ਨੀਲੀ : ਕਰਤਾਰ ਸਿੰਘ ਦੁੱਗਲ


ਪਾਤਰ-ਚਿਤਰਨ : ਲੇਖਕ ਦੀ ਪਤਨੀ


ਪ੍ਰਸ਼ਨ. ‘ਨੀਲੀ’ ਕਹਾਣੀ ਦੇ ਲੇਖਕ ਦੀ ਪਤਨੀ ਦਾ ਪਾਤਰ-ਚਿਤਰਨ 125 ਤੋ 250 ਸ਼ਬਦਾਂ ਵਿੱਚ ਕਰੋ।

ਉੱਤਰ : ਨੀਲੀ ਕਹਾਣੀ ਵਿੱਚ ਲੇਖਕ ਦੀ ਪਤਨੀ ਚਰਚਿਤ ਪਾਤਰ ਹੈ। ਕਹਾਣੀ ਵਿੱਚ ਉਹ ਗਵਾਲੇ ਨੂੰ ਲਗਾਤਾਰ ਵੱਛੀ ਬਾਰੇ ਚੇਤੰਨ ਕਰਦੀ ਰਹਿੰਦੀ ਹੈ। ਪਰ ਗਵਾਲਾ ਉਸ ਦੀ ਗੱਲ ਨੂੰ ਅਣਸੁਣੀ ਕਰ ਦਿੰਦਾ ਹੈ ਜਿਸ ਕਰਕੇ ਕਹਾਣੀ ਵਿੱਚ ਦੁਖਾਂਤ ਵਾਪਰਦਾ ਹੈ।

(1) ਸਮਝਦਾਰ ਔਰਤ : ਲੇਖਕ ਦੀ ਪਤਨੀ ਨੇ ਗਵਾਲੇ ਦੇ ਬਹੁਤ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਆਪਣੀ ਸਮਝਦਾਰੀ ਨਾਲ ਨੀਲੀ ਨੂੰ ਪਸੰਦ ਕੀਤਾ ਸੀ। ਉਹ ਗਾਂ ਬਾਰੇ ਅਤੇ ਉਸ ਦੇ ਚਾਰੇ ਲਈ ਸਮੇਂ-ਸਮੇਂ ‘ਤੇ ਗਵਾਲੇ ਨੂੰ ਕਹਿੰਦੀ ਰਹਿੰਦੀ ਸੀ।

(2) ਆਪਣੀ ਗੱਲ ਕਹਿਣ ਵਾਲੀ : ਲੇਖਕ ਦੀ ਪਤਨੀ ਗਵਾਲੇ ਨੂੰ ਗਾਂ ਅਤੇ ਵੱਛੀ ਦੀ ਦੇਖ ਭਾਲ ਲਈ ਕਹਿੰਦੀ ਰਹਿੰਦੀ ਸੀ। ਉਹ ਗਾਂ ਦੀ ਖੁਰਾਕ ਦੇ ਨਾਲ-ਨਾਲ ਵੱਛੀ ਨੂੰ ਵੀ ਦੁੱਧ ਛੱਡਣ ਲਈ ਗਵਾਲੇ ਨੂੰ ਕਹਿੰਦੀ ਸੀ ਤਾਂ ਕਿ ਉਹ ਵਧੀਆ ਗਾਂ ਬਣ ਸਕੇ।

(3) ਕੀਤੇ ਇਕਰਾਰ ਅਨੁਸਾਰ ਚੱਲਣ ਵਾਲ਼ੀ : ਲੇਖਕ ਦੀ ਪਤਨੀ ਨੇ ‘ਗਾਂ’ ਪਸੰਦ ਕਰਨ ਤੋਂ ਬਾਅਦ ਦੁੱਧ ਦਾ ਭਾਅ ਚੁਕਾਇਆ ਸੀ ਤੇ ਗਵਾਲੇ ਵੱਲੋਂ ਗਾਂ ਨੂੰ ਵਧੀਆ ਖੁਰਾਕ ਦੇਣ ਦੀ ਸ਼ਰਤ ਲਾਈ ਸੀ। ਇਸ ਲਈ ਉਹ ਕਦੇ-ਕਦੇ ਚਾਰੇ ਦੀ ਟੋਕਰੀ ਦੇਖਦੀ ਰਹਿੰਦੀ ਸੀ।

(4) ਜਾਨਵਰਾਂ ਪ੍ਰਤਿ ਸੰਵੇਦਨਸ਼ੀਲ : ਲੇਖਕ ਦੀ ਪਤਨੀ ਗਵਾਲੇ ਨੂੰ ਵੱਛੀ ਨੂੰ ਦੁੱਧ ਛੱਡਣ ਲਈ ਕਹਿੰਦੀ ਰਹਿੰਦੀ ਸੀ ਤਾਂ ਜੋ ਉਹ ਵੱਡੀ ਹੋ ਕੇ ਵਧੀਆ ਗਾਂ ਬਣ ਸਕੇ। ਵੱਛੀ ਦੇ ਮਰਨ ‘ਤੇ ਉਸ ਨੇ ਕਿਹਾ ਸੀ, “ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗੁਆ ਲਈ ਏ।” ਇਸ ਤਰ੍ਹਾਂ ਲੇਖਕ ਦੀ ਪਤਨੀ ਜਾਨਵਰਾਂ ਪ੍ਰਤਿ ਸੰਵੇਦਨਸ਼ੀਲ ਹੈ।

(5) ਹਾਲਤ ਸਮਝਣ ਵਾਲ਼ੀ : ਵੱਛੀ ਦੇ ਮਰਨ ਦੀ ਵਜ੍ਹਾ ਨੂੰ ਜਾਣਨ ਦੇ ਬਾਵਜੂਦ ਉਹ ਗਵਾਲੇ ਨੂੰ ਕੁਝ ਨਹੀਂ ਕਹਿੰਦੀ। ਕਿਉਂਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਗਵਾਲੇ ਦੀ ਹਾਲਤ ਨੂੰ ਜਾਣਦੀ ਹੋਈ ਚੁੱਪ ਕਰ ਜਾਂਦੀ ਹੈ।

ਇਸ ਤਰ੍ਹਾਂ ਲੇਖਕ ਦੀ ਪਤਨੀ ‘ਨੀਲੀ’ ਕਹਾਣੀ ਦੀ ਇੱਕ ਸੰਵੇਦਨਸ਼ੀਲ ਪਾਤਰ ਹੈ।