ਨਾ ਤਿਸੁ………. ਮੰਦੀ ਹੂ ਮੰਦੇ।
ਅਕਿਰਤਘਣ : ਭਾਈ ਗੁਰਦਾਸ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਨਾ ਤਿਸੁ ਭਾਰੇ ਪਰਬਤਾ ਅਸਮਾਨ ਖਹੰਦੇ ॥
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ ॥
ਨਾ ਤਿਸੁ ਭਾਰੇ ਸਾਇਰਾ ਨਦ ਵਾਹ ਵਹੰਦੇ ॥
ਨਾ ਤਿਸੁ ਭਾਰੇ ਤਰੁਵਰਾ ਫਲ ਸਫਲ ਫਲੰਦੇ ॥
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ ॥
ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ ॥
ਪ੍ਰਸੰਗ : ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੀ ਰਚਨਾ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਅਕਿਰਤਘਣ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ ਅਕ੍ਰਿਤਘਣ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ।
ਵਿਆਖਿਆ : ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਅਸਮਾਨਾਂ ਨਾਲ ਖਹਿੰਦੇ ਉੱਚੇ ਪਹਾੜ ਭਾਰੇ ਨਹੀਂ ਲਗਦੇ। ਉਸ ਨੂੰ ਕੋਟ, ਗੜ੍ਹ ਤੇ ਘਰ-ਬਾਰ, ਜੋ ਸਾਨੂੰ ਦਿਸਦੇ ਹਨ, ਉਹ ਵੀ ਭਾਰੇ ਨਹੀਂ ਲਗਦੇ। ਉਸ ਨੂੰ ਸਮੁੰਦਰ ਤੇ ਵਗਦੇ ਹੋਏ ਨਦੀਆਂ ਤੇ ਵਾਹੜੇ ਵੀ ਭਾਰੇ ਨਹੀਂ ਲਗਦੇ। ਉਸ ਨੂੰ ਚੰਗੇ ਫਲਾਂ ਨਾਲ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲਗਦੇ। ਉਸ ਨੂੰ ਇਧਰ-ਉਧਰ ਘੁੰਮ ਰਹੇ ਅਣਗਿਣਤ ਜੀਵ-ਜੰਤੂ ਵੀ ਭਾਰੇ ਨਹੀਂ ਲਗਦੇ। ਉਸ ਨੂੰ ਤਾਂ ਕੇਵਲ ਅਕ੍ਰਿਤਘਣ ਭਾਰੇ ਲਗਦੇ ਹਨ ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ।
ਔਖੇ ਸ਼ਬਦਾਂ ਦੇ ਅਰਥ :
ਖਹੰਦੇ : ਖਹਿਣ ਵਾਲੇ ਉੱਚੇ ।
ਸਾਇਰਾ : ਸਮੁੰਦਰ।
ਵਾਹ : ਵਾਹੜੇ ।
ਤਰੁਵਰਾ : ਬਿਰਛ ।
ਭੁਈ : ਧਰਤੀ ।
ਅਕਿਰਤਘਣ ਕਵਿਤਾ ਦਾ ਕੇਂਦਰੀ ਭਾਵ
ਪ੍ਰਸ਼ਨ. ‘ਅਕਿਰਤਘਣ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਧਰਤੀ ਨੂੰ ਉੱਚੇ ਪਹਾੜ, ਸਮੁੰਦਰ, ਨਦੀਆਂ, ਵਾਹੜੇ, ਕੋਟ-ਗੜ੍ਹ, ਘਰ-ਬਾਰ, ਫਲਾਂ ਨਾਲ ਭਰੇ ਰੁੱਖ ਤੇ ਅਣਗਿਣਤ ਜੀਵ-ਜੰਤੂ ਭਾਰੇ ਨਹੀਂ ਲਗਦੇ; ਉਸ ਨੂੰ ਤਾਂ ਕੇਵਲ ਅਕ੍ਰਿਤਘਣ ਭਾਰੇ ਲਗਦੇ ਹਨ, ਜੋ ਕਿ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ।