ਨਵਾਂ ਨੌਂ ਦਿਨ ਪੁਰਾਣਾ ਸੌ ਦਿਨ – ਪੈਰਾ ਰਚਨਾ
ਨਵੀਂ ਚੀਜ਼ ਹਰ ਬੰਦੇ ਦਾ ਧਿਆਨ ਖਿੱਚਦੀ ਹੈ। ਉਸ ਦੇ ਮਾਲਕ ਨੂੰ ਤਾਂ ਉਸ ਦਾ ਅਨੋਖਾ ਹੀ ਨਸ਼ਾ ਹੁੰਦਾ ਹੈ। ਜਿਸ ਨੇ ਨਵਾਂ ਸਾਈਕਲ ਜਾਂ ਸਕੂਟਰ ਲਿਆ ਹੁੰਦਾ ਹੈ, ਉਹ ਕੁੱਝ ਦਿਨ ਉਸ ਨੂੰ ਬਹੁਤ ਸਾਂਭ – ਸਾਂਭ ਰੱਖਦਾ ਹੈ। ਉਸ ਦੀ ਝਾੜ – ਪੂੰਝ ਵਲ ਇੰਨਾ ਧਿਆਨ ਦਿੰਦਾ ਹੈ ਕਿ ਟਾਇਰ ਤੱਕ ਵੀ ਸਾਫ਼ ਰੱਖਦਾ ਤੇ ਧੋਂਦਾ ਹੈ। ਨਵਾਂ ਪੈੱਨ, ਨਵੀਂ ਡਾਇਰੀ, ਨਵਾਂ ਕੱਪੜਾ, ਨਵਾਂ ਮਕਾਨ, ਗੱਲ ਕੀ ਨਵਾਂਪਣ ਜਿੱਥੇ ਵੀ ਹੈ, ਉਹ ਉਚੇਚ ਕਰ ਲੈਂਦਾ ਹੈ। ਪਰ ਜਿਵੇਂ ਕਿ ਉਪਰੋਕਤ ਕਹਾਵਤ ਦੱਸਦੀ ਹੈ ਕਿ ਨਵਾਂਪਣ ਅਤੇ ਇਸ ਨਾਲ ਜੁੜਿਆ ਰੁਮਾਂਚ ਥੋੜ੍ਹੇ ਸਮੇਂ ਲਈ ਹੁੰਦਾ ਹੈ। ਫਿਰ ਸਮਾਂ ਬੀਤਣ ਨਾਲ ਸਾਡੀ ਜਗਿਆਸਾ ਤੇ ਦਿਲਚਸਪੀ ਮੱਧਮ ਪੈਣ ਲੱਗ ਪੈਂਦੀ ਹੈ। ਇਸੇ ਕਰਕੇ ਹੀ ਸਿਆਣੇ ਕਹਿੰਦੇ ਹਨ, “ਚਾਰ ਦਿਨ ਦੇ ਸ਼ੌਕ ਤੇ ਫਿਰ ਉਹੀਓ ਕੁੱਤੇ ਭੌਂਕਦੇ।” ਨਵੀਂ ਚੀਜ਼ ਦੀ ਨਵੀਨਤਾ ਖ਼ਤਮ ਹੋ ਜਾਂਦੀ ਹੈ। ਇਸ ਤੋਂ ਅਗਲੀ ਅਵਸਥਾ ਉਸ ਨੂੰ ਹੰਢਾਉਣ ਦੀ ਹੁੰਦੀ ਹੈ। ਜਿਸ ਚੀਜ਼ ਨੂੰ ਅਸੀਂ ਨਵੀਂ ਸਮਝ ਕੇ ਇਕ ਦੂਰੀ ਉੱਤੇ ਰੱਖਦੇ ਹਾਂ, ਫਿਰ ਉਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦੇ ਹਾਂ। ਤਦ ਭਾਵੇਂ ਕੋਈ ਚੀਜ਼ ਹੋਵੇ ਜਾਂ ਰਿਸ਼ਤਾ, ਸਾਡੇ ਜੀਵਨ ਵਿਚ ਪੈਣ ਵਾਲੇ ਪ੍ਰਭਾਵਾਂ ਕਾਰਨ ਆਪਣਾ ਮੁੱਲ ਰੱਖਣ ਲੱਗਦਾ ਹੈ। ਨਵੀਨਤਾ ਆਸਾਂ ਬੰਨ੍ਹਾਉਂਦੀ ਹੈ, ਪੁਰਾਤਨਤਾ ਵਿਚ ਇਹ ਆਸਾਂ ਸਾਕਾਰ ਹੁੰਦੀਆਂ ਦਿਸਦੀਆਂ ਹਨ। ਇਹ ਦੂਜੀ ਅਵਸਥਾ ਸਮੇਂ ਦੇ ਪੱਖ ਤੋਂ ਵਧੇਰੇ ਹੰਢਣਸਾਰ ਤੇ ਉਪਯੋਗੀ ਹੁੰਦੀ ਹੈ। ਅੰਗਰੇਜ਼ੀ ਦੀ ਵੀ ਅਖਾਣ ਹੈ ‘Old is gold’ ਭਾਵ ਪੁਰਾਣੀ ਚੀਜ਼ ਆਪਣੀ ਉਪਯੋਗਤਾ ਕਾਰਨ ਬਹੁਮੁੱਲੀ ਹੁੰਦੀ ਹੈ। ਇਹ ਇਕ ਸੱਚਾਈ ਹੈ ਕਿ ਨਵੀਨਤਾ ਥੋੜ੍ਹਾ ਚਿਰ ਰਹਿੰਦੀ ਹੈ। ਚਿਰ – ਜੀਵੀ ਅਵਸਥਾ ਵਿਚ ਆਉਣ ਲਈ ਇਸ ਦਾ ਹੰਢ ਕੇ ਪੁਰਾਣਾ ਹੋਣਾ ਜ਼ਰੂਰੀ ਹੈ। ਵਰਤੋਂ ਵਿਚ ਚੰਗੀ ਵਸਤੂ ਨਾਲ ਸਾਡਾ ਸੰਬੰਧ ਵਧੇਰੇ ਗੂੜ੍ਹਾ ਹੋ ਜਾਂਦਾ ਹੈ। ਉਹ ਸਾਨੂੰ ਆਪਣੇ ਜੀਵਨ ਦਾ ਇਕ ਅੰਗ ਬਣ ਗਈ ਪ੍ਰਤੀਤ ਹੁੰਦੀ ਹੈ। ਸ਼ਾਇਦ ਇਸ ਕਰਕੇ ਸਿਆਣਿਆਂ ਨੇ ਸਾਨੂੰ ਉਪਰੋਕਤ ਅਖਾਣ ਰਾਹੀਂ ਕਿਸੇ ਵਸਤੂ ਦੀ ਨਵੀਨਤਾ ਦਾ ਮੋਹ ਕਰਨ ਤੋਂ ਵਰਜਿਆ ਹੈ ਤਾਂ ਜੋ ਉਸਦੇ ਪੁਰਾਣੇ ਹੋਣ ਤੇ ਸਾਨੂੰ ਉਸ ਦਾ ਦੁੱਖ ਨਾ ਹੋਵੇ। ਇਸ ਰਾਹੀਂ ਸਾਨੂੰ ਸੁਚੇਤ ਕੀਤਾ ਗਿਆ ਹੈ ਕਿ ਨਾ ਟਾਲਿਆ ਜਾਣ ਵਾਲਾ ਪੁਰਾਣਾਪਨ ਸਾਡੇ ਤ੍ਰਿਸਕਾਰ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ।