ਨਿਬੰਧ
ਨਿਬੰਧ (Essay) ਦਾ ਅਰਥ, ਪਰਿਭਾਸ਼ਾ, ਨਿਬੰਧ ਕਲਾ ਅਤੇ ਪ੍ਰਮੁੱਖ ਨਿਬੰਧਕਾਰਾਂ ਦੇ ਨਾਂ
ਨਿਬੰਧ ਵਾਰਤਕ ਸਾਹਿਤ ਦਾ ਇੱਕ ਮਹੱਤਵਪੂਰਨ ਰੂਪ ਹੈ। ਆਧੁਨਿਕ ਕਾਲ ਵਿੱਚ ਇਹ ਰੂਪ ਬਹੁਤ ਹਰਮਨ – ਪਿਆਰਾ ਹੋਇਆ ਹੈ ਕਿਉਂਕਿ ਅੱਜ ਇਹ ਹਰ ਪ੍ਰਕਾਰ ਦੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕ ਸਫ਼ਲ ਮਾਧਿਅਮ ਬਣ ਚੁੱਕਾ ਹੈ। ਇਸ ਲਈ ਨਿਬੰਧ ਨੂੰ ਸਵੈ – ਪ੍ਰਗਟਾਵੇ ਦਾ ਵਧੀਆ ਮਾਧਿਅਮ ਮੰਨਿਆ ਗਿਆ ਹੈ।
ਨਿਬੰਧ ਸ਼ਬਦ ਦੇ ਕੋਸ਼ਗਤ ਅਰਥ : ਨਿਬੰਧ ਤੋਂ ਭਾਵ ਬੰਨ੍ਹਣਾ, ਗੁੰਦਣਾ ਅਤੇ ਇਕੱਠਾ ਕਰਨਾ, ਬੀੜਨਾ ਆਦਿ ਹੁੰਦਾ ਹੈ। ਅੰਗਰੇਜ਼ੀ ਵਿੱਚ ਨਿਬੰਧ ਨੂੰ Essay ਕਿਹਾ ਜਾਂਦਾ ਹੈ। ਪੁਰਾਤਨ ਸਮਿਆਂ ਵਿੱਚ ਕਾਗਜ਼ ਦੀ ਅਣਹੋਂਦ ਕਾਰਨ ਭੋਜ – ਪੱਤਰਾਂ ‘ਤੇ ਲਿਖਣ ਦਾ ਰਿਵਾਜ ਪ੍ਰਚਲਿਤ ਸੀ ਤੇ ਫਿਰ ਇਨ੍ਹਾਂ ਭੋਜ – ਪੱਤਰਾਂ ਨੂੰ ਇਕੱਠੇ ਕਰਨ ਤੇ ਬੰਨ੍ਹਣ ਦੀ ਪ੍ਰਕਿਰਿਆ ਹੀ ਨਿਬੰਧ ਅਖਵਾਉਂਦੀ ਸੀ।
ਪਰਿਭਾਸ਼ਾਵਾਂ : ਵੱਖ-ਵੱਖ ਵਿਦਵਾਨਾਂ ਨੇ ਨਿਬੰਧ ਨੂੰ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ। ਅੰਗਰੇਜ਼ੀ ਸਾਹਿਤ ਦੇ ਵਿਦਵਾਨ ਡਾ. ਜਾਨਸਨ ਨੇ ਨਿਬੰਧ ਨੂੰ “ਮਨ ਦਾ ਖੁੱਲ੍ਹਾ ਪ੍ਰਗਟਾਵਾ, ਬੇਤਰਤੀਬ, ਉਘੜ-ਦੁਘੜ ਤੇ ਅਣਪਚਿਆ ਟੋਟਾ ਕਿਹਾ ਹੈ।” ਪਰ ਅੱਜ ਦੇ ਯੁੱਗ ਵਿੱਚ ਨਿਬੰਧ ਦੇ ਅਰਥ ਬਦਲ ਗਏ ਹਨ। ਵਰਤਮਾਨ ਯੁੱਗ ਵਿੱਚ ਨਿਬੰਧ ਨੂੰ ਭਾਵ, ਵਿਚਾਰ, ਦਲੀਲ ਤੇ ਸੰਯੋਗ ਵਿਆਖਿਆ ਦਾ ਸੁਮੇਲ ਸਵੀਕਾਰ ਕੀਤਾ ਜਾਂਦਾ ਹੈ।
ਨਿਬੰਧ ਸਾਹਿਤ ਦਾ ਜਨਮਦਾਤਾ ਯੂਰਪ ਹੈ। ਇਸ ਸਾਹਿਤ ਰੂਪ ਦਾ ਮੋਢੀ ਲੇਖਕ ਮਾਈਕਲ ਡੀ. ਮਾਨਤੇਨ ਸੀ। ਉਸ ਦੀ ਸ਼ਖ਼ਸੀਅਤ ਵਾਂਗ ਉਸ ਦੇ ਨਿਬੰਧਾਂ ਦੀ ਭਾਸ਼ਾ ਵੀ ਸਰਲ ਤੇ ਸਪਸ਼ਟ ਸੀ। ਨਿਬੰਧਾਂ ਸੰਬੰਧੀ ਉਸ ਦਾ ਵਿਚਾਰ ਹੈ, “ਮੈਂ ਆਪਣੇ ਨਿਬੰਧਾਂ ਵਿੱਚ ਕਿਸੇ ਵਸਤੂ ਦੇ ਅਵਿਸ਼ਕਾਰ ਦਾ ਮਾਣ ਨਹੀਂ ਕਰਦਾ ਸਗੋਂ ਧੁਰ ਅੰਦਰਲੀਆਂ ਭਾਵਨਾਵਾਂ ਨੂੰ ਖੋਲ੍ਹ ਕੇ ਪੇਸ਼ ਕਰਨ ਦਾ ਯਤਨ ਕਰਦਾ ਹਾਂ।”
ਇੱਕ ਹੋਰ ਵਿਦਵਾਨ ਅਨੁਸਾਰ, “ਤਰਕ ਤੇ ਪੂਰਨਤਾ ਦਾ ਅਭਿੰਨ ਖ਼ਿਆਲ ਰੱਖਣ ਵਾਲਾ ਗਦ-ਰੂਪ ਹੀ ਨਿਬੰਧ ਅਖਵਾਉਂਦਾ ਹੈ, ਜਿਸ ਵਿੱਚ ਕਿਸੇ ਵਿਸ਼ੇ ਦਾ ਅਤੀ ਵਿਸਥਾਰ ਨਾ ਹੋਵੇ। ਜਿਸ ਵਿੱਚ ਲੇਖਕ ਦਾ ਵਿਅਕਤੀਤਵ ਝਲਕ ਉੱਠੇ।”
ਉਪਰੋਕਤ ਸਾਰੇ ਵਿਚਾਰਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਨਿਬੰਧ ਵਾਰਤਕ ਦਾ ਉਹ ਸਾਹਿਤ ਰੂਪ ਹੈ ਜਿਸ ਵਿੱਚ ਭਾਵ ਤੇ ਖ਼ਿਆਲ ਨਿੱਜੀ ਛੋਹਾਂ ਵਾਂਗ ਗਦ ਸ਼ੈਲੀ ਵਿੱਚ ਗੁੰਦੇ ਹੋਏ ਹੁੰਦੇ ਹਨ। ਇਹ ਇੱਕ ਅਜਿਹੀ ਸੰਖੇਪ ਜਿਹੀ ਵਾਰਤਕ ਰਚਨਾ ਹੈ ਜਿਸ ਵਿੱਚ ਨਿਬੰਧਕਾਰ ਜੀਵਨ ਤੇ ਸਮਾਜ ਨਾਲ ਸਬੰਧਤ ਅਨੇਕਾਂ ਸਮੱਸਿਆਵਾਂ ਪ੍ਰਤੀ ਆਪਣੇ ਪ੍ਰਤੀਕਰਮਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਰੌਚਕ, ਭਾਵਪੂਰਨ, ਪ੍ਰੇਰਨਾਦਾਇਕ ਤੇ ਚਮਤਕਾਰੀ ਬਣ ਜਾਂਦੀਆਂ ਹਨ।
ਨਿਬੰਧ ਅਤੇ ਲੇਖ : ਆਮ ਤੌਰ ‘ਤੇ ਨਿਬੰਧ ਤੇ ਲੇਖ ਨੂੰ ਇੱਕ ਹੀ ਮੰਨ ਲਿਆ ਜਾਂਦਾ ਹੈ ਜਦਕਿ ਇਹਨਾਂ ਵਿਚ ਕੁਝ ਅੰਤਰ ਪਾਇਆ ਜਾਂਦਾ ਹੈ। ਇਨ੍ਹਾਂ ਵਿੱਚ ਮੁੱਢਲੇ ਅੰਤਰ ਇਹ ਹਨ :
1. ਲੇਖ ਵਿੱਚ ਭਾਵ ਪ੍ਰਧਾਨ ਹੁੰਦੇ ਹਨ ਪਰ ਨਿਬੰਧ ਵਿੱਚ ਵਿਚਾਰ ਪ੍ਰਧਾਨ ਹੁੰਦਾ ਹੈ।
2. ਲੇਖ ਅੰਤਰਮੁਖੀ ਤੇ ਵਿਅਕਤੀਗਤ ਹੁੰਦਾ ਹੈ ਪਰ ਨਿਬੰਧ ਬਾਹਰਮੁਖੀ ਜਾਂ ਵਿਸ਼ੇਬੱਧ ਹੁੰਦਾ ਹੈ।
3. ਲੇਖ ਵਿੱਚ ਕਲਪਨਾ ਨੂੰ ਉਡਾਰੀ ਲਈ ਖੁੱਲ੍ਹ ਹੁੰਦੀ ਹੈ ਪਰ ਨਿਬੰਧ ਵਿੱਚ ਇਸ ਦਾ ਵਿਕਾਸ ਹੁੰਦਾ ਹੈ।
4. ਲੇਖ ਵਿੱਚ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ਪਰ ਨਿਬੰਧ ਤਰਕਪੂਰਨ ਤੇ ਆਲੋਚਨਾਤਮਕ ਹੁੰਦਾ ਹੈ।
5. ਲੇਖ ਤੋਂ ਭਾਵੁਕ ਅਨੰਦ ਮਿਲਦਾ ਹੈ ਪਰ ਨਿਬੰਧ ਬੌਧਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ।
6. ਲੇਖ ਵਿੱਚ ਲਿਖਾਰੀ ਦੇ ਮਿਆਰ, ਵਿਅਕਤੀਤਵ ਤੇ ਚਰਿੱਤਰ ਦੀ ਝਲਕ ਮਿਲਦੀ ਹੈ ਪਰ ਨਿਬੰਧ ਵਿੱਚ ਨਿਬੰਧਕਾਰ ਦੀ ਯੋਗਤਾ ਤੇ ਬੁੱਧੀ ਦਾ ਪ੍ਰਭਾਵ ਪੈਂਦਾ ਹੈ।
7. ਲੇਖ ਦੀ ਬਣਤਰ ਵਿਰਲੀ ਹੁੰਦੀ ਹੈ ਪਰ ਨਿਬੰਧ ਦੀ ਸ਼ੈਲੀ ਸੰਖੇਪਤਾ ਭਰਪੂਰ ਹੁੰਦੀ ਹੈ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਲੇਖ ਭਾਵ ਭਰਪੂਰ, ਕਲਪਨਾਤਮਕ, ਗ਼ੈਰ – ਰਸਮੀ ਤੇ ਵਿਅਕਤੀਤਵ ਪ੍ਰਧਾਨ ਵਿਰਲੀ ਬਣਤਰ ਵਾਲੀ ਰਚਨਾ ਹੈ ਜਦਕਿ ਨਿਬੰਧ ਬੌਧਿਕਤਾ – ਭਰਪੂਰ, ਵਿਚਾਰਾਤਮਕ, ਯੋਗਤਾਮਈ, ਸੰਖੇਪਤਾ ਭਰਪੂਰ ਤੇ ਨਿਯਮਿਤ ਰਚਨਾ ਹੁੰਦੀ ਹੈ।
ਤੱਤ : ਨਿਬੰਧ ਦੇ ਤੱਤ ਇਹ ਹਨ :
ਵਿਸ਼ਾ : ਨਿਬੰਧ ਵਿੱਚ ਕੋਈ ਇੱਕ ਕੇਂਦਰੀ ਵਿਚਾਰ ਹੁੰਦਾ ਹੈ, ਜਿਸ ਨੂੰ ਕਲਾਤਮਕਤਾ ਸਹਿਤ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਜਿਸ ਵਿਸ਼ੇ ਦਾ ਬਿਆਨ ਕੀਤਾ ਜਾਂਦਾ ਹੈ, ਉਸ ਉੱਤੇ ਲੇਖਕ ਆਪਣੇ ਵਿਚਾਰ ਪੂਰੀ ਆਜ਼ਾਦੀ ਨਾਲ ਪੇਸ਼ ਕਰਦਾ ਹੈ।
ਵਿਚਾਰਾਂ ਦਾ ਪ੍ਰਗਟਾਵਾ : ਭਾਵਾਂ ਤੇ ਵਿਚਾਰਾਂ ਦਾ ਸੰਬੰਧ ਮਨੁੱਖ ਦੇ ਅਨੁਭਵ ਨਾਲ ਹੈ। ਲੇਖਕ ਜਿੰਨੇ ਵਿਸ਼ਾਲ ਅਨੁਭਵ ਵਾਲਾ ਹੋਵੇਗਾ ਓਨੇ ਹੀ ਡੂੰਘੇ ਵਿਚਾਰਾਂ ਦਾ ਉਹ ਮਾਲਕ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਦਾ ਵੀ ਅਨੁਭਵ ਉਸ ਨੂੰ ਜੀਵਨ ਚੋਂ ਪ੍ਰਾਪਤ ਹੋਵੇਗਾ, ਉਸੇ ਤਰ੍ਹਾਂ ਦਾ ਉਸ ਦਾ ਦ੍ਰਿਸ਼ਟੀਕੋਣ ਬਣਦਾ ਜਾਵੇਗਾ। ਸੁਤੰਤਰ ਵਿਚਾਰਾਂ ਨੂੰ ਸੁਤੰਤਰ ਰੂਪ ਵਿੱਚ ਪੇਸ਼ ਕਰਨਾ ਹੀ ਨਿਬੰਧ ਦਾ ਮੰਤਵ ਹੁੰਦਾ ਹੈ। ਨਿਬੰਧ ਦਾ ਕੰਮ ਕਿਸੇ ਗੱਲ ਨੂੰ ਸਾਬਤ ਕਰਨਾ ਨਹੀਂ ਹੁੰਦਾ ਬਲਕਿ ਉਸ ਦਾ ਚਿਤਰਨ ਕਰਨਾ ਹੁੰਦਾ ਹੈ ਕਿਉਂਕਿ ਨਿਬੰਧ ਖੋਜ ਰਚਨਾ ਨਹੀਂ, ਬਲਕਿ ਸਾਹਿਤ ਰੂਪ ਹੈ।
ਭਾਸ਼ਾ ਤੇ ਸ਼ੈਲੀ : ਜੇਕਰ ਲੇਖਕ ਆਪਣੇ ਬੌਧਿਕ ਵਿਚਾਰਾਂ ਨੂੰ ਕਿਸੇ ਖ਼ਾਸ ਤਰਤੀਬ ਤੇ ਕ੍ਰਮ ਨਾਲ ਪੇਸ਼ ਕਰੇ ਤਾਂ ਰਚਨਾ ਪ੍ਰਭਾਵ ਦੁੱਗਣਾ ਵਧ ਜਾਂਦਾ ਹੈ। ਅਜਿਹੀ ਰਚਨਾ ਵਿੱਚੋਂ ਲੇਖਕ ਦਾ ਨਿੱਜੀ ਦ੍ਰਿਸ਼ਟੀਕੋਣ ਆਪਣੇ-ਆਪ ਹੀ ਉਘੜ ਕੇ ਸਾਹਮਣੇ ਆ ਜਾਂਦਾ ਹੈ। ਨਿਬੰਧ ਦਾ ਪ੍ਰਮੁੱਖ ਲੱਛਣ ਹੀ ਸੁਤੰਤਰ ਭਾਵਾਂ ਨੂੰ ਸੀਮਾ ਵਿੱਚ ਰੱਖਣ ਦਾ ਹੈ। ਸੰਖੇਪਤਾ ਆਪਣੇ ਵਿੱਚ ਨਿਬੰਧ ਦਾ ਕੋਈ ਜ਼ਰੂਰੀ ਤੱਤ ਨਹੀਂ ਹੈ ਫਿਰ ਵੀ ਨਿਬੰਧਕਾਰ ਨੂੰ ਵਧੇਰੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੀਦਾ। ਸੰਜਮਤਾ ਤੇ ਸੂਤਰਿਕ ਸ਼ੈਲੀ ਨਿਬੰਧ ਦੇ ਮੁੱਖ ਲੱਛਣ ਹਨ। ਸੰਖੇਪਤਾ ਵਿਚਾਰਾਂ ਨੂੰ ਸਪਸ਼ਟ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਇਸ ਤੋਂ ਉਲਟ ਬੇਲੋੜਾ ਵਿਸਥਾਰ ਪਾਠਕ ਨੂੰ ਅਕਾ ਦਿੰਦਾ ਹੈ ਤੇ ਵਿਚਾਰਾਂ ਨੂੰ ਵੀ ਅਸਪਸ਼ਟ ਬਣਾ ਦਿੰਦਾ ਹੈ।
ਸਮਾਜਿਕ ਚੇਤਨੰਤਾ : ਇੱਕ ਸਫਲ ਨਿਬੰਧ ਲਈ ਇਹ ਵੀ ਜ਼ਰੂਰੀ ਹੈ ਉਹ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਵੇ। ਇੱਕ ਚੇਤਨ ਸਾਹਿਤਕਾਰ ਸਮਕਾਲੀ ਵਿਚਾਰਾਂ ਤੇ ਸਮੱਸਿਆਵਾਂ ਨਾਲ ਨੇੜੇ ਦਾ ਸੰਬੰਧ ਰੱਖਦਾ ਹੈ। ਇਹ ਪ੍ਰਤੀਬੱਧਤਾ ਨਿਬੰਧ ਦੇ ਮਾਧਿਅਮ ਰਾਹੀਂ ਲੇਖਕ ਦੀ ਸ਼ਖ਼ਸੀਅਤ ਦੀ ਪਰਖ ਹੀ ਨਹੀਂ ਬਣਦੀ ਸਗੋਂ ਸਮਕਾਲੀ ਸਮਾਜ ਦੀਆਂ ਦੁਖਦੀਆਂ ਰਗਾਂ ‘ਤੇ ਵੀ ਹੱਥ ਧਰਦੀ ਪ੍ਰਤੀਤ ਹੁੰਦੀ ਹੈ। ਨਿਬੰਧ ‘ਚ ਲੇਖਕ ਪ੍ਰਤੀਕੂਲ ਸਥਿਤੀਆਂ ‘ਤੇ ਤਿੱਖਾ ਵਿਅੰਗ ਕਰਦਾ ਹੈ।
ਪੰਜਾਬੀ ਸਾਹਿਤ ਵਿਚ ਨਿਬੰਧ ਕਲਾ : ਪੰਜਾਬੀ ਸਾਹਿਤ ਵਿੱਚ ਨਿਬੰਧਕਾਰੀ ਦਾ ਅਰੰਭ ਵੀਹਵੀਂ ਸਦੀ ਵਿੱਚ ਹੋਇਆ। ਕਿਉਂਕਿ ਪਹਿਲਾਂ-ਪਹਿਲ ਧਾਰਮਿਕ ਸਾਹਿਤ ਹੀ ਵਾਰਤਕ ਵਿੱਚ ਲਿਖਿਆ ਜਾਂਦਾ ਸੀ ਪਰ ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਇਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਤੇ ਇਸ ਦੇ ਵਿਰੋਧ ਵਿੱਚ ਪੈਦਾ ਹੋਈਆਂ ਕੂਕਾ ਲਹਿਰ, ਸਿੰਘ ਸਭਾ ਲਹਿਰ ਤੇ ਕਈ ਹੋਰ ਧਾਰਮਿਕ ਤੇ ਸਮਾਜ-ਸੁਧਾਰਕ ਲਹਿਰਾਂ ਦੇ ਪ੍ਰਭਾਵ ਅਧੀਨ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਬਿਹਾਰੀ ਲਾਲ ਪੁਰੀ, ਭਾਈ ਕਾਹਨ ਸਿੰਘ ਨਾਭਾ, ਡਾ. ਚਰਨ ਸਿੰਘ ਆਦਿ ਲੇਖਕਾਂ ਨੇ ਸਮਾਜ-ਸੁਧਾਰ, ਧਰਮ ਪ੍ਚਾਰ, ਗੁਰਬਾਣੀ ਤੇ ਇਹਿਤਾਸ ਨਾਲ ਸਬੰਧਤ ਕਈ ਵਿਸ਼ਿਆਂ ’ਤੇ ਲੇਖ ਲਿਖ ਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਏ। ਪੰਡਤ ਸ਼ਰਧਾ ਰਾਮ ਫਿਲੌਰੀ ਨੇ ਦੋ ਨਿਬੰਧ ਸੰਗ੍ਰਹਿ, ‘ਸਿੱਖਾਂ ਦੇ ਰਾਜ ਦੀ ਵਿਥਿਆ’, ‘ਪੰਜਾਬੀ ਬਾਤ ਚੀਤ’, ਪੰਜਾਬੀ ਸਾਹਿਤ ਨੂੰ ਦਿੱਤੇ। ਇਸੇ ਪਰੰਪਰਾ ਨੂੰ ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਬ੍ਰਿਜ ਲਾਲ ਸ਼ਾਸਤਰੀ, ਹੀਰਾ ਸਿੰਘ ਦਰਦ ਨੇ ਅੱਗੇ ਤੋਰਿਆ। ਪ੍ਰੋ. ਪੂਰਨ ਸਿੰਘ ਨੇ ‘ਐਮਰਸਨ’ ਦੇ ਨਿਬੰਧਾਂ ਦੀ ‘ਅਬਚਲੀ ਜੋਤ’ ਨਾਮ ਹੇਠ ਪੰਜਾਬੀ ਅਨੁਵਾਦ ਕਰਵਾ ਕੇ ਨਵੀਂ ਪਿਰਤ ਪਾਈ।
ਪ੍ਰੋ. ਪੂਰਨ ਸਿੰਘ ਦੀ ਵਲਵਲਿਆਂ ਭਰਪੂਰ ਸ਼ੈਲੀ ਰਾਹੀਂ ਤੀਹ ਕੁ ਦੇ ਕਰੀਬ ਪੁਸਤਕਾਂ ਨਾਲ਼ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਅਮੀਰ ਕੀਤਾ। ਪ੍ਰਿ. ਤੇਜਾ ਸਿੰਘ ਨੇ ਸਰਲ ਸਪਸ਼ਟ, ਸਾਦਾ, ਠੇਠ ਤੇ ਸਾਵੀਂ ਪੱਧਰੀ ਸ਼ੈਲੀ ਰਾਹੀਂ ਸਧਾਰਨ ਵਿਸ਼ਿਆਂ ‘ਤੇ ਲੇਖ ਲਿਖ ਕੇ ‘ਨਵੀਆਂ ਸੋਚਾਂ’, ‘ਸਹਿਜ ਸੱਭਿਆਚਾਰ’, ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ।
ਇਨ੍ਹਾਂ ਤੋਂ ਇਲਾਵਾ ਡਾ. ਤਰਨ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਹਰਿੰਦਰ ਸਿੰਘ, ਕਪੂਰ ਸਿੰਘ, ਪ੍ਰਿ. ਸਾਹਿਬ ਸਿੰਘ, ਪ੍ਰੋ. ਜੋਧ ਸਿੰਘ, ਡਾ. ਅਤਰ ਸਿੰਘ, ਪ੍ਰਿ. ਸੰਤ ਸਿੰਘ ਸੇਖੋਂ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਰਤਨ ਸਿੰਘ ਜੱਗੀ, ਕਿਰਪਾਲ ਸਿੰਘ ਕਸੇਲ, ਕੁਲਬੀਰ ਕੰਗ ਆਦਿ ਨਿਬੰਧਕਾਰਾਂ ਨੇ ਧਾਰਮਿਕ, ਸਾਹਿਤਕ, ਇਤਿਹਾਸਕ, ਵਿਅੰਗਾਤਮਕ, ਆਲੋਚਨਾਤਮਕ ਤੇ ਹਾਸ – ਰਸੀ ਲੇਖਾਂ ਰਾਹੀਂ ਪੰਜਾਬੀ ਨਿਬੰਧਕਾਰੀ ਨੂੰ ਅਮੀਰ ਕੀਤਾ।