ਨਵੀਂ ਪੁਰਾਣੀ ਤਹਿਜ਼ੀਬ – ਪਾਠ ਨਾਲ਼ ਸੰਬੰਧਿਤ ਪ੍ਰਸ਼ਨ – ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਨਵੀਂ ਪੁਰਾਣੀ ਤਹਿਜ਼ੀਬ – ਵਿਧਾਤਾ ਸਿੰਘ ਤੀਰ


ਪ੍ਰਸ਼ਨ 1 . ‘ਨਵੀਂ ਪੁਰਾਣੀ ਤਹਿਜ਼ੀਬ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ – ਭਾਰਤ ਵਿੱਚ ਨਵੀਂ ਸੱਭਿਅਤਾ ਦੇ ਆਉਣ ਨਾਲ਼ ਸਾਊਪੁਣੇ, ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਵਰਗੀਆਂ ਪੁਰਾਣੀਆਂ ਸੱਭਿਆਚਾਰਕ ਕੀਮਤਾਂ ਖ਼ਤਮ ਹੋਈਆਂ ਹਨ।

ਨਵੀਂ ਸੱਭਿਅਤਾ ਦੇ ਆਉਣ ਨਾਲ਼ ਆਪਸੀ ਫੁੱਟ, ਲੜਾਈ, ਵੈਰ ਅਤੇ ਗਰੀਬਾਂ ਦੀਆਂ ਮੁਸੀਬਤਾਂ ਵਧੀਆਂ ਹਨ। ਨਵੀਂ ਸੱਭਿਅਤਾ ਹਿੰਦੁਸਤਾਨ ਦੇ ਮੱਥੇ ‘ਤੇ ਕਲੰਕ ਹੈ।

ਪ੍ਰਸ਼ਨ 2 . ਕਵੀ ਨੇ ਨਵੀਂ ਤਹਿਜ਼ੀਬ ਨਾਲੋਂ, ਪੁਰਾਣੀ ਤਹਿਜ਼ੀਬ ਨੂੰ ਬਿਹਤਰ ਸਮਝਦਿਆਂ ਕਿਹੜੀਆਂ – ਕਿਹੜੀਆਂ ਸਿਫ਼ਤਾਂ ਕੀਤੀਆਂ ਹਨ ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਇਸ ਵਿੱਚ ਕਵੀ ਨੇ ਨਵੀਂ ਅਤੇ ਪੁਰਾਣੀ ਸੱਭਿਅਤਾ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਪੁਰਾਣੀ ਤਹਿਜ਼ੀਬ ਨਵੀਂ ਤਹਿਜ਼ੀਬ ਨਾਲੋਂ ਕਈ ਗੁਣਾ ਚੰਗੀ ਹੈ।

ਉਸ ਦੇ ਵਿਚਾਰ ਅਨੁਸਾਰ ਪੁਰਾਣੇ ਰਸਮੋ – ਰਿਵਾਜ ਲੋਕਾਂ ਵਿੱਚ ਭਾਈਚਾਰਾ, ਆਪਸੀ ਪਿਆਰ, ਇੱਕ ਦੂਜੇ ਨਾਲ ਹਮਦਰਦੀ ਪ੍ਰਗਟ ਕਰਦੇ ਸਨ।

ਲੋਕ ਰਲ਼ ਕੇ ਰਹਿੰਦੇ ਸਨ, ਵੰਡ ਕੇ ਖਾਂਦੇ ਸਨ ਅਤੇ ਇੱਕ ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਸਨ। ਪਰ ਨਵੀਂ ਸੱਭਿਅਤਾ ਨੇ ਮਨੁੱਖੀ ਮਨ ਨੂੰ ਚੰਚਲ ਬਣਾ ਦਿੱਤਾ ਹੈ। ਉਹ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ।

ਪ੍ਰਸ਼ਨ 3 . ਨਵੀਂ / ਪੱਛਮੀ ਸੱਭਿਅਤਾ ਦੇ ਦੋਸ਼ਾਂ ਦਾ ਮੁਲਾਂਕਣ ਕਰੋ।

ਉੱਤਰ – ਨਵੀਂ / ਪੱਛਮੀ ਸੱਭਿਅਤਾ ਫੁੱਟ ਪਾਉਣ ਵਾਲਾ ਇੱਕ ਪਾਣੀ ਹੈ ਤੇ ਭਰਾਵਾਂ ਨੂੰ ਆਪਸ ਵਿੱਚ ਵਿਛੋੜ ਦਿੰਦੀ ਹੈ। ਇਹ ਚੰਚਲ ਅਸਥਿਰਤਾ ਵਾਲੀ ਤਹਿਜ਼ੀਬ ਹੈ।

ਇਹ ਸਕੇ ਭਰਾਵਾਂ ਨੂੰ ਪਰਸਪਰ ਲੜਾਉਣ ਦਾ ਕੰਮ ਕਰਦੀ ਹੈ। ਇਹ ਹਮੇਸ਼ਾ ਪਰੇਸ਼ਾਨੀਆਂ ਵਿੱਚ ਪਾਈ ਰੱਖਦੀ ਹੈ।

ਜਿੱਥੇ ਪੁਰਾਣੀ ਸੱਭਿਅਤਾ ਤਾਂ ਜੀਵਨ ਦਾਤੀ ਸੀ ਜਦਕਿ ਨਵੀਂ ਸੱਭਿਅਤਾ ਜੀਵਨ ਲੈਣ ਵਾਲੀ ਹੈ। ਇਸ ਸੱਭਿਅਤਾ ਕਾਰਨ ਹਰ ਇੱਕ ਵਿਅਕਤੀ ਦੁਖੀ ਹੈ।