ਨਕਲੀ ਦਵਾਈਆਂ ਦੇ ਖ਼ਤਰੇ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਨਕਲੀ ਦਵਾਈਆਂ ਦੇ ਖ਼ਤਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ।
115, ਮਹਾਰਾਣਾ ਪ੍ਰਤਾਪ ਨਗਰ,
……………….ਸ਼ਹਿਰ।
ਮਿਤੀ : 24 ਮਾਰਚ, 20…………….
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਨਵਾਂ ਜ਼ਮਾਨਾ’,
ਜਲੰਧਰ।
ਵਿਸ਼ਾ : ਨਕਲੀ ਦਵਾਈਆਂ ਦਾ ਖ਼ਤਰਾ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਨਕਲੀ ਦਵਾਈਆਂ ਦੇ ਖ਼ਤਰੇ ਬਾਰੇ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਨਕਲੀ ਦਵਾਈਆਂ ਦੀ ਵਿਕਰੀ ਸੰਬੰਧੀ ਖ਼ਬਰਾਂ ਛਪੀਆਂ ਹਨ। ਅਜਿਹੀਆਂ ਦਵਾਈਆਂ ਦੀ ਵਿਕਰੀ ਇੱਕ ਬਹੁਤ ਵੱਡਾ ਸਮਾਜਿਕ ਅਪਰਾਧ ਹੈ। ਅਜਿਹੀ ਵਿਕਰੀ ਕਰਨ ਵਾਲੇ ਸਮਾਜ ਦੇ ਬਹੁਤ ਵੱਡੇ ਦੁਸ਼ਮਣ ਹਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ।
ਨਕਲੀ ਦਵਾਈਆਂ ਦੀ ਵਿਕਰੀ ਸਾਡੇ ਸਮਾਜ ਦੇ ਹੋਰ ਖੇਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ। ਜੇਕਰ ਸਾਡੇ ਦੇਸ ਵਿੱਚ ਅਨੇਕਾਂ ਹੋਰ ਡੁਪਲੀਕੇਟ ਚੀਜ਼ਾਂ ਵਿਕਦੀਆਂ ਹਨ ਤਾਂ ਨਕਲੀ ਦਵਾਈਆਂ ਦੀ ਵਿਕਰੀ ਦੀ ਸੰਭਾਵਨਾ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ। ਪਰ ਕਿਉਂਕਿ ਦਵਾਈਆਂ/ਨਕਲੀ ਦਵਾਈਆਂ ਨਾਲ ਮਰੀਜ਼ ਦੀ ਜ਼ਿੰਦਗੀ ਅਤੇ ਮੌਤ ਦਾ ਪ੍ਰਸ਼ਨ ਜੁੜਿਆ ਹੋਇਆ ਹੈ ਇਸ ਲਈ ਨਕਲੀ ਦੁਵਾਈਆਂ ਦੀ ਵਿਕਰੀ ‘ਤੇ ਇਕਦਮ ਰੋਕ ਲੱਗਣੀ ਚਾਹੀਦੀ ਹੈ।
ਨਕਲੀ ਦਵਾਈਆਂ ਦੀ ਵਿਕਰੀ ਕਈ ਤਰ੍ਹਾਂ ਨਾਲ ਹੁੰਦੀ ਹੈ। ਜਿਨ੍ਹਾਂ ਦਵਾਈਆਂ ਦੀ ਵਰਤੋਂ ਦੀ ਮਿਤੀ ਅਥਵਾ ਮਿਆਦ ਲੰਘ ਚੁੱਕੀ ਹੁੰਦੀ ਹੈ ਉਹਨਾਂ ਦੀ ਮਿਆਦ ਵਧਾ ਕੇ ਅਥਵਾ ਉਹਨਾਂ ‘ਤੇ ਨਵੇਂ ਰੈਪਰ ਲਗਾ ਕੇ ਉਹਨਾਂ ਨੂੰ ਮੁੜ ਵੇਚ ਦਿੱਤਾ ਜਾਂਦਾ ਹੈ। ਮਿਆਦ ਲੰਘ ਚੁੱਕੀ ਹੋਣ ਕਾਰਨ ਅਜਿਹੀਆਂ ਦਵਾਈਆਂ ਕੋਈ ਅਸਰ ਨਹੀਂ ਕਰਦੀਆਂ ਜਿਸ ਕਾਰਨ ਮਰੀਜ਼ ਪੈਸੇ ਖ਼ਰਚ ਕੇ ਵੀ ਬਿਮਾਰੀ ਤੋਂ ਛੁਟਕਾਰਾ ਨਹੀਂ ਪਾ ਸਕਦੇ। ਕਈ ਵਾਰ ਸਮਾਜ ਦੇ ਦੁਸ਼ਮਣਾਂ ਵੱਲੋਂ ਪੈਸਾ ਕਮਾਉਣ ਲਈ ਕੀਮਤੀ ਦਵਾਈਆਂ ਦੇ ਨਕਲੀ ਰੂਪ ਤਿਆਰ ਕਰ ਕੇ ਵੀ ਵੇਚੇ ਜਾਂਦੇ ਹਨ। ਆਮ ਆਦਮੀ ਲਈ ਨਕਲੀ ਦਵਾਈਆਂ ਦੀ ਪਛਾਣ ਕਰਨੀ ਔਖੀ ਹੁੰਦੀ ਹੈ। ਨਕਲੀ ਦਵਾਈ ਦੇ ਰੈਪਰ ਦੀ ਛਪਾਈ ਅਤੇ ਪੈਕਿੰਗ ਅਸਲੀ ਦਵਾਈ ਦੀ ਪੈਕਿੰਗ ਨਾਲ ਏਨੀ ਮਿਲਦੀ ਹੁੰਦੀ ਹੈ ਕਿ ਦੋਹਾਂ ਵਿੱਚ ਫ਼ਰਕ ਕਰਨਾ ਔਖਾ ਹੋ ਜਾਂਦਾ ਹੈ। ਕਈ ਵਾਰ ਕੁਝ ਛੋਟੀਆਂ/ਸਥਾਨਿਕ ਕੰਪਨੀਆਂ ਮਸ਼ਹੂਰ ਦਵਾਈਆਂ ਦੇ ਨਾਂਵਾਂ ਨਾਲ ਮਿਲਦੇ-ਜੁਲਦੇ ਨਾਂ ‘ਤੇ ਵੀ ਨਕਲੀ ਦਵਾਈਆਂ ਅਸਲ ਦਾ ਭੁਲੇਖਾ ਪਾ ਕੇ ਵੇਚਦੀਆਂ ਹਨ। ਅਜਿਹੀਆਂ ਨਕਲੀ ਦਵਾਈਆਂ ਦੇ ਨਾਂਵਾਂ ਦੇ ਸ਼ਬਦ-ਜੋੜਾਂ ਵਿੱਚ ਕੇਵਲ ਇੱਕ ਅੱਖਰ ਦਾ ਹੀ ਫ਼ਰਕ ਪਾਇਆ ਜਾਂਦਾ ਹੈ ਅਤੇ ਇਹਨਾਂ ਦੇ ਨਾਂਵਾਂ ਦਾ ਉਚਾਰਨ ਵੀ ਅਸਲ ਨਾਂਵਾਂ ਨਾਲ ਮਿਲਦਾ-ਜੁਲਦਾ ਹੁੰਦਾ ਹੈ। ਅਜਿਹੀਆਂ ਨਕਲੀ ਦਵਾਈਆਂ ਅਸਲੀ ਦਵਾਈਆਂ ਨਾਲੋਂ ਲਗਪਗ ਅੱਧੇ ਮੁੱਲ ‘ਤੇ ਉਪਲਬਧ ਹੁੰਦੀਆਂ ਹਨ ਭਾਵੇਂ ਕਿ ਇਹਨਾਂ ‘ਤੇ ਕੀਮਤ ਅਸਲ ਦਵਾਈ ਵਾਲੀ ਹੀ ਛਪੀ ਹੁੰਦੀ ਹੈ। ਕੈਮਿਸਟ ਜ਼ਿਆਦਾ ਕਮਾਈ ਦੇ ਲਾਲਚ ਵਿੱਚ ਇਹ ਨਕਲੀ ਦਵਾਈਆਂ ਵੇਚਦੇ ਹਨ।
ਇਸ ਤਰ੍ਹਾਂ ਨਕਲੀ ਦਵਾਈਆਂ ਤੋਂ ਸਮਾਜ ਨੂੰ ਇੱਕ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਅਜਿਹੀਆਂ ਦਵਾਈਆਂ ਦੀ ਵਰਤੋਂ ਨਾਲ ਅਨੇਕਾਂ ਲੋਕਾਂ ਦੀਆਂ ਜਾਨਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਸਰਕਾਰ ਨੂੰ ਇਸ ਗੱਲ ਦੀ ਵਿਵਸਥਾ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਅਜਿਹੀਆਂ ਨਕਲੀ ਦਵਾਈਆਂ ਮਾਰਕੀਟ ਵਿੱਚ ਨਾ ਵਿਕ ਸਕਣ। ਦੋਸ਼ੀ ਵਿਅਕਤੀਆਂ ਲਈ ਅਜਿਹੀ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਕਿ ਕੋਈ ਹੋਰ ਵਿਅਕਤੀ ਇਸ ਕੰਮ ਬਾਰੇ ਸੋਚ ਤੱਕ ਨਾ ਸਕੇ। ਸੰਬੰਧਿਤ ਅਧਿਕਾਰੀਆਂ ਨੂੰ ਦਵਾਈਆਂ ਦੀਆਂ ਦੁਕਾਨਾਂ ਅਤੇ ਦਵਾਈਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਵਿੱਚ ਜਾ ਕੇ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਨਕਲੀ ਦਵਾਈਆਂ ਨਾ ਵਿਕ ਸਕਣ।
ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਛਾਪ ਕੇ ਇਹਨਾਂ ਵਿਚਾਰਾਂ ਨੂੰ ਆਮ ਲੋਕਾਂ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰੋਗੇ ਤਾਂ ਜੋ ਇਸ ਗੰਭੀਰ ਸਮੱਸਿਆ ਬਾਰੇ ਚਰਚਾ ਛਿੜ ਸਕੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਰਾਜਨ ਵਰਮਾ