ਨਿੱਕੀ ਕਹਾਣੀ

ਨਿੱਕੀ ਕਹਾਣੀ ਦੀ ਪਰਿਭਾਸ਼ਾ

ਨਿੱਕੀ ਕਹਾਣੀ ਦੀ ਪਰਿਭਾਸ਼ਾ ਤੇ ਲੱਛਣ : ਆਧੁਨਿਕ ਸਾਹਿਤ ਵਿੱਚ ਨਿੱਕੀ ਕਹਾਣੀ ਇੱਕ ਅਜਿਹਾ ਸਾਹਿਤ ਰੂਪ ਹੈ ਜੋ ਨਵੀਨ ਵੀ ਹੈ ਤੇ ਪੁਰਾਣਾ ਵੀ। ਇਸ ਦਾ ਵਰਤਮਾਨ ਮੁਹਾਂਦਰਾ ਆਧੁਨਿਕ ਪੱਛਮੀ ਕਹਾਣੀ ਦੀ ਦੇਣ ਹੈ। ਅੰਗਰੇਜ਼ੀ ਵਿੱਚ ਇਸ ਸਾਹਿਤ ਰੂਪ ਨੂੰ short story ਕਿਹਾ ਜਾਂਦਾ ਹੈ।

ਕਹਾਣੀ ਦਾ ਜਨਮ ਮਨੁੱਖ ਦੇ ਜਨਮ ਨਾਲ ਹੀ ਹੋ ਗਿਆ ਸੀ। ਜਦੋਂ ਮਨੁੱਖ ਕੋਲ ਅਜੇ ਸ਼ਬਦਾਂ ਦੀ ਕਰਾਮਾਤ ਨਹੀਂ ਸੀ, ਉਸ ਸਮੇਂ ਵੀ ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਇਸ਼ਾਰਿਆਂ ਨਾਲ ਹੋਈਆਂ-ਬੀਤੀਆਂ ਘਟਨਾਵਾਂ ਬਾਰੇ ਕਹਾਣੀ ਸੁਣਾਉਂਦਾ ਸੀ। ਕਹਾਣੀ ਸਾਹਿਤ ਨੇ ਇਤਿਹਾਸਕ ਤੇ ਮਿਥਿਹਾਸਕ ਕ੍ਰਮ ਵਿੱਚ ਸਮੇਂ-ਸਮੇਂ ਕਈ ਰੂਪ ਬਦਲੇ ਹਨ। ਇਹ ਬਾਤ, ਲੋਕ ਕਥਾ, ਦੰਤ ਕਥਾ, ਸਾਖੀ ਆਦਿ ਰੂਪਾਂ ਵਿੱਚੋਂ ਸਫ਼ਰ ਕਰਦੀ ਹੋਈ ਅਜੋਕੇ ਰੂਪ ਤੱਕ ਪੁੱਜੀ ਹੈ। ਪ੍ਰੋ. ਗੁਰਦਿਆਲ ਸਿੰਘ ਫੁੱਲ ਦੇ ਵਿਚਾਰ ਹਨ “ਬਾਤ ਵੀ ਇੱਕ ਕਹਾਣੀ ਹੈ। ਲੋਕ-ਕਥਾ ਵੀ ਇੱਕ ਕਹਾਣੀ ਹੈ ਤੇ ਨਾਵਲ ਵੀ ਕਹਾਣੀ ’ਤੇ ਪਲਿਆ ਰੁੱਖ ਹੈ।”

ਕਹਾਣੀ ਵਿਚਲੇ ਸੁਹਜ-ਸੁਆਦ ਨੂੰ ਹਰ ਵਰਗ, ਹਰ ਉਮਰ ਤੇ ਹਰ ਰੁਚੀ ਵਾਲਾ ਮਨੁੱਖ ਮਾਣਦਾ ਹੈ। ਪਰਿਭਾਸ਼ਾਵਾਂ : ਐਡਗਰ ਐਲਨ ਪੋ ਅਨੁਸਾਰ, “ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੈ ਜਿਸ ਨੂੰ ਇਕੋ ਬੈਠਕ ਵਿੱਚ ਪੜ੍ਹਿਆ ਜਾ ਸਕੇ ਅਤੇ ਜੋ ਪਾਠਕਾਂ ਉੱਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੇ।

ਐਲਰੀ ਸੇਜਵਿਕ ਅਨੁਸਾਰ “ਨਿੱਕੀ ਕਹਾਣੀ ਘੋੜ-ਦੌੜ ਵਾਂਗ ਹੈ। ਜਿਸ ਵਿੱਚ ਅਰੰਭ ਅਤੇ ਅੰਤ ਹੀ ਮਹੱਤਵਪੂਰਨ ਹਨ।

‘ਮੋਪਾਸਾ’ ਅਨੁਸਾਰ ਨਿੱਕੀ ਕਹਾਣੀ ਦਾ ਨਿਸ਼ਚਤ ਅਰੰਭ, ਮੱਧ ਅਤੇ ਅੰਤ ਹੋਣਾ ਚਾਹੀਦਾ ਹੈ।

ਪੰਜਾਬੀ ਦੇ ਮਹਾਨ ਕਹਾਣੀਕਾਰ ਡਾ: ਸਵਿੰਦਰ ਸਿੰਘ ਉਪਲ ਅਨੁਸਾਰ “ਨਿੱਕੀ ਕਹਾਣੀ ਗਲਪ ਦਾ ਉਹ ਨਵੀਨ ਰੂਪ ਹੈ ਜੋ ਕਲਾਤਮਕ ਗੇਂਦ ਰਾਹੀਂ ਕਿਸੇ ਇੱਕ ਮੁਖੀ ਘਟਨਾ ਜਾਂ ਇੱਕ ਮੁਖੀ ਪਾਤਰ ਦਾ ਨਾਟਕੀ ਬਿਆਨ ਸੰਜਮਤਾ ਨਾਲ ਇਸ ਤਰ੍ਹਾਂ ਕਰਦੀ ਹੈ ਕਿ ਉਸਦਾ ਪ੍ਰਭਾਵ ਸੰਪੂਰਨ ਇਕਹਿਰਾ ਹੋ ਨਿਬੜਦਾ ਹੈ।”

ਨਿੱਕੀ ਕਹਾਣੀ ਦੇ ਗੁਣ : ਨਿੱਕੀ ਕਹਾਣੀ ਦੇ ਆਪਣੇ ਵਿਸ਼ੇਸ਼ ਗੁਣ ਹਨ ਜਿਨ੍ਹਾਂ ਸਦਕਾ ਇਹ ਸਾਹਿਤ ਵਿੱਚ ਵਧੇਰੇ ਮਕਬੂਲ ਹੋਈ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :

ਅਕਾਰ : ਕਹਾਣੀ ਦੀ ਪਹਿਲੀ ਵਿਸ਼ੇਸ਼ਤਾ ਹੈ ਕਿ ਇਸ ਦਾ ਅਕਾਰ ਛੋਟਾ ਹੁੰਦਾ ਹੈ। ਇਸ ਵਿੱਚ ਜ਼ਿੰਦਗੀ ਦੀ ਸਮੁੱਚਤਾ ਨੂੰ ਪੇਸ਼ ਕਰਨ ਦੀ ਥਾਂ ਜ਼ਿੰਦਗੀ ਦੇ ਸਿਰਫ਼ ਵਿਸ਼ੇਸ਼ ਅਨੁਭਵ ਹੀ ਪੇਸ਼ ਕੀਤੇ ਜਾਂਦੇ ਹਨ। ਇਸ ਲਈ ਕਹਾਣੀ ਦੀ ਵਿਸ਼ੇਸ਼ਤਾ ਇਸ ਦਾ ਇੱਕ ਵਿਸ਼ੇਸ਼ ਛਿਣ, ਵਿਸ਼ੇਸ਼ ਅਨੁਭਵ ਜਾਂ ਭਾਵ ਦਾ ਤੀਖਣ ਪ੍ਰਗਟਾਅ ਮੰਨਿਆ ਜਾ ਸਕਦਾ ਹੈ। ਇੱਕ ਨਿੱਕੀ ਜਿਹੀ ਘਟਨਾ ਦਾ ਬਹੁਪੱਖੀ ਪ੍ਰਗਟਾਵਾ ਹੀ ਇਸ ਦਾ ਵਿਸ਼ੇਸ਼ ਗੁਣ ਹੁੰਦਾ ਹੈ।

ਪ੍ਰਭਾਵ ਦੀ ਏਕਤਾ : ਨਿੱਕੀ ਕਹਾਣੀ ਵਿੱਚ ਸਮੇਂ ਅਤੇ ਸਥਾਨ ਨਾਲੋਂ ਪ੍ਰਭਾਵ ਦੀ ਏਕਤਾ ਕਾਇਮ ਰਹਿਣੀ ਚਾਹੀਦੀ ਹੈ। ਕਹਾਣੀ ਵਿੱਚ ਜ਼ਿੰਦਗੀ ਦੇ ਅਜਿਹੇ ਛਿਣ ਬਿਆਨ ਹੋਣੇ ਚਾਹੀਦੇ ਹਨ ਜਿਹੜੇ ਸਾਡੇ ਮਨ ਉਪਰ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹੋਣ।

ਕਲਾਤਮਿਕਤਾ : ਨਿੱਕੀ ਕਹਾਣੀ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਕਲਾਤਮਿਕਤਾ ਹੀ ਪ੍ਰਮੁੱਖ ਗੁਣ ਹੁੰਦਾ ਹੈ। ਨਿੱਕੀ ਕਹਾਣੀ ਨੂੰ ਹਮੇਸ਼ਾ ਨਿੱਕੀ ਕਹਾਣੀ ਸਾਹਿਤ ਰੂਪ ਦੀਆਂ ਸੀਮਾਵਾਂ ਅੰਦਰ ਰਹਿ ਕੇ ਹੀ ਲਿਖਣਾ ਚਾਹੀਦਾ ਹੈ। ਕਿਉਂਕਿ ਬੇਲੋੜਾ ਵਿਸਥਾਰ ਨਾਵਲੀ ਰੂਪ ਲੈ ਸਕਦਾ ਹੈ ਤੇ ਸਿੱਧੀ ਬਿਆਨਬਾਜ਼ੀ ਸਿਰਫ਼ ਦਸਤਾਵੇਜ਼ ਹੀ ਬਣ ਸਕਦਾ ਹੈ ਜੋ ਪ੍ਰਚਾਰ ਦਾ ਸਾਧਨ ਹੈ। ਇਸ ਤਰ੍ਹਾਂ ਨਿੱਕੀ ਕਹਾਣੀ ਦਾ ਕਮਾਲ ਉਸ ਦੀ ਕਲਾਤਮਿਕਤਾ ਹੀ ਹੈ।

ਰੌਚਕਤਾ : ਨਿੱਕੀ ਕਹਾਣੀ ਵਿੱਚ ਅਜਿਹੀ ਰੌਚਕਤਾ ਹੋਣੀ ਚਾਹੀਦੀ ਹੈ ਕਿ ਪਾਠਕ ਉਤਸੁਕਤਾ ਨਾਲ ਜਾਣਨ ਲਈ ਉਤਾਵਲਾ ਹੋ ਜਾਵੇ ਕਿ ਅੱਗੋਂ ਕੀ ਹੋਇਆ?

ਗਤੀਸ਼ੀਲਤਾ : ਨਿੱਕੀ ਕਹਾਣੀ ਦੀ ਚਾਲ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ। ਜਿਵੇਂ ਨਾਵਲ ਵਾਂਗ ਇਸ ਦੀ ਚਾਲ ਮੱਠੀ ਨਹੀਂ ਹੋਣੀ ਚਾਹੀਦੀ। ਸਗੋਂ ਤੇਜ਼ ਤੇ ਗਤੀਸ਼ੀਲ ਹੋਣੀ ਚਾਹੀਦੀ ਹੈ। ਕਹਾਣੀ ਵਿਚਲੀ ਘਟਨਾ ਤੇਜ਼ੀ ਨਾਲ ਅੱਗੇ ਵਧਦੀ ਜਾਵੇ ਤਾਂ ਇਹ ਵਧੇਰੇ ਪ੍ਰਭਾਵਸ਼ੀਲ ਹੁੰਦੀ ਹੈ।

ਕਹਾਣੀ ਦੇ ਤੱਤ

ਕਹਾਣੀ ਦੇ ਮੁੱਖ ਤੱਤ ਇਹ ਹਨ :

ਪਲਾਟ : ਕਹਾਣੀ ਦਾ ਪਲਾਟ, ਗੋਂਦ ਜਾਂ ਕਥਾਨਕ ਸੰਖੇਪ ਤੇ ਸਰਲ ਹੁੰਦਾ ਹੈ। ਕਥਾਨਕ ਦਾ ਅਰੰਭ ਬੜਾ ਨਾਟਕੀ ਹੁੰਦਾ ਹੈ ਅਤੇ ਕਹਾਣੀ ਪਹਿਲੀ ਤੁਕ ਵਿੱਚ ਹੀ ਸਮੱਸਿਆ ਦੀ ਸੂਚਨਾ ਦੇ ਦਿੰਦੀ ਹੈ। ਫਿਰ ਕਹਾਣੀ ਮਘਦੇ ਕਾਰਜ ਨਾਲ ਸਿਖਰ ਵੱਲ ਵਧਦੀ ਹੈ ਅਤੇ ਅੰਤ ਸੁਝਾਊ ਤੇ ਹੈਰਾਨੀਜਨਕ ਹੁੰਦਾ ਹੈ। ਆਮ ਤੌਰ ‘ਤੇ ਕਹਾਣੀ ਦਾ ਅੰਤ ਬੰਦੂਕ ਵਿੱਚੋਂ ਨਿਕਲੀ ਗੋਲੀ ਵਾਂਗ ਝਟਪਟਾ ਹੁੰਦਾ ਹੈ ਤੇ ਬਹੁਤ ਕੁਝ ਪਾਠਕਾਂ ਦੀ ਕਲਪਨਾ ’ਤੇ ਅਣਕਿਹਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਿੱਕੀ ਕਹਾਣੀ ਦੀ ਗੋਂਦ ਕੱਸਵੀਂ ਤੇ ਚੁਸਤ ਹੁੰਦੀ ਹੈ। ਪਲਾਟ ਵਿਚਲੀਆਂ ਘਟਨਾਵਾਂ ਲੜੀਬੱਧ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹੁੰਦੀਆਂ ਹਨ। ਸਮੇਂ, ਸਥਾਨ ਤੇ ਪ੍ਰਭਾਵ ਦੀ ਏਕਤਾ ਹੋਣੀ ਚਾਹੀਦੀ ਹੈ।

ਪਾਤਰ-ਚਿਤਰਨ : ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪ੍ਰਭਾਵ ਦੀ ਏਕਤਾ ਕਾਇਮ ਰੱਖਣ ਲਈ ਘੱਟ ਪਾਤਰ ਹੀ ਵਿਸ਼ੇਸ਼ ਪਾਤਰਾਂ ਦੇ ਕਿਰਦਾਰ ਨੂੰ ਸਮੁੱਚੀਆਂ ਸੰਭਾਵਨਾਵਾਂ ਸਹਿਤ ਨਿਖਾਰ ਸਕਦੇ ਹਨ। ਨਿੱਕੀ ਕਹਾਣੀ ਵਿੱਚ ਵਧੇਰੇ ਪਾਤਰਾਂ ਨਾਲ ਨਾਵਲੀ ਰੂਪ ਵਾਲਾ ਪ੍ਰਭਾਵ ਪੈਦਾ ਹੋ ਸਕਦਾ ਹੈ।

ਵਾਰਤਾਲਾਪ : ਕਹਾਣੀ ਵਿੱਚ ਵਾਰਤਾਲਾਪ ਬੇਰੋਕ, ਚੁਸਤ, ਸੁਭਾਵਕ ਤੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ। ਪਾਤਰਾਂ ਦੀ ਹਾਜ਼ਰ-ਜਵਾਬੀ, ਤੁਰੰਤ, ਛੋਟੇ ਵਾਕ ਤੇ ਤੇਜ਼ ਗਤੀ ਨਾਲ ਕਹਾਣੀ ਦੀ, ਪ੍ਰਭਾਵਸ਼ਾਲੀਤਾ ਰੌਚਕਤਾ ਕਾਇਮ ਰਹਿੰਦੀ ਹੈ।

ਵਾਤਾਵਰਨ ਤੇ ਦ੍ਰਿਸ਼ ਚਿਤਰਨ : ਕਹਾਣੀ ਵਿੱਚ ਜੀਵਨ ਦੀ ਵਿਸ਼ੇਸ਼ ਘਟਨਾ ਜਾਂ ਪ੍ਰਸਥਿਤੀ ਦਾ ਭਾਵੁਕ ਪ੍ਰਗਟਾਵਾ ਹੁੰਦਾ ਹੈ, ਜਿਸ ਕਰਕੇ ਉਸ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਨ ਦੇ ਚਿਤਰਨ ਰਾਹੀਂ ਪੇਸ਼ ਕਰਨ ਨਾਲ ਯਥਾਰਥਕਤਾ ਤੇ ਸੁਭਾਵਕਤਾ ਦੇ ਦੋ ਵਿਸ਼ੇਸ਼ ਗੁਣ ਸੰਭਵ ਹੁੰਦੇ ਹਨ। ਜਿਵੇਂ ਸੁਜਾਨ ਸਿੰਘ ਦੀ ਕਹਾਣੀ ‘ਬਾਗ਼ਾਂ ਦਾ ਰਾਖਾ’ ਸਿਰਫ਼ ਇੱਕ ਗ਼ਰੀਬ ਮੁੰਡੇ ‘ਬਾਰੂ’ ਦੀ ਦਾਸਤਾਨ ਹੀ ਨਹੀਂ ਬਲਕਿ ਸਮਾਜ ਦੇ ਨਿਜ਼ਾਮ ’ਤੇ ਵਿਅੰਗ ਹੈ।

ਭਾਸ਼ਾ ਤੇ ਸ਼ੈਲੀ : ਕਹਾਣੀ ਵਿੱਚ ਸ਼ਬਦਾਂ ਦਾ ਸਜੀਵ, ਢੁਕਵਾਂ ਰੌਚਕ, ਸੰਕੇਤਕ ਅਤੇ ਪ੍ਰਭਾਵਸ਼ਾਲੀ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਬਿਰਤਾਂਤ ਸਿਰਜਣ ਸਮੇਂ ਲੋਕ ਮੁਹਾਵਰੇ ਤੇ ਅਖਾਣਾਂ ਦੀ ਵਰਤੋਂ ਨਾਲ ਵਧੇਰੇ ਪ੍ਰਭਾਵ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਤਰਾਂ ਦੀ ਮਾਨਸਿਕਤਾ, ਵਿੱਦਿਅਕ ਪੱਧਰ ਤੇ ਸੁਭਾਅ ਦੇ ਅਨੁਸਾਰ ਹੀ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਕਹਾਣੀਕਾਰ ਵਿਸ਼ੇ ਦੇ ਪ੍ਰਗਟਾਅ ਲਈ ਢੁਕਵੀਂ ਕਥਾਤਮਕ ਸ਼ੈਲੀ, ਆਤਮ ਕਥਾ ਸ਼ੈਲੀ, ਵਾਰਤਾਲਾਪੀ ਸ਼ੈਲੀ ਆਦਿ ਦੇ ਕਿਸੇ ਦੀ ਵੀ ਵਰਤੋਂ ਕਰ ਸਕਦਾ ਹੈ।

ਉਦੇਸ਼ : ਹਰ ਕਹਾਣੀ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਕਹਾਣੀਕਾਰ ਉਦੇਸ਼ ਨੂੰ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਦੁਆਰਾ ਪੇਸ਼ ਕਰਦਾ ਹੈ। ਆਧੁਨਿਕ ਕਹਾਣੀਆਂ ਆਮ ਤੌਰ ‘ਤੇ ਕਿਸੇ ਸੱਚ ਦੀ ਪੇਸ਼ਕਾਰੀ ਕਰਦੀਆਂ ਹਨ। ਇਹ ਸੱਚ ਮਨੋਵਿਗਿਆਨਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਵੀ ਹੋ ਸਕਦਾ ਹੈ।

ਪੰਜਾਬੀ ਕਹਾਣੀ ਦਾ ਅਰੰਭ : ਭਾਈ ਮੋਹਨ ਸਿੰਘ ਵੈਦ ਦੀਆਂ ਕਹਾਣੀਆਂ (ਹੀਰੇ ਦੀਆਂ ਕਣੀਆਂ, ਰੰਗ-ਬਿਰੰਗੇ ਫੁੱਲ) ਨਾਲ ਪੰਜਾਬੀ ਨਿੱਕੀ ਕਹਾਣੀ ਦਾ ਮੁੱਢਲਾ ਦੌਰ ਅਰੰਭ ਹੁੰਦਾ ਹੈ। ਇਨ੍ਹਾਂ ਦੀਆਂ ਕਹਾਣੀਆਂ ਸੁਧਾਰਵਾਦੀ ਤੇ ਆਦਰਸ਼ਵਾਦੀ ਹਨ। ਇਸੇ ਦੌਰ ਵਿੱਚ ਚਰਨ ਸਿੰਘ ਸ਼ਹੀਦ ਨੇ ‘ਹੱਸਦੇ ਹੰਝੂ’ ਕਹਾਣੀ ਸੰਗ੍ਰਹਿ ਲਿਖਿਆ।

ਪ੍ਰਮੁੱਖ ਪੰਜਾਬੀ ਕਹਾਣੀਕਾਰ ਤੇ ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ

ਗੁਰਬਖ਼ਸ਼ ਸਿੰਘ ਪ੍ਰੀਤਲੜੀ : ਅਨੋਖੇ ਤੋਂ ਇਕੱਲੇ, ਭਾਬੀ ਮੈਨਾ, ਨਾਗ ਪ੍ਰੀਤ ਦਾ ਜਾਦੂ, ਵੀਣਾ-ਵਿਨੋਦ, ਪ੍ਰੀਤ ਕਹਾਣੀਆਂ, ਪ੍ਰੀਤਾਂ ਦਾ ਪਹਿਰੇਦਾਰ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ।

ਨਾਨਕ ਸਿੰਘ : ਨਾਨਕ ਸਿੰਘ ਮੂਲ ਰੂਪ ਵਿੱਚ ਨਾਵਲਕਾਰ ਹੈ ਪਰ ਕਹਾਣੀਕਾਰ ਦੇ ਤੌਰ ‘ਤੇ ਵੀ ਵਧੇਰੇ ਪ੍ਰਸਿੱਧੀ ਹਾਸਲ ਕੀਤੀ ਹੈ। ਪ੍ਰਸਿੱਧ ਕਹਾਣੀਆਂ (ਹੰਝੂਆਂ ਦੇ ਹਾਰ, ਸਧਰਾਂ ਦੇ ਹਾਰ, ਮਿੱਧੇ ਹੋਏ ਫੁੱਲ) ਦਾ ਵਿਸ਼ਾ ਆਦਰਸ਼ਵਾਦ ਹੈ। ਦੇ

ਸੰਤ ਸਿੰਘ ਸੇਖੋਂ : ਉਸ ਦੇ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਵਾਟ, ਤੀਜਾ ਪਹਿਰ ਤੇ ਸਿਆਣਪਾਂ) ਕਹਾਣੀ ਸੰਗ੍ਰਹਿ ਹਨ। ਸੁਜਾਨ ਸਿੰਘ : ਸਮਾਜਵਾਦੀ ਤੇ ਪ੍ਰਗਤੀਵਾਦੀ ਕਹਾਣੀਕਾਰ ਹੈ। ਇਸ ਨੇ (ਸਭ ਰੰਗ, ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ, ਡੇਢ ਆਦਮੀ, ਸ਼ਹਿਰ ਤੇ ਗਾਂ) ਕਹਾਣੀ-ਸੰਗ੍ਰਹਿ ਲਿਖੇ।

ਕਰਤਾਰ ਸਿੰਘ ਦੁੱਗਲ : ਦੁੱਗਲ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖੀਆਂ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਮਨੋਵਿਗਿਆਨਕ ਹਨ। ਇਨ੍ਹਾਂ ਵਿੱਚ ਵਿਅੰਗ ਵੀ ਹਨ। ਪ੍ਰਸਿੱਧ ਕਹਾਣੀ ਸੰਗ੍ਰਹਿ (ਸਵੇਰ ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਕਰਾਮਾਤ, ਪਾਰੈ ਮੈਰੇ, ਇਕ ਛਿੱਟ ਚਾਨਣ ਦੀ, ਮਾਜ਼ਾ ਨਹੀਂ ਮੋਇਆ ਆਦਿ) ਹਨ।

ਕੁਲਵੰਤ ਸਿੰਘ ਵਿਰਕ : ਇਸ ਨੇ ਪੇਂਡੂ ਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਬੌਧਿਕ ਅਤੇ ਮਨੋਵਿਗਿਆਨਕ ਡੂੰਘਾਈ ਨਾਲ ਪੇਸ਼ ਕੀਤਾ ਹੈ। ਪ੍ਰਸਿੱਧ ਕਹਾਣੀ ਸੰਗ੍ਰਹਿ (ਤੂੜੀ ਦੀ ਪੰਡ, ਧਰਤੀ ਤੇ ਅਕਾਸ਼, ਦੁੱਧ ਦਾ ਛੱਪੜ, ਨਵੇਂ ਲੋਕ, ਛਾਹ ਵੇਲਾ) ਹਨ।

ਮਹਿੰਦਰ ਸਿੰਘ ਸਰਨਾ (ਪੱਥਰ ਤੇ ਆਦਮੀ, ਸ਼ਗਨਾਂ ਭਰੀ ਸਵੇਰ), ਸੰਤੋਖ ਸਿੰਘ ਧੀਰ (ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ), ਸੁਰਜੀਤ ਸਿੰਘ ਸੇਠੀ (ਮਹੀਂਵਾਲ, ਕੌੜੇ ਘੁੱਟ, ਅੰਗਰੇਜ਼ ਅੰਗਰੇਜ਼ ਸਨ, ਸਲਾਮ) ਪ੍ਰਯੋਗਵਾਦੀ ਕਹਾਣੀਆਂ ਹਨ।

ਇਸਤਰੀ ਕਹਾਣੀਕਾਰ ਵਿੱਚ ਅੰਮ੍ਰਿਤਾ ਪ੍ਰੀਤਮ (ਮੋਮਬੱਤੀਆਂ ਦੇ ਭੇਤ, ਕੁੰਜੀਆਂ), ਦਲੀਪ ਕੌਰ ਟਿਵਾਣਾ (ਬਲ ਵਹਿਣ, ਤਾਟਾਂ, ਵੈਰਾਗੇ ਨੈਣ, ਸਾਧਨਾ, ਤੂੰ ਭਰੀ ਹੁੰਗਾਰਾ, ਯਾਤਰਾ), ਅਜੀਤ ਕੌਰ (ਫ਼ਾਲਤੂ ਔਰਤ; ਬੁੱਤ ਸ਼ਿਕਨ ਅਤੇ ਮਹਿਕ ਦੀ ਮੌਤ) ਇਸ ਤੋਂ ਇਲਾਵਾ ਸੁਖਵੰਤ ਕੌਰ ਮਾਨ, ਬਚਿੰਤ ਕੌਰ, ਬਲਜੀਤ ਬੱਲੀ, ਬਲਵਿੰਦਰ ਕੌਰ ਬਰਾੜ ਮਹੱਤਵਪੂਰਨ ਇਸਤਰੀ ਕਹਾਣੀਕਾਰ ਹਨ।

ਨਵੀਨ ਕਹਾਣੀਕਾਰ : ਗੁਰਬਚਨ ਭੁੱਲਰ, ਮੋਹਨ ਭੰਡਾਰੀ, ਗੁਰਦਿਆਲ ਸਿੰਘ, ਕਿਰਪਾਲ ਕਜ਼ਾਕ, ਜੋਗਿੰਦਰ ਕੈਰੋਂ, ਬਲਦੇਵ ਸਿੰਘ, ਸਵਰਨ ਚੰਦਨ, ਵਰਿਆਮ ਸੰਧੂ, ਗੁਰਮੇਲ ਮਡਾਹੜ ਆਦਿ ਹਨ।

ਇਸ ਤਰ੍ਹਾਂ ਪੰਜਾਬੀ ਨਿੱਕੀ ਕਹਾਣੀ ਨਿਰੰਤਰ ਵਿਕਾਸ ਵੱਲ ਵਧ ਰਹੀ ਹੈ। ਅਜੇ ਕਈ ਕਹਾਣੀਕਾਰ ਅਜਿਹੇ ਹਨ ਜਿਹੜੇ ਅਣਗੋਲੇ ਹੀ ਪਏ ਹਨ ਪਰ ਉਹ ਲਗਾਤਾਰ ਸਾਧਨਾ ਵੱਲ ਜੁਟੇ ਹੋਏ ਹਨ। ਇਸ ਲਈ ਪੰਜਾਬੀ ਨਿੱਕੀ ਕਹਾਣੀ ਦਾ ਭਵਿੱਖ ਉੱਜਵਲ ਹੈ।