ ਫੱਫੇਕੁੱਟਣੀਆਂ ਦੇ ਜਿੰਮੇ ਸੁਦਾਗਰ ਦੀ ਪਤਨੀ ਨੂੰ ਰਾਜੇ ਕੋਲ ਲਿਆਉਣ ਦਾ ਕੰਮ ਲਾਇਆ।
ਅਸੰਭਵ ਕੰਮ ਕਰਨ ਵਿਚ ਮਾਹਰ ਸਮਝਣ ਵਾਲੀਆਂ ਉਹ ਫੱਫੇਕੁੱਟਣੀਆਂ ਜਦੋਂ ਸੁਦਾਗਰ ਦੇ ਘਰ ਪਹੁੰਚੀਆਂ, ਤਾਂ ਇਕ ਨੇ ਸੁਦਾਗਰ ਦੀ ਪਤਨੀ ਨੂੰ ਦੱਸਿਆ ਕਿ ਉਹ ਉਸ ਦੀ ਨਾਨੀ ਦੀ ਭੈਣ ਹੈ ਤੇ ਨਾਲ ਦੀ ਫੱਫੇਕੁੱਟਣੀ ਨੂੰ ਉਸ ਨੇ ਆਪਣੀ ਗੁਆਂਢਣ ਦੱਸਿਆ।
ਸੁਦਾਗਰ ਦੀ ਸਿਆਣੀ ਪਤਨੀ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਉਸ ਦੇ ਠੋਡੀ ਉੱਪਰਲੇ ਤਿਲ ਤੋਂ ਪਛਾਣਿਆ ਹੈ। ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਉਹ ਦੋਵੇਂ ਔਰਤਾਂ ਝੂਠੀਆਂ ਹਨ, ਕਿਉਂਕਿ ਉਸ ਨੇ ਉਹ ਤਿਲ ਉਸੇ ਦਿਨ ਸੁਰਮੇ ਨਾਲ ਬਣਾਇਆ ਸੀ। ਪਰ ਉਸ ਨੇ ਹੁਸ਼ਿਆਰੀ ਨਾਲ ਫੱਫੇਕੁੱਟਣੀਆਂ ਦੀ ਪ੍ਰਾਹੁਣਾਚਾਰੀ ਕਰਦਿਆਂ ਉਨ੍ਹਾਂ ਨੂੰ ਸਾਗ ਵਿੱਚ ਭੰਗ ਖੁਆ ਦਿੱਤੀ, ਜਿਸ ਦਾ ਨਸ਼ਾ ਚੜ੍ਹਨ ਤੇ ਉਹ ਆਪਣੇ ਮੰਤਵ ਬਾਰੇ ਸੱਚ ਬੋਲਣ ਲੱਗੀਆਂ ਤੇ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਲਿਜਾ ਕੇ ਰਾਜੇ ਤੋਂ ਭਾਰੀ ਇਨਾਮ ਪ੍ਰਾਪਤ ਕਰਨਗੀਆਂ।
ਜਦੋਂ ਉਹ ਨਸ਼ੇ ਵਿੱਚ ਘੂਕ ਸੌਂ ਗਈਆਂ, ਤਾਂ ਸੁਦਾਗਰ ਦੀ ਪਤਨੀ ਨੇ ਉਨ੍ਹਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉਹ ਉਨ੍ਹਾਂ ਨੂੰ ਭੰਗ ਦੇ ਪਕੌੜੇ ਖੁਆਉਂਦੀ ਰਹਿੰਦੀ ਹੈ ਤੇ ਉਹ ਘੂਕ ਸੁੱਤੀਆਂ ਰਹਿੰਦੀਆਂ।
ਫੱਫੇਕੁੱਟਣੀਆਂ ਦੇ ਕਈ ਦਿਨ ਵਾਪਸ ਨਾ ਪਰਤਣ ਤੇ ਰਾਜੇ ਨੇ ਦੋ ਠੱਗਾਂ ਨੂੰ ਸੁਦਾਗਰ ਦੀ ਪਤਨੀ ਨੂੰ ਲਿਆਉਣ ਦਾ ਕੰਮ ਸੌਂਪਿਆ। ਦੋਹਾਂ ਠੱਗਾਂ ਨੇ ਸੁਦਾਗਰਾਂ ਦੇ ਭੇਸ ਵਿੱਚ ਸੁਦਾਗਰ ਦੀ ਪਤਨੀ ਕੋਲ ਪਹੁੰਚ ਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਬਿਮਾਰੀ ਕਾਰਨ ਮੰਜੇ ਤੋਂ ਉੱਠ ਨਹੀਂ ਸਕਦਾ, ਪਰ ਉਸ ਨੂੰ ਮਿਲਣ ਲਈ ਤਰਸ ਰਿਹਾ ਹੈ। ਸੁਦਾਗਰ ਦੀ ਪਤਨੀ ਨੇ ਅੰਦਰ ਜਾ ਕੇ ਛੁਰੀ ਨੂੰ ਚਮਕਦਿਆਂ ਦੇਖਿਆ, ਤਾਂ ਉਹ ਸਮਝ ਗਈ ਕਿ ਦੋਵੇਂ ਬੰਦੇ ਝੂਠੇ ਹਨ। ਉਸ ਨੇ ਉਨ੍ਹਾਂ ਦੀ ਆਉ – ਭਗਤ ਕਰਦਿਆਂ ਉਨ੍ਹਾਂ ਨੂੰ ਭੰਗ ਦੇ ਪਕੌੜੇ ਖੁਆ ਕੇ ਘੂਕ ਸੁਲਾ ਦਿੱਤਾ ਤੇ ਫਿਰ ਉਨ੍ਹਾਂ ਨੂੰ ਦੂਸਰੀ ਕੋਠੜੀ ਵਿੱਚ ਡੱਕ ਦਿੱਤਾ।
ਕਈ ਦਿਨ ਵਿਅਰਥ ਉਡੀਕ ਕਰਨ ਮਗਰੋਂ ਰਾਜੇ ਨੇ ਵਜ਼ੀਰ ਨਾਲ ਸਲਾਹ ਕੀਤੀ ਤੇ ਦੋਵੇਂ ਸੁਦਾਗਰ ਦੇ ਘਰ ਪੁੱਜੇ। ਸੁਦਾਗਰ ਦੀ ਪਤਨੀ ਨੇ ਬੂਹਾ ਖੋਲ੍ਹਿਆ ਤੇ ਉਹ ਕਹਿਣ ਲੱਗੇ ਕਿ ਉਹ ਸੁਦਾਗਰ ਦੀ ਪਤਨੀ ਨੂੰ ਮਿਲਣ ਆਏ ਹਨ। ਸੁਦਾਗਰ ਦੀ ਪਤਨੀ ਕਹਿਣ ਲੱਗੀ ਕਿ ਉਹ ਉਸ ਦੀ ਦਾਸੀ ਹੈ। ਉਹ ਬੈਠ ਕੇ ਭੋਜਨ ਛਕਣ, ਫਿਰ ਮਾਲਕਣ ਨੂੰ ਮਿਲ ਲੈਣ।
ਇਸ ਪਿੱਛੋਂ ਉਹ ਉਨ੍ਹਾਂ ਨੂੰ ਰੋਟੀ ਖੁਆਉਣੇ ਲੱਗੀ ਤੇ ਜਦੋਂ ਵੀ ਕੋਈ ਚੀਜ਼, ਸਬਜੀ ਜਾਂ ਰੋਟੀ ਆਦਿ ਲੈ ਕੇ ਆਉਂਦੀ, ਭੇਸ ਵਟਾ ਕੇ ਆਉਂਦੀ। ਰਾਜਾ ਤੇ ਵਜ਼ੀਰ ਸਮਝਣ ਲੱਗੇ ਕਿ ਸੁਦਾਗਰ ਦੀ ਪਤਨੀ ਦੀਆਂ ਕਈ ਦਾਸੀਆਂ ਹਨ। ਜਦੋਂ ਉਹ ਤੀਜੀ ਵਾਰ ਆਈ, ਤਾਂ ਵਜ਼ੀਰ ਉਸ ਨੂੰ ਕਹਿਣ ਲੱਗਾ ਕਿ ਤੁਹਾਡੀਆਂ ਸਭ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ। ਉਹ ਕਹਿਣ ਲੱਗੀ ਕਿ ਉਹ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਨ। ਵਜ਼ੀਰ ਕਹਿਣ ਲੱਗਾ ਕਿ ਜੇਕਰ ਉਹ ਸੁਦਾਗਰ ਦੀ ਪਤਨੀ ਨੂੰ ਰਾਜੇ ਦੇ ਮਹਿਲ ਵਿੱਚ ਲਿਜਾਣ ਵਿਚ ਉਨ੍ਹਾਂ ਦੀ ਮੱਦਦ ਕਰੇ, ਤਾਂ ਉਹ ਉਸ ਨੂੰ ਬਹੁਤ ਸਾਰਾ ਇਨਾਮ ਦੇਣਗੇ। ਸੁਦਾਗਰ ਦੀ ਪਤਨੀ ਨੇ ਕਿਹਾ ਕਿ ਇਹ ਕੰਮ ਮੁਸ਼ਕਿਲ ਨਹੀਂ, ਪਰ ਉਹ ਇਕ ਵੱਡਾ ਸਾਰਾ ਡੋਲਾ ਤਿਆਰ ਕਰਨ, ਜਿਸ ਵਿਚ ਮਾਲਕਣ ਤੇ ਉਹ ਤਿੰਨੇ ਬੈਠ ਸਕਣ। ਪਰ ਸ਼ਰਤ ਇਹ ਹੋਵੇਗੀ ਕਿ ਉਹ ਮਹਿਲਾਂ ਤੋਂ ਪੂਰੇ ਰਾਹ ਵਿਚ ਨਾ ਡੋਲਾ ਰੋਕਣ ਤੇ ਨਾ ਹੀ ਮਾਲਕਣ ਨੂੰ ਬੁਲਾਉਣ।
ਵਜ਼ੀਰ ਨੇ ਡੋਲਾ ਤਿਆਰ ਕਰਾ ਲਿਆਂਦਾ। ਸੁਦਾਗਰ ਦੀ ਪਤਨੀ ਨੇ ਡੋਲਾ ਵਿਹੜੇ ਵਿੱਚ ਰਖਾ ਕੇ ਰਾਜੇ ਤੇ ਵਜ਼ੀਰ ਨੂੰ ਬਾਹਰ ਭੇਜ ਦਿੱਤਾ ਤੇ ਅੰਦਰੋਂ ਦੋਹਾਂ ਫੱਫੇਕੁੱਟਣੀਆਂ ਤੇ ਦੋਹਾਂ ਠੱਗਾਂ ਨੂੰ ਭੰਗ ਦੇ ਪਕੌੜਿਆਂ ਨਾਲ਼ ਬੇਹੋਸ਼ ਕਰ ਕੇ, ਉਨ੍ਹਾਂ ਦੇ ਮੂੰਹ – ਸਿਰ ਮੁੰਨ ਕੇ , ਕਾਲਖ ਮਲ ਕੇ, ਮੂੰਹ ਤੇ ਹੱਥ – ਪੈਰ ਬੰਨ੍ਹ ਕੇ ਤੇ ਡੋਲੇ ਵਿਚ ਸੁੱਟ ਕੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਫਿਰ ਉਸ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ ਕਿ ਉਹ ਡੋਲੇ ਵਿਚ ਬੈਠਣ ਲੱਗੀਆਂ ਹਨ, ਉਹ ਕਹਾਰ ਮੰਗਵਾ ਕੇ ਡੋਲਾ ਲੈ ਚੱਲਣ।
ਜਦੋਂ ਰਾਜਾ ਤੇ ਵਜ਼ੀਰ ਡੋਲਾ ਲੈ ਕੇ ਆਪਣੇ ਮਹਿਲਾਂ ਵਿੱਚ ਪੁੱਜੇ, ਤਾਂ ਡੋਲਾ ਖੋਲ੍ਹ ਕੇ ਦੇਖਿਆ, ਤਾਂ ਉਹ ਫੱਫੇਕੁੱਟਣੀਆਂ ਤੇ ਠੱਗਾਂ ਨੂੰ ਦੇਖ ਕੇ ਹੱਥ ਮਲਦੇ ਰਹਿ ਗਏ।
ਇਸ ਪਿੱਛੋਂ ਵਜ਼ੀਰ ਨੇ ਰਾਜੇ ਨਾਲ ਸਲਾਹ ਕਰ ਕੇ ਇਕ ਹੋਰ ਚਾਲ ਚੱਲੀ। ਉਸ ਨੇ ਸੁਦਾਗਰ ਨੂੰ ਕਿਹਾ ਕਿ ਰਾਜਾ ਉਸ ਉੱਪਰ ਬਹੁਤ ਖੁਸ਼ ਹੈ ਤੇ ਉਹ ਉਸ ਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਸ ਨੂੰ ਹੁਣ ਉੱਥੇ ਹੀ ਰਹਿਣਾ ਪਵੇਗਾ ਤੇ ਉਹ ਆਪਣੀ ਪਤਨੀ ਨੂੰ ਵੀ ਉੱਥੇ ਲੈ ਆਵੇ।
ਸੁਦਾਗਰ ਨੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ, ਤਾਂ ਉਸ ਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ, ਪਰ ਉਸ ਦੇ ਸਿਰ ਉੱਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ, ਜਿਸ ਕਰਕੇ ਉਸ ਨੇ ਇਕ ਨਾ ਮੰਨੀ ਤੇ ਪਤਨੀ ਨੂੰ ਲੈ ਕੇ ਰਾਜੇ ਦੇ ਮਹਿਲਾਂ ਦੇ ਨੇੜੇ ਇਕ ਹਵੇਲੀ ਵਿਚ ਆ ਗਿਆ। ਕੁੱਝ ਦਿਨਾਂ ਮਗਰੋਂ ਰਾਜੇ ਦੀ ਇੱਛਾ ਪੂਰੀ ਕਰਨ ਲਈ ਵਜ਼ੀਰ ਨੇ ਸੁਦਾਗਰ ਨੂੰ ਕਿਹਾ ਕਿ ਰਾਜੇ ਨੂੰ ਇਕ ਚੀਜ਼ ਦੀ ਬਹੁਤ ਲੋੜ ਹੈ, ਜਿਸ ਦਾ ਨਾਂ ‘ਕੁੱਝ’ ਹੈ, ਉਹ ਕਿਤਿਓਂ ਲੈ ਕੇ ਆਵੇ। ਸੁਦਾਗਰ ਨੂੰ ਗੱਲ ਸਮਝ ਨਾ ਲੱਗੀ, ਪਰ ਜਦੋਂ ਉਸ ਨੇ ਆਪਣੀ ਪਤਨੀ ਨਾਲ ਗੱਲ ਕੀਤੀ, ਤਾਂ ਉਹ ਰਾਜੇ ਦੀ ਚਾਲ ਸਮਝ ਗਈ। ਉਸ ਨੇ ਆਪਣੇ ਪਤੀ ਨਾਲ ਮਿਲ ਕੇ ਘਰ ਵਿੱਚ ਦੋ ਟੋਏ ਪੁੱਟੇ। ਇਕ ਵਿੱਚ ਗੁੜ ਦਾ ਸ਼ੀਰਾ ਭਰ ਦਿੱਤਾ ਤੇ ਦੂਜੇ ਵਿੱਚ ਪੰਛੀਆਂ ਦੇ ਖੰਭ। ਫਿਰ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦੇਵੇ ਕਿ ਉਹ ‘ਕੁੱਝ’ ਲੈਣ ਲਈ ਕਿਸੇ ਹੋਰ ਦੇਸ਼ ਜਾ ਰਿਹਾ ਹੈ। ਉਂਞ ਉਹ ਦਿਨ ਭਰ ਬਾਹਰ ਜੰਗਲ ਵਿੱਚ ਰਹਿ ਕੇ ਰਾਤੀਂ ਘਰ ਆ ਕੇ ਸੌਂ ਜਾਇਆ ਕਰੇ।
ਪਹਿਲੇ ਹੀ ਦਿਨ ਰਾਜੇ ਨੂੰ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਹੋਰ ਦੇਸ਼ ਚਲਾ ਗਿਆ ਹੈ। ਰਾਤ ਨੂੰ ਉਹ ਸੁਦਾਗਰ ਦੇ ਘਰ ਪੁੱਜਾ ਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਸੁੱਖ – ਸਾਂਦ ਪੁੱਛਣ ਆਇਆ ਹੈ। ਸੁਦਾਗਰ ਦੀ ਪਤਨੀ ਨੇ ਉੱਪਰੋਂ ਖੁਸ਼ੀ ਜ਼ਾਹਿਰ ਕੀਤੀ ਤੇ ਉਸ ਨੂੰ ਪਾਣੀ ਆਦਿ ਪਿਲਾਉਣ ਲੱਗੀ। ਇੰਨੇ ਨੂੰ ਸੁਦਾਗਰ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਉਸ ਨੂੰ ਕਿਧਰੇ ਲੁਕਾ ਦੇਵੇ, ਨਹੀਂ ਤਾਂ ਉਸ ਦੀ ਬੜੀ ਬਦਨਾਮੀ ਹੋਵੇਗੀ। ਸੁਦਾਗਰ ਦੀ ਪਤਨੀ ਦੇ ਕਹਿਣ ਉੱਤੇ ਜਦੋਂ ਉਹ ਸ਼ੀਰੇ ਵਾਲੇ ਟੋਏ ਵਿਚ ਵੜਿਆ, ਤਾਂ ਉਸ ਦਾ ਸਰੀਰ ਸ਼ੀਰੇ ਨਾਲ ਲਿਬੜ ਗਿਆ। ਜਦੋਂ ਉਹ ਘਬਰਾ ਕੇ ਬਾਹਰ ਨਿਕਲਿਆ ਤਾਂ ਸੁਦਾਗਰ ਦੀ ਪਤਨੀ ਨੇ ਉਸ ਨੂੰ ਖੰਭਾਂ ਵਾਲੇ ਟੋਏ ਵਿੱਚ ਧੱਕ ਦਿੱਤਾ ਤੇ ਨਾਲ ਹੀ ਦਰਵਾਜ਼ਾ ਖੋਲ੍ਹ ਦਿੱਤਾ। ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸ ਨੂੰ ਬਾਹਰ ਜਾਣ ਦੀ ਲੋੜ ਨਹੀਂ, ਕਿਉਂਕਿ ‘ਕੁੱਝ’ ਫੜ ਲਿਆ ਹੈ।
ਦੋਹਾਂ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਵਿੱਚੋਂ ਬਾਹਰ ਕੱਢਿਆ। ਸਰੀਰ ਉੱਤੇ ਬਹੁਤ ਸਾਰੇ ਖੰਭ ਚਿੰਬੜੇ ਹੋਣ ਕਰਕੇ ਰਾਜਾ ਪਛਾਣ ਨਹੀਂ ਸੀ ਹੁੰਦਾ।ਰਾਜਾ ਵੀ ਡਰਦਾ ਮਾਰਿਆ ਨਾ ਬੋਲਿਆ।
ਸੁਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿਚ ਰੱਸਾ ਪਾ ਕੇ ਕਿਹਾ ਕਿ ਉਸ ਨੂੰ ਵਜ਼ੀਰ ਦੇ ਹਵਾਲੇ ਕਰ ਆਈਂ। ਸੁਦਾਗਰ ਨੇ ਇਵੇਂ ਹੀ ਕੀਤਾ ਤੇ ਵਜ਼ੀਰ ਨੂੰ ‘ਕੁੱਝ’ ਸੌਂਪ ਕੇ ਆਪ ਘਰ ਆ ਗਿਆ। ਰਾਜਾ ਉੱਚੀ – ਉੱਚੀ ਰੋਣ ਲੱਗ ਪਿਆ। ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ। ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਬਾ ਕੀਤੀ।
ਦੂਜੇ ਦਿਨ ਸੁਦਾਗਰ ਨੇ ਰਾਜੇ ਦੇ ਦਰਬਾਰ ਵਿੱਚ ਦੱਸਿਆ ਕਿ ਉਸ ਨੇ ਵਜ਼ੀਰ ਨੂੰ ‘ਕੁੱਝ’ ਸੌਂਪ ਦਿੱਤਾ ਹੈ। ਰਾਜੇ ਨੇ ਕਿਹਾ ਕਿ ਉਸ ਨੇ ‘ਕੁੱਝ’ ਦੇਖ ਲਿਆ ਹੈ। ਉਸ ਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਸੁਦਾਗਰ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਦੇ ਘਰ ਚਰਨ ਪਾਏ। ਵਜ਼ੀਰ ਬੋਲਿਆ ਕਿ ਰਾਜਾ ਸਾਹਿਬ ਨੇ ਕਿਸੇ ਦੇ ਵੀ ਘਰ ਨਾ ਜਾਣ ਦੀ ਕਸਮ ਖਾਧੀ ਹੋਈ ਹੈ।