ਨਾਲ ਸਮੁੰਦਰ………… ਵਹਿੰਦਾ ਜਾਏ।
ਵਹਿੰਦਾ ਜਾਏ : ਧਨੀ ਰਾਮ ਚਾਤ੍ਰਿਕ
ਪ੍ਰਸ਼ਨ. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਨਾਲ ਸਮੁੰਦਰ ਸਾਕਾਦਾਰੀ,
ਵਿਛੜੇ ਮਿਲੇ ਹਜ਼ਾਰਾਂ ਵਾਰੀ,
ਖਾ ਗਰਮੀ ਅਸਮਾਨੇ ਚੜ੍ਹਿਆ,
ਮੁੜ ਪਹਾੜ ‘ਤੇ ਲਹਿੰਦਾ ਜਾਏ ।
ਨੀਰ ਨਦੀ ਦਾ ਵਹਿੰਦਾ ਜਾਏ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਨਦੀ ਦੇ ਪਾਣੀ ਦੇ ਪਹਾੜਾਂ ਤੋਂ ਲਹਿਣ ਮਗਰੋਂ ਮੈਦਾਨਾਂ ਵਿਚੋਂ ਵਹਿ ਕੇ ਸਮੁੰਦਰ ਨਾਲ ਮਿਲਣ ਅਤੇ ਉੱਥੋਂ ਫਿਰ ਬੱਦਲਾਂ ਦੇ ਰੂਪ ਵਿੱਚ ਉੱਡ ਕੇ ਪਹਾੜਾਂ ਉੱਤੇ ਮੀਂਹ ਦੇ ਰੂਪ ਵਿੱਚ ਵਰ੍ਹਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਤੇ ਫਿਰ ਮਿਲਣ ਦੇ ਰਹੱਸ ਨੂੰ ਪੇਸ਼ ਕੀਤਾ ਹੈ।
ਵਿਆਖਿਆ : ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਪਾਣੀ ਨਾਲ ਰਿਸ਼ਤੇਦਾਰੀ ਹੈ। ਉਹ ਆਪਣੇ ਇਸ ਰਿਸ਼ਤੇਦਾਰ ਦੇ ਪਾਣੀ ਨਾਲ ਕਈ ਵਾਰ ਮਿਲਿਆ ਹੈ ਤੇ ਕਈ ਵਾਰੀ ਉਸ ਨਾਲੋਂ ਵਿਛੜਿਆ ਹੈ। ਸਮੁੰਦਰ ਵਿੱਚ ਮਿਲਣ ਪਿੱਛੋਂ ਨਦੀ ਦਾ ਇਹ ਪਾਣੀ ਸੂਰਜ ਦੀ ਗਰਮੀ ਨਾਲ ਬੱਦਲ ਬਣ ਕੇ ਅਸਮਾਨ ‘ਤੇ ਜਾ ਚੜ੍ਹਦਾ ਹੈ ਤੇ ਫਿਰ ਪਹਾੜ ਉੱਤੇ ਜਾ ਵਰ੍ਹਦਾ ਹੈ। ਉੱਥੋਂ ਫਿਰ ਨਦੀ ਦਾ ਪਾਣੀ ਹੇਠਾਂ ਸਮੁੰਦਰ ਵਲ ਵਗਣਾ ਸ਼ੁਰੂ ਕਰ ਦਿੰਦਾ ਹੈ।