ਨਾਵਲ

ਨਾਵਲ ਦੀ ਪਰਿਭਾਸ਼ਾ, ਉਤਪੱਤੀ, ਤੱਤ ਅਤੇ ਪ੍ਰਮੁੱਖ ਪੰਜਾਬੀ ਨਾਵਲਕਾਰ

‘ਨਾਵਲ’ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ Novel ਦਾ ਸਮਾਨਾਰਥੀ ਹੈ ਜਿਸ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ Novella ਤੋਂ ਹੋਈ ਹੈ ਜਿਸ ਦਾ ਅਰਥ ਹੈ ਸੋਚੀ ਜਾਂ ਤਾਜ਼ਾ ਬੀਤੀ ਘਟਨਾ ਦਾ ਬਿਆਨ। ਕਈ ਵਿਦਵਾਨ Novella ਤੋਂ ਭਾਵ ‘ਨਵਾਂ’ ਤੋਂ ਵੀ ਲੈਂਦੇ ਹਨ। ਹਿੰਦੀ ਵਿੱਚ ਇਸ ਨੂੰ ‘ਉਪਨਿਆਸ’(उपन्यास) ਕਿਹਾ ਜਾਂਦਾ ਹੈ। ਪਰ ਪੰਜਾਬੀ ਵਿੱਚ ਇਸ ਦਾ ਨਾਂ ਅੰਗਰੇਜ਼ੀ ਵਾਲਾ ਰੂਪ ‘ਨਾਵਲ’ ਹੀ ਪ੍ਰਸਿੱਧ ਹੈ।

ਪਰਿਭਾਸ਼ਾਵਾਂ : ਵੈਬਸਟਰ ਅਨੁਸਾਰ : “ਨਾਵਲ ਵਾਰਤਕ ਵਿੱਚ ਲਿਖੀ ਇੱਕ ਵੱਡੇ ਆਕਾਰ ਦੀ ਕਲਪਨਾ-ਭਰਪੂਰ ਕਹਾਣੀ ਹੁੰਦੀ ਹੈ, ਜਿਸ ਵਿੱਚ ਮਨੁੱਖੀ ਜੀਵਨ ਦੀ ਅਸਲੀਅਤ ਨੂੰ ਸਾਕਾਰ ਕਰਨ ਵਾਲੇ ਪਾਤਰਾਂ ਅਤੇ ਉਨ੍ਹਾਂ ਦੇ ਕਾਰਜਾਂ ਦਾ ਵਰਨਣ ਹੁੰਦਾ ਹੈ।”

ਪੰਜਾਬੀ ਦੇ ਮਹਾਨ ਸਾਹਿਤਕਾਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਨੁਸਾਰ, “ਨਾਵਲ ਗੱਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ-ਪ੍ਰਬੰਧ ਨੂੰ ਵਿਆਪਕ ਰੂਪ ਦੇਣ ਦੀ ਕਲਾ ਹੈ ਤੇ ਇਸ ਕਰਤੱਵ ਵਿੱਚ ਹੀ ਨਾਵਲ ਦਾ ਕਲਾ ਦਾ ਰੂਪ ‘ਚ ਮਹੱਤਵ ਸ਼ਾਮਲ ਹੈ।” ਰਾਲਫ ਫਾਕਸ ਅਨੁਸਾਰ : “ਨਾਵਲ ਜੀਵਨ ਦਾ ਮਹਾਕਾਵਿ ਹੈ।”

ਇਸ ਤਰ੍ਹਾਂ ਨਾਵਲ ਸਾਹਿਤ ਦਾ ਅਜਿਹਾ ਪ੍ਰਮੁੱਖ ਅਤੇ ਮਹੱਤਵਪੂਰਨ ਸਾਹਿਤ ਰੂਪ ਹੈ ਜਿਸ ਵਿੱਚ ਜੀਵਨ ਦੀ ਵਾਸਤਵਿਕਤਾ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਨਾਵਲਕਾਰ ਆਪਣੇ ਆਲੇ-ਦੁਆਲੇ ਦੇ ਜੀਵਨ ਵਿੱਚੋਂ ਜੋ ਕੁਝ ਗ੍ਰਹਿਣ ਕਰਦਾ ਹੈ, ਉਸ ਨੂੰ ਆਪਣੀ ਕਲਪਨਾ ਦ੍ਰਿਸ਼ਟੀ ਰਾਹੀਂ ਨਵੇਂ ਸੰਦਰਭ ਵਿਚ ਪੇਸ਼ ਕਰਦਾ ਹੈ। ਭਾਵ ਕਿ ਨਾਵਲ ਇੱਕ ਲੰਬੀ ਸਾਹਿਤਕ ਤੇ ਗਲਪਮਈ ਰਚਨਾ ਹੈ ਜਿਸ ਵਿੱਚ ਨਾਵਲਕਾਰ ਵਿਆਪਕ ਜੀਵਨ ਦਾ ਵਿਸ਼ਲੇਸ਼ਣ ਪਾਤਰਾਂ, ਕਹਾਣੀ, ਘਟਨਾਵਾਂ, ਵਾਰਤਾਲਾਪ ਅਤੇ ਭਾਸ਼ਾ ਰਾਹੀਂ ਇੱਕ ਵਿਲੱਖਣ ਦ੍ਰਿਸ਼ਟੀਕੋਣ ਤੋਂ ਅਜਨਬੀ ਢੰਗ ਨਾਲ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਕਾਲਪਨਿਕ ਸੰਸਾਰ ਵੀ ਸੱਚਾ ਪ੍ਰਤੀਤ ਹੁੰਦਾ ਹੈ।

ਪੰਜਾਬੀ ਨਾਵਲ ਦਾ ਅਰੰਭ

ਪੰਜਾਬੀ ਵਿੱਚ ਅੰਗਰੇਜ਼ੀ ਸਾਹਿਤ ਤੋਂ ਪ੍ਰਭਾਵਿਤ ਹੋ ਕੇ ਨਾਵਲ ਲਿਖਣ ਦੀ ਪਰੰਪਰਾ ਦਾ ਅਰੰਭ ਹੋਇਆ।

ਉੱਨੀਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਪੰਜਾਬੀ ਵਿੱਚ ਪੁਸਤਕਾਂ ਤੇ ਪੈਂਫਲਿਟ ਛਪਵਾਏ। ਉਨ੍ਹਾਂ ਨੇ ਜਾਹਨ ਬਨੀਅਨ ਦੀ ਪੁਸਤਕ ‘ਦੀ ਪਿਲਗ੍ਰਿਮਸ ਪ੍ਰੋਗਰੈੱਸ’ (The Pilgrim’s Progress) ਦਾ ਪੰਜਾਬੀ ਅਨੁਵਾਦ (ਯਿਸੂਹੀ ਮੁਸਾਫ਼ਰ ਦੀ ਯਾਤਰਾ) ਛਾਪਿਆ। ਪਰ ਇਸ ਪੁਸਤਕ ਨੂੰ ਅਸੀਂ ਪੰਜਾਬੀ ਦਾ ਮੁੱਢਲਾ ਨਾਵਲ ਨਹੀਂ ਕਹਿ ਸਕਦੇ ਕਿਉਂਕਿ ਇਹ ਅਨੁਵਾਦਿਤ ਰਚਨਾ ਹੈ। ਪੰਜਾਬੀ ਨਾਵਲ ਦਾ ਮੁੱਢ ਭਾਈ ਵੀਰ ਸਿੰਘ ਦੇ ਨਾਵਲਾਂ ਨਾਲ ਬੱਝਦਾ ਹੈ।

ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ‘ਸੁੰਦਰੀ’ ਹੈ ਜੋ ਭਾਈ ਵੀਰ ਸਿੰਘ ਦੁਆਰਾ ਲਿਖਿਆ ਗਿਆ। ਇਹ ਨਾਵਲ 1899 ਈ: ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਹੁਣ ਤੱਕ ਪੰਜਾਬੀ ਨਾਵਲ ਨੇ ਕਈ ਵਿਕਾਸ-ਪੜਾਅ ਤੈਅ ਕੀਤੇ ਹਨ ਤੇ ਇਹ ਲਗਾਤਾਰ ਜਾਰੀ ਹਨ।

ਨਾਵਲ ਦੇ ਤੱਤ

ਨਾਵਲ ਦੇ ਤੱਤ ਇਹ ਹਨ :

ਵਿਸ਼ਾ : ਹਰ ਸਾਹਿਤਕ ਰਚਨਾ ਦਾ ਕੋਈ ਨਾ ਕੋਈ ਵਿਸ਼ਾ ਹੁੰਦਾ ਹੈ। ਇਸੇ ਤਰ੍ਹਾਂ ਨਾਵਲ ਵਿੱਚ ਵੀ ਕੋਈ ਨਾ ਕੋਈ ਵਿਸ਼ਾ ਜ਼ਰੂਰ ਹੁੰਦਾ ਹੈ। ਜਿਵੇਂ-ਸਮਾਜਿਕ, ਸੁਧਾਰਕ, ਧਾਰਮਿਕ, ਰਾਜਨੀਤਕ, ਮਿਥਿਹਾਸਕ, ਇਤਿਹਾਸਕ, ਰੁਮਾਂਟਿਕ, ਸੱਭਿਆਚਾਰਕ ਆਦਿ। ਵਿਸ਼ੇ ਦੀ ਚੋਣ ਨਾਵਲਕਾਰ ਹੀ ਕਰਦਾ ਹੈ ਜੋ ਵਰਤਮਾਨ ਸਮੇਂ ਦੀ ਮੰਗ ਤੇ ਲੇਖਕ ਦੀ ਰੁਚੀ ‘ਤੇ ਨਿਰਭਰ ਹੁੰਦੀ ਹੈ।

ਕਥਾਨਕ : ਕਥਾਨਕ ਨਾਵਲ ਦਾ ਸਭ ਤੋਂ ਵੱਧ ਮਹੱਤਵਪੂਰਨ ਤੱਤ ਹੈ। ਇਸ ਨੂੰ ਪਲਾਟ ਦੀ ਗੋਂਦ ਵੀ ਕਿਹਾ ਜਾਂਦਾ ਹੈ। ਇਸ ਅੰਤਰਗਤ ਨਾਵਲਕਾਰ ਸਭ ਤੋਂ ਪਹਿਲਾਂ ਵਿਸ਼ੇ ਅਨੁਸਾਰ ਨਾਵਲੀ ਘਟਨਾਵਾਂ ਦੀ ਚੋਣ ਕਰਦਾ ਹੈ। ਨਾਵਲਕਾਰ ਵੱਖ-ਵੱਖ ਘਟਨਾਵਾਂ ਚੁਣ ਕੇ ਇੱਕ ਪਲਾਟ ਤਿਆਰ ਕਰਦਾ ਹੈ। ਭਾਵੇਂ ਕਿ ਪਲਾਟ ਨੂੰ ਤਿਆਰ ਕਰਨ ਲਈ ਕੋਈ ਖ਼ਾਸ ਨਿਯਮ ਨਹੀਂ ਪੇਸ਼ ਕੀਤਾ ਜਾ ਸਕਦਾ ਪਰ ਜਿਉਂ-ਜਿਉਂ ਘਟਨਾਵਾਂ ਦੀ ਲੜੀ ਚਲਦੀ ਰਹਿੰਦੀ ਹੈ, ਕਥਾਨਕ ਦੀ ਸਿਰਜਨਾ ਹੁੰਦੀ ਰਹਿੰਦੀ ਹੈ। ਇਸ ਵਿੱਚ ਲੇਖਕ ਜੀਵਨ ਦੀਆਂ ਘਟਨਾਵਾਂ ਨੂੰ ਜੋੜਦਾ-ਤੋੜਦਾ ਨਹੀਂ ਸਗੋਂ ਫੁੱਲਾਂ ਦੇ ਹਾਰ ਪਰੋਣ ਵਾਂਗ ਇੱਕ ਤਰਤੀਬ ਦਿੰਦਾ ਰਹਿੰਦਾ ਹੈ, ਤਾਂ ਜੋ ਕਹਾਣੀ ਰਸ ਵੀ ਕਾਇਮ ਰਹੇ, ਉਤਸੁਕਤਾ ਵੀ ਬਣੀ ਰਹੇ ਤੇ ਵਿਸ਼ਾ ਵੀ ਸਪਸ਼ਟ ਹੋ ਜਾਵੇ। ਇਸੇ ਸਦਕਾ ਮੌਲਿਕਤਾ, ਰੌਚਿਕਤਾ ਤੇ ਸੰਭਾਵਿਤਾ ਪ੍ਰਭਾਵਸ਼ਾਲੀ ਕਥਾਨਕ ਦੇ ਗੁਣ ਮੰਨੇ ਗਏ ਹਨ।

ਪਾਤਰ-ਉਸਾਰੀ : ਨਾਵਲ ਵਿੱਚ ਕਥਾਨਕ ਤੇ ਵਿਸ਼ੇ ਦੀ ਪੇਸ਼ਕਾਰੀ ਪਾਤਰ ਰਾਹੀਂ ਹੀ ਸੰਭਵ ਹੁੰਦੀ ਹੈ। ਸੋ ਪਾਤਰ ਉਸਾਰੀ ਇੱਕ ਕਲਾਤਮਿਕ ਵਿਧੀ ਹੈ। ਪਾਤਰ ਤੇ ਪਾਤਰ-ਉਸਾਰੀ ਵੇਲੇ ਨਾਵਲਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਤਾਂ ਜੋ ਉਸ ਵਲੋਂ ਪੇਸ਼ ਕੀਤੇ ਗਏ ਪਾਤਰ ਅਸਲ ਜ਼ਿੰਦਗੀ ਦੇ ਹੀ ਜਾਪਣ ਤਾਂ ਕਿ ਉਨ੍ਹਾਂ ਨਾਲ ਪਾਠਕਾਂ ਦੀ ਅਪਣੱਤ ਭਰੀ ਸਾਂਝ ਪੈਦਾ ਹੋ ਜਾਵੇ। ਆਲੋਚਕਾਂ ਅਨੁਸਾਰ ਨਾਵਲਾਂ ਵਿੱਚ ਦੋ ਪ੍ਰਕਾਰ ਦੇ ਪਾਤਰ ਹੁੰਦੇ ਹਨ : ਗੋਲ ਪਾਤਰ ਤੇ ਚਪਟੇ ਪਾਤਰ। ਗੋਲ ਪਾਤਰ ਅਜਿਹੇ ਪਾਤਰ ਹੁੰਦੇ ਹਨ ਜੋ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਹਨ ਜਦਕਿ ਚਪਟੇ ਪਾਤਰ ਉਹ ਪਾਤਰ ਹੁੰਦੇ ਹਨ ਜੋ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਇੱਕੋ ਰੂਪ ਵਿੱਚ ਵਿਚਰਦੇ ਹਨ। ਭਾਵ ਉਨ੍ਹਾਂ ਵਿੱਚ ਕੋਈ ਵੀ ਤਬਦੀਲੀ ਵੀ ਨਹੀਂ ਹੁੰਦੀ।

ਨਾਵਲਕਾਰ ਪਾਤਰਾਂ ਦੀ ਪਾਤਰ ਉਸਾਰੀ ਕਈ ਜੁਗਤਾਂ ਅਨੁਸਾਰ ਕਰ ਸਕਦਾ ਹੈ, ਜਿਵੇਂ ਪਾਤਰਾਂ ਦੇ ਮੂੰਹੋਂ ਵਾਰਤਾਲਾਪਾਂ ਰਾਹੀਂ, ਇੱਕ ਪਾਤਰ ਦੇ ਮੂੰਹੋਂ ਦੂਜੇ ਬਾਰੇ ਜਾਣਕਾਰੀ ਆਦਿ ਤੇ ਪਾਤਰਾਂ ਦੇ ਕਾਰਨਾਂ, ਅਦਾਵਾਂ ਰਾਹੀਂ ਬਿਰਤਾਂਤ ਸਿਰਜ ਕੇ ਵੀ ਤਾਂ ਜੋ ਉਹ ਪਾਤਰ ਯਥਾਰਥਕ ਲੱਗਣ।

ਵਾਰਤਾਲਾਪ : ਭਾਵੇਂ ਕਿ ਵਾਰਤਾਲਾਪ ਨਾਟਕ ਦਾ ਮਹੱਤਵਪੂਰਨ ਤੱਤ ਹੈ ਪਰ ਨਾਵਲ ਵਿੱਚ ਵੀ ਇਸ ਦੀ ਖ਼ਾਸ ਮਹੱਤਤਾ ਹੁੰਦੀ ਹੈ। ਘਟਨਾਵਾਂ ਤੇ ਮੌਕੇ ਅਨੁਸਾਰ ਵਾਰਤਾਲਾਪ ਦੀ ਸਿਰਜਨਾ ਕੀਤੀ ਜਾਂਦੀ ਹੈ। ਜਿਵੇਂ ਵਾਰਤਾਲਾਪ ਵਿੱਚ ਸੰਜਮਤਾ, ਸੰਖੇਪਤਾ, ਸੁਭਾਵਕਤਾ, ਰੌਚਿਕਤਾ, ਨਾਟਕੀਅਤਾ ਹੋਣ ਨਾਲ ਨਾਵਲ ਦਾ ਕਥਾਨਕ ਵਧੇਰਾ ਪ੍ਰਭਾਵਸ਼ਾਲੀ ਨਜ਼ਰ ਆਉਂਦਾ ਹੈ।

ਸਥਾਨਕ ਰੰਗਣ : ਨਾਵਲਕਾਰ ਆਪਣੀ ਰਚਨਾ ਸਮੇਂ ਨਾਵਲ ਦਾ ਬਿਰਤਾਂਤ ਕਿਸੇ ਵਿਸ਼ੇਸ਼ ਭੂ-ਖੰਡ ਦੇ ਲੋਕਾਂ ਦੇ ਜੀਵਨ ’ਤੇ ਅਧਾਰਤ ਹੀ ਕਰਦਾ ਹੈ। ਹਰ ਖਿੱਤੇ ਦੀ ਵਿਸ਼ੇਸ਼ ਜੀਵਨ-ਜਾਚ, ਰਹਿਣੀ-ਬਹਿਣੀ, ਸੁਭਾਅ, ਰੀਤੀ-ਰਿਵਾਜ, ਭਾਸ਼ਾ ਤੇ ਬੋਲੀ ਆਦਿ ਹੁੰਦੇ ਹਨ, ਇਸ ਲਈ ਸਥਾਨਕ ਰੰਗਣ ਨਾਵਲ ਵਿੱਚ ਪ੍ਰਮੁੱਖ ਸਥਾਨ ਹਾਸਲ ਕਰ ਲੈਂਦੀ ਹੈ। ਇਸ ਵਿਧੀ ਨਾਲ ਨਾਵਲਾਂ ਵਿੱਚ ਰੁਚੀ ਦੇ ਨਾਲ-ਨਾਲ ਪਾਠਕਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ। ਪੰਜਾਬੀ ਵਿੱਚ ਅਜਿਹੇ ਨਾਵਲਾਂ ਨੂੰ ‘ਆਂਚਲਿਕ ਨਾਵਲ’ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਡਾ. ਦਲੀਪ ਕੌਰ ਟਿਵਾਣਾ, ਕਰਮਜੀਤ ਸਿੰਘ ਕੁੱਸਾ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਆਦਿ ਨੇ ਇਸ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।

ਭਾਸ਼ਾ : ਨਾਵਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਪਾਤਰਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਅਤੇ ਦੂਸਰੀ ਨਾਵਲਕਾਰ ਵਲੋਂ ਬਿਰਤਾਂਤ ਸਿਰਜਨ ਵੇਲੇ ਵਰਤੀ ਗਈ ਭਾਸ਼ਾ; ਨਾਵਲ ਵਿੱਚ ਇਹ ਦੋਵੇਂ ਭਾਸ਼ਾਵਾਂ ਬਰਾਬਰ ਚਲਦੀਆਂ ਹਨ। ਨਾਵਲ ਵਿੱਚ ਪਾਤਰਾਂ ਤੇ ਵਿਸ਼ੇ ਅਨੁਕੂਲ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਨਾਵਲ ਦਾ ਸਾਹਿਤਕ ਪ੍ਰਭਾਵ ਕਾਇਮ ਰਹਿ ਸਕੇ।

ਸ਼ੈਲੀ : ਹਰ ਲੇਖਕ ਦੀ ਪਛਾਣ ਉਸ ਦੀ ਸ਼ੈਲੀ ਹੁੰਦੀ ਹੈ। ਨਾਵਲ ਵਿੱਚ ਵੱਖ-ਵੱਖ ਸ਼ੈਲੀਗਤ ਵਿਧੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਵਰਣਾਤਮਕ, ਵਿਆਖਿਆਤਮਕ, ਬਿਰਤਾਂਤਕ ਵਿਧੀ, ਚੇਤਨਾ ਪ੍ਰਵਾਹ ਦੀ ਵਿਧੀ, ਨਾਟਕੀ ਸ਼ੈਲੀ ਆਦਿ। ਭਾਵੇਂ ਕਿ ਸ਼ੈਲੀ ਲੇਖਕ ਦੀ ਵਿਅਕਤੀਗਤ ਪਸੰਦ ਹੁੰਦੀ ਹੈ ਪਰ ਇਹ ਸ਼ੈਲੀ ਹੀ ਉਸ ਦੀ ਵਿਲੱਖਣ ਪਛਾਣ ਹੁੰਦੀ ਹੈ।

ਉਦੇਸ਼ : ਹਰ ਸਾਹਿਤਕ ਕਿਰਤ ਦਾ ਕੋਈ ਨਾ ਕੋਈ ਉਦੇਸ਼ ਮੌਜੂਦ ਹੁੰਦਾ ਹੈ। ਹਰ ਨਾਵਲਕਾਰ ਕਿਸੇ ਉਦੇਸ਼ ਨੂੰ ਲੈ ਕੇ ਹੀ ਵਿਸ਼ੇ ਦੀ ਚੋਣ ਕਰਕੇ ਨਾਵਲ ਦੀ ਰਚਨਾ ਕਰਦਾ ਹੈ। ਨਾਨਕ ਸਿੰਘ ਤੇ ਭਾਈ ਵੀਰ ਸਿੰਘ ਦੇ ਨਾਵਲਾਂ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਹੀ ਉਦੇਸ਼ ਭਰਪੂਰ ਹੋਣਾ ਹੈ। ਅੰਗਰੇਜ਼ੀ ਵਿਦਵਾਨ ਹੈਨਰੀ ਜੇਮਜ਼ ਅਨੁਸਾਰ ਨਾਵਲ ਲਈ ਕਿਸੇ ਉਦੇਸ਼ ਅਧੀਨ ਜੀਵਨ ਦੀ ਸੋਝੀ ਪ੍ਰਦਾਨ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਉਸ ਨੂੰ ਜੀਵਨ ਦੀ ਸਰਲ ਤੇ ਸਧਾਰਨ ਵਿਆਖਿਆ ਨਹੀਂ ਕਰ ਦੇਣੀ ਚਾਹੀਦੀ ਸਗੋਂ ਵਿਸ਼ੇਸ਼ ਦ੍ਰਿਸ਼ਟੀਕੋਣ ਰਾਹੀਂ ਹੀ ਜੀਵਨ ਦੀ ਵਿਆਖਿਆ ਕਰਨੀ ਚਾਹੀਦੀ ਹੈ।

ਪ੍ਰਮੁੱਖ ਪੰਜਾਬੀ ਨਾਵਲ ਤੇ ਨਾਵਲਕਾਰ

ਭਾਈ ਵੀਰ ਸਿੰਘ : ਭਾਈ ਵੀਰ ਸਿੰਘ ਦੇ ਨਾਵਲ ‘ਸੁੰਦਰੀ’ ਨਾਲ ਪੰਜਾਬੀ ਨਾਵਲ ਰਚਨਾ ਦਾ ਅਰੰਭ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਜੈ ਸਿੰਘ, ਸਤਵੰਤ ਕੌਰ ਅਤੇ ਬਾਬਾ ਨੌਧ ਸਿੰਘ ਨਾਵਲ ਲਿਖੇ। ਆਪ ਨੇ ਸਿੱਖ ਧਰਮ ਦੀ ਵਿਸ਼ੇਸ਼ਤਾ ਤੇ ਪੁਰਾਤਨ ਸਿੱਖ ਇਤਿਹਾਸ ਨੂੰ ਪੇਸ਼ ਕਰਕੇ ਸਿੱਖਾਂ ਨੂੰ ਸਿੱਖਿਆ ਦੇਣ ਜਾਂ ਸਿੱਖਾਂ ਦੇ ਸੁਧਾਰ ਲਈ ਨਾਵਲ ਲਿਖੇ। ਪਹਿਲੇ ਤਿੰਨ ਨਾਵਲਾਂ ਦਾ ਵਿਸ਼ਾ ਤਾਂ 18ਵੀਂ ਸਦੀ ਦਾ ਸੰਘਰਸ਼ਮਈ ਇਤਿਹਾਸ ਹੈ। ‘ਬਾਬਾ ਨੌਧ ਸਿੰਘ’ ਸਮਾਜਿਕ ਨਾਵਲ ਹੈ। ਆਪ ਆਦਰਸ਼ਵਾਦੀ ਲੇਖਕ ਹਨ। ਆਪ ਦੇ ਨਾਵਲ ਕਲਾ ਪੱਖੋਂ ਕਮਜ਼ੋਰ ਹਨ।

ਭਾਈ ਮੋਹਨ ਸਿੰਘ ਵੈਦ : ਸੁਸ਼ੀਲ ਨੂੰਹ, ਸੁਭਾਗ ਕੌਰ, ਸ਼ੇਰ ਬਹਾਦਰ ਸਿੰਘ, ਸੁਖਦੇਵ ਕੌਰ, ਸੁਖੀ ਪਰਿਵਾਰ, ਇੱਕ ਸਿੱਖ ਘਰਾਣਾ, ਸੁਸ਼ੀਲ ਵਿਧਵਾ, ਕਪਟੀ ਮਿੱਤਰ।

ਚਰਨ ਸਿੰਘ ਸ਼ਹੀਦ : ਆਪ ਦੇ ਰਣਜੀਤ ਕੌਰ, ਦਲੌਰ ਕੌਰ, ਦੋ ਵਹੁਟੀਆਂ ਤੇ ਚੰਚਲ ਮੂਰਤੀਆਂ, ਜੋਗਨ ਜਾਦੂਗਰਨੀ ਨਾਵਲ ਹਨ।

ਨਾਨਕ ਸਿੰਘ : ਨਾਨਕ ਸਿੰਘ ਦੀ ਆਮਦ ਨਾਲ ਪੰਜਾਬੀ ਨਾਵਲ ਨਵੇਂ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਆਪ ਨੇ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣ ਵਿੱਚੋਂ ਕੱਢ ਕੇ ਜੀਵਨ ਦੇ ਨੇੜੇ ਲੈ ਆਂਦਾ। ਆਪ ਦਾ ਸੁਰ ਭਾਵੇਂ ਸੁਧਾਰਵਾਦੀ ਤੇ ਪ੍ਰਚਾਰਵਾਦੀ ਹੈ ਪਰ ਆਪ ਨੇ ਪਿਆਰ, ਰੁਮਾਂਸ ਤੇ ਦੁਖਾਂਤਕ ਅੰਸ਼ ਨੂੰ ਆਪਣੇ ਨਾਵਲਾਂ ਵਿਚ ਪੇਸ਼ ਕਰਕੇ ਉਨ੍ਹਾਂ ਨੂੰ ਏਨਾ ਰੌਚਕ ਤੇ ਸੁਆਦਲਾ ਬਣਾ ਦਿੱਤਾ ਕਿ ਪੰਜਾਬੀ ਸਾਹਿਤ ਦੇ ਅਨੇਕਾਂ ਪਾਠਕ ਬਣ ਗਏ।

ਨਾਨਕ ਸਿੰਘ ਨੇ ਪੰਜਾਬੀ ਵਿੱਚ ਸਭ ਤੋਂ ਵਧੇਰੇ ਨਾਵਲ ਲਿਖੇ। ਚਿੱਟਾ ਲਹੂ, ਅੱਧ-ਖਿੜਿਆ ਫੁੱਲ, ਪਵਿੱਤਰ ਪਾਪੀ, ਜੀਵਨ ਸੰਗਰਾਮ, ਅੱਗ ਦੀ ਖੇਡ, ਖ਼ੂਨ ਦੇ ਸੋਹਿਲੇ, ਆਦਮਖ਼ੋਰ, ਇੱਕ ਮਿਆਨ ਦੋ ਤਲਵਾਰਾਂ, ਮੰਝਧਾਰ, ਕਟੀ ਹੋਈ ਪਤੰਗ, ਗਗਨ ਦਮਾਮਾ ਬਾਜਿਓ ਆਦਿ ਉਸ ਦੇ ਪ੍ਰਸਿੱਧ ਨਾਵਲ ਹਨ। ਇਨ੍ਹਾਂ ਦਾ ਵਿਸ਼ਾ ਸਮਾਜਿਕ ਤੇ ਰਾਜਨੀਤਕ ਹੈ। ਉਹ ਮਾਨਵਵਾਦੀ ਵੀ ਹੈ ਤੇ ਰਾਸ਼ਟਰਵਾਦੀ ਵੀ। ਉਸ ਦਾ ਸਮੁੱਚਾ ਦ੍ਰਿਸ਼ਟੀਕੋਣ ਸੁਧਾਰਵਾਦੀ ਹੈ।

ਸੁਰਿੰਦਰ ਸਿੰਘ ਨਰੂਲਾ : ਨਰੂਲਾ ਦੇ ਪ੍ਰਮੁੱਖ ਨਾਵਲ ‘ਪਿਓ-ਪੁੱਤਰ, ਰੰਗ ਮਹਿਲ, ਜੱਗ ਬੀਤੀ, ਦੀਨ ਦੁਨੀਆ ਤੇ ਦਿਲ ਦਰਿਆ’ ਹਨ।

ਸੰਤ ਸਿੰਘ ਸੇਖੋਂ ਦਾ ਨਾਵਲ ‘ਲਹੂ ਮਿੱਟੀ’ ਯਥਾਰਥਵਾਦੀ ਹੈ।

ਕਰਤਾਰ ਸਿੰਘ ਦੁੱਗਲ ਦੇ ਨਾਵਲ ‘ਆਂਦਰਾਂ’, ਨਹੁੰ ਮਾਸ, ਇੱਕ ਦਿਲ ਵਿਕਾਊ ਹੈ’ ਯਥਾਰਥਵਾਦੀ ਨਾਵਲ ਹਨ।

ਜਸਵੰਤ ਸਿੰਘ ਕੰਵਲ : ਸੱਚ ਨੂੰ ਫ਼ਾਂਸੀ, ਪੂਰਨਮਾਸ਼ੀ, ਪਾਲੀ, ਹਾਣੀ, ਰੂਪਧਾਰਾ, ਰਾਤ ਬਾਕੀ ਹੈ ਆਦਿ। ਕੰਵਲ ਦੇ ਨਵੇਂ ਨਾਵਲਾਂ ਦੀ ਸ਼ੈਲੀ ਨਾਟਕੀ ਹੈ ਜਿਵੇਂ ਬਰਫ਼ ਦੀ ਅੱਗ।

ਨਰਿੰਦਰਪਾਲ ਸਿੰਘ : ਮਲਾਹ, ਸੈਨਾਪਤੀ, ਉਨਤਾਲੀ ਵਰ੍ਹੇ, ਖੰਨਿਓ ਤਿੱਖੀ ਵਾਲਹੁ ਨਿੱਕੀ, ਏਤਿ ਮਾਰਗ ਜਾਣਾ, ਇੱਕ ਸਰਕਾਰ ਬਾਝੋਂ ਆਦਿ।

ਅੰਮ੍ਰਿਤਾ ਪ੍ਰੀਤਮ : ਇਸ ਨੇ ਰੁਮਾਂਟਿਕ ਨਾਵਲ ਕਾਵਿਕ ਤੇ ਨਿਵੇਕਲੀ ਸ਼ੈਲੀ ਵਿਚ ਲਿਖੇ। ਪ੍ਰਸਿੱਧ ਨਾਵਲ-ਡਾਕਟਰ ਦੇਵ, ਚੱਕ ਨੰਬਰ ਛੱਤੀ, ਦਿੱਲੀ ਦੀਆਂ ਗਲੀਆਂ, ਪਿੰਜਰ, ਆਲ੍ਹਣਾ, ਬੰਦ ਦਰਵਾਜ਼ਾ ਆਦਿ ਹਨ। ‘ਪਿੰਜਰ’ ਨਾਵਲ ਦੇ ਅਧਾਰ ‘ਤੇ ਫ਼ਿਲਮ ਦਾ ਨਿਰਮਾਣ ਵੀ ਹੋਇਆ ਹੈ। ਇਸ ਵਿੱਚ ਪੰਜਾਬ ਦੀ ਵੰਡ ਦੌਰਾਨ ਇਸਤਰੀ ਉੱਤੇ ਹੋਏ ਜ਼ੁਲਮ ਦੀ ਦਾਸਤਾਨ ਹੈ।

ਸੋਹਣ ਸਿੰਘ ਸੀਤਲ : ਤੂਤਾਂ ਵਾਲਾ ਖੂਹ, ਜੰਗ ਤੇ ਅਮਨ, ਕਾਲੇ ਪਰਛਾਵੇਂ, ਜੁਗ ਬਦਲ ਗਿਆ ਆਦਿ ਪ੍ਰਸਿੱਧ ਨਾਵਲ ਹਨ।

ਗੁਰਦਿਆਲ ਸਿੰਘ : ਪੰਜਾਬੀ ਵਿੱਚ ਆਂਚਲਿਕ ਨਾਵਲ ਦੀ ਪਿਰਤ ਪਾਉਣ ਵਾਲਾ ਪ੍ਰਸਿੱਧ ਨਾਵਲਕਾਰ ਹੈ। ਪ੍ਰਸਿੱਧ ਨਾਵਲ : ਮੜ੍ਹੀ ਦਾ ਦੀਵਾ, ਅਣਹੋਏ, ਕੁਵੇਲਾ, ਰੇਤੇ ਦੀ ਇੱਕ ਮੁੱਠੀ, ਅੱਧ ਚਾਨਣੀ ਰਾਤ, ਪਹੁ ਫੁਟਾਲੇ ਤੋਂ ਪਹਿਲਾਂ ਤੇ ਪਰਸਾ। ਇਹ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਪੰਜਾਬੀ ਵਿੱਚ ‘ਗਿਆਨ ਪੀਠ’ ਅਵਾਰਡ ਪ੍ਰਾਪਤ ਕਰਨ ਵਾਲਾ ਲੇਖਕ ਹੈ। ਇਸ ਦੇ ਪਾਤਰ ਆਰਥਿਕ ਤੇ ਮਾਨਸਿਕ ਉਲਝਣਾਂ ਦੇ ਸ਼ਿਕਾਰ ਹੁੰਦੇ ਹਨ। ਮਲਵਈ ਉਪ ਭਾਸ਼ਾ ਵਿੱਚ ਕਮਾਲ ਦੀ ਪੇਸ਼ਕਾਰੀ ਹੈ।

ਦਲੀਪ ਕੌਰ ਟਿਵਾਣਾ : ‘ਏਹੁ ਹਮਾਰਾ ਜੀਵਣਾ’ ਨਾਵਲ ਨੇ ਟਿਵਾਣਾ ਨੂੰ ਪ੍ਰਸਿੱਧੀ ਦਿਵਾਈ। ਇਸ ਤੋਂ ਇਲਾਵਾ ਤੀਲ੍ਹੀ ਦਾ ਨਿਸ਼ਾਨ, ਅਗਨੀ-ਪ੍ਰੀਖਿਆ, ਦੂਸਰੀ ਸੀਤਾ, ਹਸਤਾਖਰ, ਪੈੜ-ਚਾਲ, ਕਥਾ-ਕੁਕਨੁਸ ਦੀ, ਉਹ ਤਾਂ ਪਰੀ ਸੀ, ਪੌਣਾਂ ਦੀ ਜਿੰਦ ਮੇਰੀ ਆਦਿ ਨਾਵਲ ਲਿਖੇ ਤੇ ਅੱਜ ਵੀ ਲਗਾਤਾਰ ਨਾਵਲੀ ਸਫ਼ਰ ਜਾਰੀ ਹੈ।

ਨਰਿੰਜਨ ਤਸਨੀਮ : ਪਰਛਾਵੇਂ, ਕਸਕ, ਰੇਤ ਛਲ, ਹਨੇਰਾ ਹੋਣ ਤਕ, ਇੱਕ ਹੋਰ ਨਵਾਂ ਸਾਲ ਆਦਿ ਪ੍ਰਸਿੱਧ ਨਾਵਲ ਹਨ।

ਮਿੱਤਰ ਸੈਨ ਮੀਤ : ਤਫਤੀਸ਼, ਕਟਹਿਰਾ, ਕੌਰਵ ਸਭਾ ਆਦਿ।

ਰਾਮ ਸਰੂਪ ਅਣਖ਼ੀ : ਕੋਠੇ ਖੜਕ ਸਿੰਘ, ਜ਼ਖ਼ਮੀ ਅਤੀਤ, ਪਰਤਾਪੀ।

ਅਜੀਤ ਕੌਰ : ਨਾਰੀ ਸੰਵੇਦਨਾ ਵਾਲੀ ਲੇਖਿਕਾ ਅਜੀਤ ਕੌਰ ਨੇ ਪੋਸਟ ਮਾਰਟਮ, ਧੁੱਪ ਵਾਲਾ ਸ਼ਹਿਰ, ਨਾਵਲ ਲਿਖੇ।