ਨਾਨਕ ਦੁਖੀਆ ਸਭ ਸੰਸਾਰ – ਲੇਖ
ਤੁਕ ਦਾ ਅਰਥ : ‘ਨਾਨਕ ਦੁਖੀਆ ਸਭ ਸੰਸਾਰ’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀੜੀ ਹੋਈ ਹੈ। ਇਸ ਵਿੱਚ ਸਾਡੇ ਜੀਵਨ ਦੀ ਕੌੜੀ ਸਚਾਈ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੁਕ ਦਾ ਭਾਵ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ। ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ – ਤਰ੍ਹਾਂ ਦੇ ਦੁੱਖਾਂ ਵਿੱਚ ਘਿਰੇ ਹੋਏ ਹਨ ਤੇ ਕੋਈ ਵੀ ਸੁਖੀ ਨਹੀਂ ਹੈ।
ਫ਼ਰੀਦ ਜੀ ਦਾ ਵੀ ਕਥਨ ਹੈ :
ਫਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ।।
ਉਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਆਗੂ।।
ਸੰਸਾਰ ਵਿੱਚ ਸਾਰੇ ਦੁਖੀ ਹਨ : ਸਾਰਾ ਸੰਸਾਰ ਹੀ ਦੁੱਖਾਂ ਦੀ ਖਾਣ ਹੈ। ਅਮੀਰ ਲੋਕਾਂ ਕੋਲ ਜ਼ਿੰਦਗੀ ਵਿੱਚ ਸਾਰੇ ਸੁੱਖ – ਅਰਾਮ ਤੇ ਐਸ਼ੋ – ਇਸ਼ਰਤ ਦੇ ਸਾਰੇ ਸਾਧਨ ਹੁੰਦੇ ਹਨ। ਸਾਨੂੰ ਜਾਪਦਾ ਹੈ ਜਿਵੇਂ ਇਹਨਾਂ ਨੂੰ ਤਾਂ ਕੋਈ ਦੁੱਖ ਨਹੀਂ ਪਰ ਅਜਿਹੀ ਸੋਚ ਗ਼ਲਤ ਸਾਬਤ ਹੁੰਦੀ ਹੈ ਕਿਉਂਕਿ ਪੈਸੇ ਨਾਲ ਭਾਵੇਂ ਦੁਨਿਆਵੀ ਪਦਾਰਥ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਖ਼ਰੀਦੀ ਜਾ ਸਕਦੀ। ਧਨਵਾਦ ਵਿਅਕਤੀ ਦਾ ਦੁੱਖ ਵੱਖਰੀ ਕਿਸਮ ਦਾ ਹੁੰਦਾ ਹੈ; ਜਿਵੇਂ ਵਪਾਰਕ ਉਲਝਣਾਂ, ਆਮਦਨ ਟੈਕਸ, ਕਾਲਾ ਧਨ, ਪੈਸੇ ਦੀ ਸੰਭਾਲ ਦੀ ਚਿੰਤਾ ਅਤੇ ਸਭ ਤੋਂ ਵੱਧ ਮਾਨਸਕ ਚਿੰਤਾਵਾਂ ਕਰਨ ਨਾਲ਼ ਸਰੀਰਕ ਰੋਗੀ ਹੋਣਾ ਤੇ ਅਜਿਹੇ ਰੋਗ ਜਿਵੇਂ ਬਲੱਡ – ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਜੋੜਾਂ ਦੀਆਂ ਦਰਦਾਂ ਆਦਿ ਆ ਚੰਬੜਦੇ ਹਨ।
ਇਸੇ ਤਰ੍ਹਾਂ ਦੂਜੇ ਪਾਸੇ ਗ਼ਰੀਬ ਵਿਅਕਤੀ ਆਰਥਿਕ ਤੰਗੀਆਂ ਕਾਰਨ ਪਰੇਸ਼ਾਨ ਹੈ ਤੇ ਦੁਖੀ ਹੈ। ਉਸ ਨੂੰ ਚਿੰਤਾ ਹੈ ਕਿ ਘਰ ਦੀਆਂ ਲੋੜਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ? ਆਮਦਨ ਘੱਟ ਤੇ ਖਰਚੇ ਵਧੇਰੇ ਹੋਣ ਕਾਰਨ ਵਿਅਕਤੀ ਮਾਨਸਕ ਤੌਰ ਤੇ ਬੇਚੈਨ ਰਹਿੰਦਾ ਹੈ। ਕਈ ਦੁੱਖ ਅਜਿਹੇ ਹੁੰਦੇ ਹਨ ਜਿਹੜੇ ਅਮੀਰਾਂ – ਗਰੀਬਾਂ ਦੇ ਸਾਂਝੇ ਹੁੰਦੇ ਹਨ; ਜਿਵੇਂ ਭਿਆਨਕ ਬਿਮਾਰੀਆਂ, ਦੁਰਘਟਨਾਵਾਂ ਦਾ ਵਾਪਰਨਾ, ਸਕੇ ਸੰਬੰਧੀ ਦੀ ਬੇਵਕਤ ਮੌਤ, ਬੇਔਲਾਦ ਹੋਣਾ ਜਾਂ ਔਲਾਦ ਦਾ ਨੇਕ ਨਾ ਹੋਣਾ ਆਦਿ ਅਜਿਹੇ ਦੁੱਖ ਹਨ ਜਿਹੜੇ ਸਾਰਿਆਂ ‘ਤੇ ਪੈ ਸਕਦੇ ਹਨ।
ਦੁੱਖਾਂ ਦਾ ਮੂਲ ਕਾਰਨ : ਗੁਰਬਾਣੀ ਵਿੱਚ ਦੁੱਖਾਂ ਦਾ ਮੂਲ ਕਾਰਨ ਦੱਸਿਆ ਹੈ ਕਿ ਹਊਮੈ, ਹੰਕਾਰ, ਈਰਖਾ ਸਾਰੇ ਦੁੱਖਾਂ ਦੀ ਜੜ੍ਹ ਹੈ। ਮਨੁੱਖ ਦੀ ਹਉਮੈ, ਹੰਕਾਰ ਅਤੇ ਉਸ ਦੀਆਂ ਬੇਅੰਤ ਇੱਛਾਵਾਂ ਹੀ ਉਸ ਦੇ ਦੁੱਖ ਦਾ ਕਾਰਨ ਬਣਦੀਆਂ ਹਨ। ਜਦੋਂ ਇਹਨਾਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ, ਉਹ ਦੁਖੀ ਹੁੰਦਾ ਹੈ ਤੇ ਜੇਕਰ ਇਹਨਾਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਸ ਵਿੱਚ ਹਉਮੈ ਆ ਜਾਂਦੀ ਹੈ, ਉਹ ਹੰਕਾਰੀ ਹੋ ਕੇ ਪਰਮ – ਪਿਤਾ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ ਤੇ ਦੁੱਖ ਝੱਲਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ :
ਹਉਮੈ ਵਿੱਚ ਜਗ ਉਪਜੇ ਪੁਰਖਾ
ਨਾਮ ਬਿਸਰਿਐ ਦੁੱਖ ਪਾਈ।।
ਦੁੱਖ ਦਾਰੂ ਹੈ : ਗੁਰਬਾਣੀ ਵਿੱਚ ਲਿਖਿਆ ਹੈ : ਦੁਖ ਦਾਰੂ ਸੁੱਖ ਰੋਗ ਭਇਆ।। ਭਾਵ ਦੁੱਖ ਸਰੀਰ ਲਈ ਇੱਕ ਦਾਰੂ ਦਾ ਕੰਮ ਕਰਦੇ ਹਨ ਕਿਉਂਕਿ ਦੁੱਖਾਂ ਵਿੱਚ ਘਿਰਿਆ ਵਿਅਕਤੀ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਉਸਾਰੂ ਕੰਮਾਂ ਵੱਲ ਧਿਆਨ ਰੱਖਦਾ ਹੈ। ਜਿਹੜੇ ਵਿਅਕਤੀ ਹਰ ਵੇਲੇ ਸੁੱਖ ਭੋਗਣ ਦੇ ਆਦੀ ਹੋ ਚੁੱਕੇ ਹੁੰਦੇ ਹਨ, ਉਹ ਸਹੀ ਅਰਥਾਂ ਵਿੱਚ ਬੇਕਾਰ ਹੋ ਜਾਂਦੇ ਹਨ, ਉਹਨਾਂ ਦਾ ਵਿਅਕਤੀਗਤ ਵਿਕਾਸ ਰੁਕ ਜਾਂਦਾ ਹੈ।
ਦੁੱਖ – ਸੁੱਖ ਜੀਵਨ ਦਾ ਹਿੱਸਾ ਹਨ : ਇਹ ਸੁੱਖ – ਦੁੱਖ ਤਾਂ ਜ਼ਿੰਦਗੀ ਦਾ ਹਿੱਸਾ ਹਨ। ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਨਾਲ਼ ਜੂਝਣ ਲਈ ਮਹਾਂਪੁਰਖਾਂ ਦੇ ਆਦਰਸ਼ਾਂ ਨੂੰ ਯਾਦ ਕਰਨਾ ਚਾਹੀਦਾ ਹੈ। ਦੁੱਖ ਤਾਂ ਸੰਤਾਂ – ਮਹਾਂਪੁਰਖਾਂ, ਪੀਰਾਂ – ਪੈਗੰਬਰਾਂ ‘ਤੇ ਵੀ ਆਏ ਹਨ। ਸ੍ਰੀ ਰਾਮ ਚੰਦਰ ਜੀ ਨੇ ਬਣਵਾਸ ਕੱਟਿਆ, ਪਾਂਡਵਾਂ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ, ਸ਼ਾਹਜਹਾਂ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ, ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ ‘ਤੇ ਬੈਠੇ, ਦਾਰਾ ਸ਼ਿਕੋਹ ਦੇ ਦੁਖਾਂਤ ਨੂੰ ਕੌਣ ਨਹੀਂ ਜਾਣਦਾ ਪਰ ਅਜਿਹੀਆਂ ਸਰਬ – ਉੱਚ ਹਸਤੀਆਂ ਨੇ ਦੁੱਖ ਵਿੱਚ ਵੀ ਪ੍ਰਭੂ ਪਰਮਾਤਮਾ ਦੇ ਸਿਮਰਨ ਦਾ ਲੜ ਨਹੀਂ ਛੱਡਿਆ ਤੇ ਘੋਰ ਦੁੱਖਾਂ ਨੂੰ ਵੀ ਹੱਸ ਕੇ ਸਹਾਰਿਆ।
ਪ੍ਰਭੂ – ਸਿਮਰਨ ਹੀ ਦੁੱਖਾਂ ਦਾ ਦਾਰੂ ਹੈ : ਸੁੱਖ ਵੇਲੇ ਸਾਰੇ ਅੰਗ – ਸਾਕ ਆਪਣੇ ਬਣਦੇ ਜਾਂਦੇ ਹਨ ਪਰ ਜਿਉਂ ਹੀ ਦੁੱਖ ਆਣ ਘੇਰਾ ਪਾਉਂਦੇ ਹਨ, ਸਕੇ – ਸੰਬੰਧੀ ਵੀ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੰਦੇ ਹਨ। ਦੁੱਖ ਵਿੱਚ ਜੇ ਕੋਈ ਆਸਰਾ ਹੁੰਦਾ ਹੈ ਤਾਂ ਉਹ ਕੇਵਲ ‘ਪਰਮਾਤਮਾ ਦੇ ਨਾਮ’ ਦਾ ਹੀ ਹੁੰਦਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਦੁੱਖਾਂ ਤੋਂ ਮੁਕਤੀ ਪਾਉਣ ਦਾ ਅਹਿਮ ਸਾਧਨ ਹੈ। ਸੁੱਖ ਦੀ ਪ੍ਰਾਪਤੀ ਬਾਰੇ ਗੁਰੂ ਜੀ ਨੇ ਫ਼ਰਮਾਇਆ ਹੈ :
ਨਾਨਕ ਦੁਖੀਆ ਸਭ ਸੰਸਾਰ ।।
ਸਾਰੰਸ਼ : ਅੰਤ ਵਿੱਚ ਅਸੀਂ ਕਹਿੰਦੇ ਹਾਂ ਕਿ ਦੁੱਖ ਅਤੇ ਸੁੱਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ। ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਮਹਾਂਪੁਰਖਾਂ ਦੇ ਜੀਵਨ ਤੋਂ ਹਿੰਮਤ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੇ ਮੁਸ਼ਕਲਾਂ ਵਿੱਚ ਵੀ ਪ੍ਰਭੂ ਦਾ ਨਾਮ ਸਿਮਰ ਕੇ ਦੁੱਖ ਝੱਲੇ। ਇਹ ਵੀ ਗੱਲ ਠੀਕ ਹੈ ਕਿ ਸੁੱਖਾਂ ਦਾ ਆਨੰਦ ਵੀ ਦੁੱਖਾਂ ਨੂੰ ਸਹਾਰਨ ਤੋਂ ਬਾਅਦ ਹੀ ਮਾਣਿਆ ਜਾ ਸਕਦਾ ਹੈ। ਸੋ ਦੁਨਿਆਵੀ ਮੋਹ – ਮਾਇਆ ਦਾ ਤਿਆਗ ਕਰੋ ਤੇ ਸਰਬ – ਸ਼ਕਤੀਮਾਨ ਪਰਮ – ਪਿਤਾ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖੋ।