CBSEclass 11 PunjabiEducationPunjab School Education Board(PSEB)

ਨਲ ਤੇ ਦਮਿਅੰਤੀ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਨਲ ਤੇ ਦਮਿਅੰਤੀ ਵਿੱਚ ਕਿਹੜੇ – ਕਿਹੜੇ ਗੁਣ ਸਨ?

ਉੱਤਰ – ਨਲ ਤੇਜਮਈ, ਗੁਣਵਾਨ, ਸੁੰਦਰ ਤੇ ਬਲਵਾਨ ਹੋਣ ਤੋਂ ਬਿਨਾਂ ਘੋੜੇ ਦੁੜਾਉਣ ਵਿਚ ਖ਼ਾਸ ਮੁਹਾਰਤ ਰੱਖਦਾ ਸੀ। ਦਮਿਅੰਤੀ ਰੂਪਮਤੀ, ਬੁੱਧੀਮਾਨ ਤੇ ਹੋਰਨਾਂ ਕਈ ਗੁਣਾਂ ਦੀ ਮਾਲਿਕ ਰਾਜਕੁਮਾਰੀ ਸੀ।

ਪ੍ਰਸ਼ਨ 2 . ਨਲ ਤੋਂ ਵਿਛੜ ਕੇ ਦਮਿਅੰਤੀ ਨਾਲ ਕੀ ਵਾਪਰਦਾ ਹੈ?

ਜਾਂ

ਪ੍ਰਸ਼ਨ . ਨਲ ਨਾਲੋਂ ਵਿਛੜਨ ਤੋਂ ਬਾਅਦ ਦਮਿਅੰਤੀ ਨਾਲ ਕਿਹੜੀ ਘਟਨਾ ਵਾਪਰਦੀ ਹੈ?

ਉੱਤਰ – ਨਲ ਤੋਂ ਵਿਛੜ ਕੇ ਦਮਿਅੰਤੀ ਅੰਤਾਂ ਦਾ ਵਿਰਲਾਪ ਕਰਦੀ ਹੋਈ ਉਸ ਨੂੰ ਢੂੰਢਣ ਲਈ ਜੰਗਲ ਵੱਲ ਤੁਰ ਪਈ। ਰਾਹ ਵਿੱਚ ਇੱਕ ਅਜਗਰ ਨੇ ਉਸ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ।

ਇੱਕ ਸ਼ਿਕਾਰੀ ਨੇ ਅਜਗਰ ਨੂੰ ਮਾਰ ਕੇ ਦਮਿਅੰਤੀ ਦੀ ਜਾਨ ਬਚਾਈ, ਪਰੰਤੂ ਨਾਲ ਹੀ ਉਸ ਦੇ ਮਨ ਵਿੱਚ ਉਸ ਪ੍ਰਤੀ ਮੰਦ ਭਾਵਨਾ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਮੁਕਾਇਆ।

ਫਿਰ ਉਹ ਜੰਗਲਾਂ ਤੇ ਬਿਰਛਾਂ – ਬੂਟਿਆਂ ਤੋਂ ਨਲ ਬਾਰੇ ਪੁੱਛਦੀ ਰਹੀ। ਅੰਤ ਉਹ ਚੇਦੀ ਰਾਜ ਦੀ ਰਾਜਧਾਨੀ ਪੁੱਜੀ।

ਪ੍ਰਸ਼ਨ 3 . ਨਲ ਤੇ ਦਮਿਅੰਤੀ ਇਕ – ਦੂਜੇ ਤੋਂ ਕਿਵੇਂ ਵਿਛੜਦੇ ਹਨ?

ਉੱਤਰ – ਰਾਜਾ ਨਲ ਆਪਣਾ ਰਾਜ ਜੂਏ ਵਿੱਚ ਹਾਰਨ ਮਗਰੋਂ ਜੰਗਲਾਂ ਵੱਲ ਤੁਰ ਪਿਆ ਤੇ ਦਮਿਅੰਤੀ ਵੀ ਨਾਲ ਤੁਰ ਪਈ। ਦੋਹਾਂ ਦਾ ਸਫ਼ਰ ਦੇ ਥਕੇਵੇਂ ਤੇ ਭੁੱਖ ਨਾਲ ਬੁਰਾ ਹਾਲ ਸੀ।

ਇੱਕ ਸ਼ਾਮ ਜਦੋਂ ਉਹ ਇਕ ਧਰਮਸ਼ਾਲਾ ਕੋਲ ਠਹਿਰੇ ਹੋਏ ਸਨ, ਤਾਂ ਦਮਿਅੰਤੀ ਨੂੰ ਨੀਂਦ ਆ ਗਈ। ਰਾਜਾ ਨਲ ਚਿੰਤਾ ਕਾਰਨ ਜਾਗ ਰਿਹਾ ਸੀ। ਉਸ ਨੇ ਜੰਗਲ ਵਿੱਚ ਆਪਣੇ ਨਾਲ ਜਾ ਰਹੀ ਦਮਿਅੰਤੀ ਦੇ ਦੁੱਖਾਂ ਬਾਰੇ ਸੋਚ ਕੇ ਉਸ ਨੂੰ ਸੁੱਤਿਆਂ ਛੱਡ ਜਾਣ ਦਾ ਫ਼ੈਸਲਾ ਕੀਤਾ।

ਇਸ ਤਰ੍ਹਾਂ ਰਾਜੇ ਨਲ ਦੇ ਦਮਿਅੰਤੀ ਨੂੰ ਸੁੱਤਿਆਂ ਛੱਡ ਜਾਣ ਮਗਰੋਂ ਦੋਵੇਂ ਇੱਕ – ਦੂਜੇ ਤੋਂ ਵਿਛੜ ਗਏ।

ਪ੍ਰਸ਼ਨ 4 . ਨਲ ਅਤੇ ਦਮਿਅੰਤੀ ਦਾ ਵਿਆਹ ਕਿਵੇਂ ਹੁੰਦਾ ਹੈ?

ਉੱਤਰ – ਜਦੋਂ ਦਮਿਅੰਤੀ ਦੇ ਬਾਪ ਨੇ ਉਸ ਦੇ ਵਿਆਹ ਦਾ ਸਵੰਬਰ ਕੀਤਾ, ਤਾਂ ਦਮਿਅੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰ – ਦੁਰਾਡੇ ਦੇ ਰਾਜੇ ਤੇ ਰਾਜਕੁਮਾਰ ਪਹੁੰਚੇ। ਇੱਥੋਂ ਤੱਕ ਕਿ ਬਹੁਤ ਸਾਰੇ ਦੇਵਤੇ ਵੀ ਰਾਜਿਆਂ ਦੇ ਭੇਸ ਵਿੱਚ ਆ ਪਹੁੰਚੇ।

ਅਸਲ ਵਿੱਚ ਦਮਿਅੰਤੀ ਆਪਣੇ ਮਨ ਵਿੱਚ ਨਲ ਨੂੰ ਆਪਣਾ ਪਤੀ ਮੰਨ ਬੈਠੀ ਸੀ। ਜਦੋਂ ਉਸ ਨੇ ਰਾਜਿਆਂ ਤੇ ਰਾਜਕੁਮਾਰਾਂ ਵਿੱਚੋਂ ਨਲ ਦੀ ਪਛਾਣ ਕਰਨੀ ਚਾਹੀ, ਤਾਂ ਉਸ ਨੂੰ ਬਹੁਤ ਸਾਰੇ ਨਲ ਬੈਠੇ ਦਿਖਾਈ ਦਿੱਤੇ।

ਫਿਰ ਜਦੋਂ ਉਸ ਨੇ ਦੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਪਸੀਨੇ ਦੀ ਇੱਕ ਵੀ ਬੂੰਦ ਨਹੀਂ, ਉਹ ਅੱਖਾਂ ਨਹੀਂ ਝਪਕ ਰਹੇ, ਉਹਨਾਂ ਦੇ ਪੈਰ ਧਰਤੀ ਨੂੰ ਨਹੀਂ ਛੋਹਂਦੇ ਤੇ ਉਨ੍ਹਾਂ ਦਾ ਪਰਛਾਵਾਂ ਵੀ ਨਹੀਂ, ਤਾਂ ਉਸ ਨੇ ਉਨ੍ਹਾਂ ਵਿਚੋਂ ਰਾਜੇ ਨਲ ਨੂੰ ਪਛਾਣ ਕੇ ਵਰ – ਮਾਲਾ ਉਸ ਦੇ ਗਲ ਵਿੱਚ ਪਾ ਦਿੱਤੀ। ਇਸ ਤਰ੍ਹਾਂ ਦੋਹਾਂ ਦਾ ਵਿਆਹ ਹੋ ਗਿਆ।

ਪ੍ਰਸ਼ਨ 5 . ਨਲ ਤੇ ਦਮਿਅੰਤੀ ਦਾ ਪੁਨਰ – ਮੇਲ ਕਿਵੇਂ ਹੁੰਦਾ ਹੈ?

ਉੱਤਰ – ਜਦੋਂ ਦਮਿਅੰਤੀ ਨੂੰ ਉਸ ਦੀ ਮਾਸੀ ਨੇ ਉਸ ਦੇ ਪਿਤਾ ਕੋਲ ਪੁਚਾ ਦਿੱਤਾ, ਤਾਂ ਉਸ ਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਚਾਰੇ ਪਾਸੇ ਬ੍ਰਾਹਮਣ ਭੇਜੇ। ਇੱਕ ਬ੍ਰਾਹਮਣ ਰਾਜੇ ਰਿਤੂਪਰਣ ਕੋਲ ਵੀ ਪਹੁੰਚ ਗਿਆ, ਜਿੱਥੇ ਕਿ ਰਾਜਾ ਨਲ ਸ਼ਕਲੋਂ ਬੇਸ਼ਕਲ ਹੋਇਆ ਉਸ ਦੇ ਘੋੜਿਆਂ ਦੇ ਵਾਹਕ ਦੇ ਤੌਰ ‘ਤੇ ਨੌਕਰ ਸੀ।

ਬ੍ਰਾਹਮਣ ਨੂੰ ਉਸ ਨਾਲ ਗੱਲਬਾਤ ਕਰਕੇ ਸ਼ੱਕ ਪੈ ਗਿਆ। ਉਸ ਨੇ ਦਮਿਅੰਤੀ ਕੋਲ ਆ ਕੇ ਉਸ ਦਾ ਹੁਲੀਆ ਦੱਸਿਆ। ਦਮਿਅੰਤੀ ਨੇ ਰਾਜਾ ਨਲ ਨੂੰ ਮੁੜ ਪ੍ਰਾਪਤ ਕਰਨ ਤੇ ਉਸ ਦੇ ਰਾਜਾ ਨਲ ਹੋਣ ਬਾਰੇ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ।

ਉਸ ਨੇ ਕੇਵਲ ਇੱਕ ਦਿਨ ਦਾ ਸਮਾਂ ਦੇ ਕੇ ਰਾਜੇ ਰਿਤੂਪਰਣ ਵੱਲ ਸਵੰਬਰ ਦਾ ਸੁਨੇਹਾ ਭੇਜਿਆ। ਰਾਜਾ ਰਿਤੂਪਰਣ ਇਕ ਦਿਨ ਵਿੱਚ ਵਿਦਰਭ ਪਹੁੰਚਣਾ ਅਸੰਭਵ ਸਮਝਦਾ ਸੀ। ਪਰ ਰਾਜੇ ਨਲ ਨੇ ਤੇਜ਼ ਘੋੜੇ ਭਜਾ ਕੇ ਉਸ ਨੂੰ ਵਿਦਰਭ ਪੁਚਾ ਦਿੱਤਾ।

ਉੱਥੇ ਦਮਿਅੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ, ਜਿਹੜਾ ਕਿ ਦਮਿਅੰਤੀ ਦੇ ਸਵੰਬਰ ਕਰਕੇ ਦੁਖੀ ਸੀ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਿਅੰਤੀ ਨੇ ਉਸ ਨੂੰ ਲੱਭਣ ਲਈ ਹੀ ਸਾਰੀ ਯੋਜਨਾ ਬਣਾਈ ਸੀ, ਤਾਂ ਉਹ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਨਲ ਤੇ ਦਮਿਅੰਤੀ ਦਾ ਪੁਨਰ ਮੇਲ ਹੋ ਗਿਆ।

ਪ੍ਰਸ਼ਨ 6 . ਨਲ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ?

ਉੱਤਰ – ਨਲ ਪੁਸ਼ਕਰ ਵਰਗਾ ਦੁਸ਼ਟ ਨਹੀਂ ਸੀ, ਸਗੋਂ ਸੱਜਣ – ਪੁਰਸ਼ ਸੀ।