ਨੀਲ ਕੰਵਲ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਸੁਦਾਗਰ ਅਤੇ ਪਤਨੀ ਨੇ ਆਪਣੀ – ਆਪਣੀ ਸੁੱਖ – ਸਾਂਦ ਦੱਸਣ ਲਈ ਕਿਹੜਾ ਢੰਗ ਲੱਭਿਆ?

ਉੱਤਰ – ਸੁਦਾਗਰ ਨੇ ਆਪਣੀ ਪਤਨੀ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ ਕਿ ਜਦੋਂ ਤੱਕ ਇਹ ਇੰਞ ਚਮਕਦੀ ਰਹੇ, ਉਹ ਉਸ ਨੂੰ ਰਾਜ਼ੀ – ਖੁਸ਼ੀ ਸਮਝੇ, ਪਰ ਜਦੋਂ ਕਾਲੀ ਪੈ ਜਾਵੇ, ਤਾਂ ਉਹ ਉਸ ਨੂੰ ਬਿਮਾਰ ਸਮਝੇ ਤੇ ਜਦੋਂ ਉਸ ਉਪਰ ਲਹੂ ਸਿੰਮ ਪਵੇ, ਤਾਂ ਉਹ ਉਸ ਨੂੰ ਮਰਿਆ ਸਮਝੇ।

ਸੁਦਾਗਰ ਦੀ ਪਤਨੀ ਨੇ ਤਲਾ ਵਿੱਚੋਂ ਇੱਕ ਨੀਲ ਕੰਵਲ ਫੁੱਲ ਤੋੜ ਕੇ ਕੁੱਜੇ ਵਿੱਚ ਪਾ ਕੇ ਆਪਣੇ ਪਤੀ ਸੁਦਾਗਰ ਨੂੰ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਫੁੱਲ ਖਿੜਿਆ ਰਹੇ, ਉਹ (ਸੁਦਾਗਰ) ਸਮਝੇ ਕਿ ਉਹ ਰਾਜ਼ੀ – ਖੁਸ਼ੀ ਹੈ, ਪਰ ਜਦੋਂ ਉਹ ਮੁਰਝਾ ਜਾਵੇ, ਤਾਂ ਉਹ ਸਮਝੇ ਕਿ ਉਹ ਮੁਸੀਬਤ ਵਿੱਚ ਹੈ।

ਪ੍ਰਸ਼ਨ 2 . ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਇੱਛਾ ਕਿਵੇਂ ਪੈਦਾ ਹੋਈ?

ਉੱਤਰ – ਜਦੋਂ ਸੁਦਾਗਰ ਦੇ ਹੀਰੇ ਮੋਤੀ ਦੇਖ ਰਹੇ ਰਾਜੇ ਨੇ ਕੁੱਜੇ ਵਿੱਚ ਬਿਨਾਂ ਪਾਣੀ ਤੋਂ ਪਏ ਕੰਵਲ ਦੇ ਫੁੱਲ ਨੂੰ ਤਾਜ਼ਾ ਤੇ ਖਿੜਿਆ ਦੇਖਿਆ, ਤਾਂ ਉਸ ਦੇ ਪੁੱਛਣ ਤੇ ਸੁਦਾਗਰ ਨੇ ਉਸ ਨੀਲ ਕੰਵਲ ਦੀ ਖਾਸੀਅਤ ਅਤੇ ਆਪਣੇ ਪਤਨੀ ਪ੍ਰੇਮ ਬਾਰੇ ਦੱਸਿਆ, ਇਹ ਸੁਣ ਕੇ ਰਾਜੇ ਨੂੰ ਲੱਗਾ ਕਿ ਸੁਦਾਗਰ ਦੀ ਪਤਨੀ ਜ਼ਰੂਰ ਸੁੰਦਰ ਤੇ ਗੁਣਵਾਨ ਹੋਵੇਗੀ, ਇਸ ਕਰਕੇ ਉਸ ਦੇ ਮਨ ਵਿੱਚ ਉਸ ਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ।

ਪ੍ਰਸ਼ਨ 3 . ‘ਨੀਲ ਕੰਵਲ’ ਕਹਾਣੀ ਵਿਚ ਸੁਦਾਗਰ ਦੀ ਪਤਨੀ ਦੀ ਸਿਆਣਪ ਕਿੱਥੇ – ਕਿੱਥੇ ਪ੍ਰਗਟ ਹੁੰਦੀ ਹੈ?

ਉੱਤਰ – ਇਸ ਕਹਾਣੀ ਵਿਚ ਜਦੋਂ ਫੱਫੇਕੁੱਟਣੀਆਂ ਤੇ ਠੱਗਾਂ ਦੀ ਅਸਲੀਅਤ ਸਮਝਣ, ਉਨ੍ਹਾਂ ਨੂੰ ਭੰਗ ਦੇ ਪਕੌੜੇ ਖੁਆ ਕੇ ਸੁੱਤੇ ਰੱਖਣ, ਰਾਜੇ ਦੀ ‘ਕੁੱਝ’ ਪ੍ਰਾਪਤੀ ਦੀ ਅਸਲੀਅਤ ਨੂੰ ਸਮਝਣ, ਵਜ਼ੀਰ ਟਾਵ ਰਾਜੇ ਦੀ ਆਉ – ਭਗਤ ਕਰ ਕੇ ਚਲਾਕੀ ਨਾਲ ਆਪਣਾ ਬਚਾ ਕਰ ਕੇ ਡੋਲੇ ਵਿੱਚ ਫੱਫੇਕੁੱਟਣੀਆਂ ਤੇ ਠੱਗਾਂ ਨੂੰ ਪਾ ਕੇ ਉਨ੍ਹਾਂ ਦੇ ਨਾਲ ਭੇਜਣ ਤੇ ਅੰਤ ਰਾਜੇ ਨੂੰ ਸੀਰੇ ਤੇ ਖੰਭਾਂ ਨਾਲ ਲਬੇੜ ਕੇ ‘ਕੁੱਝ’ ਬਣਾ ਦੇਣ ਵਿੱਚੋਂ ਸੁਦਾਗਰ ਦੀ ਪਤਨੀ ਦੀ ਬੁੱਧੀਮੱਤਾ ਪ੍ਰਗਟ ਹੁੰਦੀ ਹੈ।

ਪ੍ਰਸ਼ਨ 4 . ਸੁਦਾਗਰ ਦੀ ਪਤਨੀ ਨੇ ਫੱਫੇਕੁੱਟਣੀਆਂ ਅਤੇ ਠੱਗਾਂ ਨਾਲ ਕਿਵੇਂ ਨਜਿੱਠਿਆ?

ਉੱਤਰ – ਸੁਦਾਗਰ ਦੀ ਪਤਨੀ ਨੇ ਫੱਫੇਕੁੱਟਣੀਆਂ ਅਤੇ ਠੱਗਾਂ ਨੂੰ ਭੰਗ ਦੇ ਪਕੌੜੇ ਖੁਆ ਕੇ ਸੁਲਾਈ ਰੱਖਿਆ ਤੇ ਫਿਰ ਉਨ੍ਹਾਂ ਨੂੰ ਰਾਜੇ ਦੇ ਡੋਲੇ ਵਿੱਚ ਪਾ ਕੇ ਵਾਪਸ ਉੱਥੇ ਪੁਚਾ ਦਿੱਤਾ, ਜਿੱਥੋਂ ਉਹ ਆਏ ਸਨ।

ਪ੍ਰਸ਼ਨ 5 . ਰਾਜੇ ਨੇ ਸੁਦਾਗਰ ਦੀ ਪਤਨੀ ਨੂੰ ਪ੍ਰਾਪਤ ਕਰਨ ਲਈ ਕਿਹੜੇ – ਕਿਹੜੇ ਹਥਕੰਡੇ ਵਰਤੇ?

ਉੱਤਰ – ਰਾਜੇ ਨੇ ਸੁਦਾਗਰ ਦੀ ਪਤਨੀ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਫੱਫੇਕੁੱਟਣੀਆਂ ਤੇ ਫਿਰ ਠੱਗਾਂ ਨੂੰ ਭੇਜਿਆ ਪਰ ਜਦ ਉਹ ਵਾਪਸ ਨਾ ਪਰਤੇ, ਤਾਂ ਉਹ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਸੁਦਾਗਰ ਦੇ ਘਰ ਜਾ ਕੇ ਉਸ ਦੀ ਪਤਨੀ ਨੂੰ ਮਿਲਿਆ ਅਤੇ ਉਸ ਦੀ ਚਲਾਕੀ ਨੂੰ ਨਾ ਸਮਝਦਿਆਂ ਉਸ ਦੀ ਦਾਸੀ ਨਾਲ ਗੰਢ – ਸੰਢ ਕਰ ਕੇ ਮੂੰਹ ਦੀ ਖਾਧੀ।

ਅੰਤ ਉਸ ਨੇ ਸੁਦਾਗਰ ਨੂੰ ਮੰਤਰੀ ਬਣਾ ਕੇ ਉਸ ਦੀ ਪਤਨੀ ਨੂੰ ਆਪਣੇ ਸ਼ਹਿਰ ਵਿੱਚ ਮੰਗਵਾ ਲਿਆ। ਫਿਰ ਉਸ ਨੇ ਵਜ਼ੀਰ ਰਾਹੀਂ ਸੁਦਾਗਰ ਨੂੰ ‘ਕੁੱਝ’ ਲੈਣ ਲਈ ਕਿਤੇ ਬਾਹਰ ਭੇਜਣ ਦੀ ਚਾਲ ਚੱਲੀ, ਪਰ ਸੁਦਾਗਰ ਦੀ ਪਤਨੀ ਦੀ ਸਿਆਣਪ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ।

ਪ੍ਰਸ਼ਨ 6 . ਵਜ਼ੀਰ ਨੇ ਕਿਹਾ, “ਰਾਜਾ ਸਾਹਿਬ ਨੇ ਕਿਸੇ ਦੇ ਘਰ ਨਾ ਜਾਣ ਦੀ ਕਸਮ ਖਾਧੀ ਹੋਈ ਹੈ।” ‘ਨੀਲ ਕੰਵਲ’ ਕਹਾਣੀ ਦੇ ਪ੍ਰਸੰਗ ਵਿੱਚ ਇਸ ਕਥਨ ਦਾ ਕੀ ਅਰਥ ਹੈ?

ਉੱਤਰ –  ‘ਨੀਲ ਕੰਵਲ’ ਕਹਾਣੀ ਦੇ ਪ੍ਰਸੰਗ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਇੱਕ ਵਿਅੰਗਾਤਮਕ ਵਾਕ ਹੈ। ਇਸ ਵਿੱਚੋਂ ਰਾਜੇ ਦੀ ਸ਼ਰਮਿੰਦਗੀ ਵੀ ਪ੍ਰਗਟ ਹੁੰਦੀ ਹੈ, ਜਿਹੜੀ ਉਸ ਨੂੰ ਸੁਦਾਗਰ ਦੇ ਘਰ ਜਾ ਕੇ ਉਸ ਦੀ ਪਤਨੀ ਦੇ ਹੱਥੋਂ ‘ਕੁੱਝ’ ਬਣ ਕੇ ਉਠਾਉਣੀ ਪਈ ਸੀ। ਇਸ ਤਰ੍ਹਾਂ ਇਸ ਵਾਕ ਦਾ ਅਰਥ ਇਹ ਸੀ ਕਿ ਰਾਜਾ ਸਾਹਿਬ ਉਸ (ਸੁਦਾਗਰ) ਦੀ ਪਤਨੀ ਦੇ ਹੱਥੋਂ ਹੋਈ ਬੇਇੱਜਤੀ ਕਾਰਨ ਬੁਰੀ ਤਰ੍ਹਾਂ ਠਿੱਠ ਹੋਏ ਪਏ ਸਨ।