ਧਰਤੀ ਹੇਠਲਾ ਬਲਦ – ਪ੍ਰਸ਼ਨ ਉੱਤਰ
ਕਹਾਣੀ – ਧਰਤੀ ਹੇਠਲਾ ਬਲਦ
ਲੇਖਕ – ਕੁਲਵੰਤ ਸਿੰਘ ਵਿਰਕ
ਜਮਾਤ – ਦਸਵੀਂ
ਪ੍ਰਸ਼ਨ 1. ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ ?
ਉੱਤਰ – ਕਰਮ ਸਿੰਘ ਇੱਕ ਮਿੱਠ ਬੋਲੜਾ ਵਿਅਕਤੀ ਸੀ। ਇਸੇ ਕਾਰਨ ਉਹ ਜਦੋਂ ਛੁੱਟੀ ਤੇ ਆਉਂਦਾ ਸੀ ਤਾਂ ਹਰ ਆਦਮੀ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ।
ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਕਰਮ ਸਿੰਘ ਸਵੇਰੇ ਉੱਠਣ ਦਾ ਸ਼ੌਕੀਨ ਨਹੀਂ ਸੀ। ਉਹ ਇਕ ਵਧੀਆ ਨਿਸ਼ਾਨਚੀ ਅਤੇ ਜਮਨਾਸਟਿਕ ਦਾ ਖਿਡਾਰੀ ਵੀ ਸੀ।
ਪ੍ਰਸ਼ਨ 2 . ਕਰਮ ਸਿੰਘ ਦੇ ਘਰ ਦਿਆਂ ਨੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ, ਉਸ ਨਾਲ ਕਿਹੋ ਜਿਹਾ ਵਿਹਾਰ ਕੀਤਾ ?
ਉੱਤਰ – ਉਨ੍ਹਾਂ ਨੇ ਕਰਮ ਸਿੰਘ ਦੀ ਮੌਤ ਦੀ ਖ਼ਬਰ ਮਾਨ ਸਿੰਘ ਕੋਲੋਂ ਲੁਕੋ ਕੇ ਰੱਖੀ। ਇਸ ਲਈ ਉਨ੍ਹਾਂ ਨੇ ਉਸ ਨਾਲ ਬਹੁਤੀ ਅਪਣੱਤ ਵਾਲਾ ਤੇ ਨਿੱਘਾ ਵਿਹਾਰ ਨਾ ਕੀਤਾ।
ਪ੍ਰਸ਼ਨ 3 . ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ ਤੇ ਕਿਉਂ ?
ਉੱਤਰ – ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੀ ਮੌਤ ਦੀ ਗੱਲ ਛੁਪਾਈ।
ਅਜਿਹਾ ਉਸਨੇ ਇਸਲਈ ਕੀਤਾ ਕਿ ਤਾਂ ਜੋ ਮਾਨ ਸਿੰਘ ਦੀ ਛੁੱਟੀ ਖ਼ਰਾਬ ਨਾ ਹੋ ਜਾਵੇ ਕਿਉਂਕਿ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ।
ਪ੍ਰਸ਼ਨ 4 . ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਕਰਨੀਆਂ ਕਿਉਂ ਚਾਹੁੰਦਾ ਸੀ ?
ਉੱਤਰ – ਮਾਨ ਸਿੰਘ ਕਰਮ ਸਿੰਘ ਦਾ ਗੂੜ੍ਹਾ ਯਾਰ ਸੀ। ਉਹ ਦੋਵੇਂ ਬਰ੍ਹਮਾ ਦੇ ਫਰੰਟ ‘ਤੇ ਇਕੱਠੇ ਲੜ ਰਹੇ ਸਨ। ਉਹ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ ਆਸ ਸੀ ਕਿ ਕਰਮ ਸਿੰਘ ਦੇ ਘਰ ਵਾਲੇ ਉਸ ਕੋਲੋਂ ਲੜਾਈ ਦੀਆਂ ਗੱਲਾਂ ਬਾਰੇ ਜਰੂਰ ਪੁੱਛਣਗੇ।
ਉਹ ਆਪਣੀ ਮਿੱਤਰਤਾ ਦਰਸਾਉਣ ਲਈ ਆਪਣੇ ਯਾਰ ਦੀਆਂ ਗੱਲਾਂ ਰੱਜ ਕੇ ਕਰਨਾ ਚਾਹੁੰਦਾ ਸੀ।
ਪ੍ਰਸ਼ਨ 5 . “ਆਹ ਫੜ ਲੈ, ਮੁੰਡੇ ਨੂੰ ਓਧਰ ਰੱਖ, ਰੋਟੀ ਤਾਂ ਖਾ ਲੈਣ ਦਿਆ ਕਰੋ, ਅਰਾਮ ਨਾਲ।” ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਕਿਉਂ ਕਹੇ ?
ਉੱਤਰ – ਕਰਮ ਸਿੰਘ ਦੇ ਮੁੰਡੇ ਦੇ ਕੋਲ ਆ ਕੇ ਬਹਿਣ ‘ਤੇ ਮਾਨ ਸਿੰਘ ਨੇ ਉਸਨੂੰ ਆਪਣੀ ਕੁੱਛੜ ਚੁੱਕ ਕੇ ਕਿਹਾ ਕਿ ਉਹ ਉਸ ਦੇ ਨਾਲ ਹੀ ਆਪਣੇ ਬਾਪੂ ਕੋਲ ਚਲਾ ਚਲੇ।
ਕਰਮ ਸਿੰਘ ਦੇ ਪਰਿਵਾਰ ਵਾਲੇ ਉਸਦੀ ਮੌਤ ਤੋਂ ਜਾਣੂ ਸਨ, ਇਸ ਲਈ ਇਹ ਗੱਲ ਕਰਮ ਸਿੰਘ ਦੇ ਬਾਪੂ ਨੂੰ ਚੁੱਭੀ ਸੀ। ਇਸ ਕਰਕੇ ਉਨ੍ਹਾਂ ਨੇ ਕਰਮ ਸਿੰਘ ਦੇ ਮੁੰਡੇ ਨੂੰ ਚੁੱਕ ਕੇ ਲੈ ਜਾਣ ਲਈ ਕਿਹਾ ਸੀ।
ਪ੍ਰਸ਼ਨ 6 . ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ ?
ਉੱਤਰ – ਡਾਕੀਏ ਨੂੰ ਦੇਖ ਕੇ ਬਾਪੂ ਦੇ ਮਨ ਵਿੱਚ ਆਇਆ ਕਿ ਹੁਣ ਗੱਲ ਨਿਕਲ ਗਈ ਹੈ। ਉਹ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਉਸਦੇ ਯਾਰ ਕੋਲੋਂ ਲੁਕਾਣ ਵਿੱਚ ਕਾਮਯਾਬ ਨਹੀਂ ਹੋਏ। ਹੁਣ ਉਸਨੂੰ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਹੈ।
ਪ੍ਰਸ਼ਨ 7 . ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ‘ਧਰਤੀ ਹੇਠਲਾ ਬਲਦ’ ਕਿਉਂ ਕਿਹਾ ?
ਉੱਤਰ – ਬਾਪੂ ਨੇ ਆਪਣੇ ਫੌਜੀ ਪੁੱਤਰ ਦੇ ਯਾਰ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ ਆਪਣੇ ਲਾਡਲੇ ਦੀ ਮੌਤ ਦੀ ਖ਼ਬਰ ਉਸ ਕੋਲੋਂ ਲੁਕਾ ਕੇ ਰੱਖੀ।
ਇਸ ਲਈ ਕਰਮ ਸਿੰਘ ਨੂੰ ਜਾਪਦਾ ਸੀ ਕਿ ਉਹ ਬਾਪੂ ਧਰਤੀ ਹੇਠਲਾ ਬਲਦ ਹੀ ਹੈ, ਜਿਹੜਾ ਪਹਿਲਾਂ ਹੀ ਭਾਰ ਚੁੱਕੇ ਹੋਣ ਦੇ ਬਾਵਜੂਦ ਦੂਸਰਿਆਂ ਦਾ ਭਾਰ ਵੀ ਆਪਣੇ ਸਿਰ ਚੁੱਕਣ ਲਈ ਤਿਆਰ ਸੀ।
ਪ੍ਰਸ਼ਨ 8. ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਲੇਖਕ ਨਾਲ 50-60 ਸ਼ਬਦਾਂ ਵਿੱਚ ਜਾਣ-ਪਛਾਣ ਕਰਾਓ।
ਉੱਤਰ : ‘ਧਰਤੀ ਹੇਠਲਾ ਬਲਦ’ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਆਪ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ। ਆਪ ਦਾ ਜਨਮ 1921 ਈ. ਵਿੱਚ ਪਿੰਡ ਫੁਲਰਵਾਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿਖੇ ਸ. ਆਸਾ ਸਿੰਘ ਦੇ ਘਰ ਹੋਇਆ। ਆਪ ਨੇ ਐੱਮ. ਏ. ਵਿੱਚ ਪੜ੍ਹਦਿਆਂ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਲਵੰਤ ਸਿੰਘ ਵਿਰਕ ਕੁਝ ਸਮੇਂ ਲਈ ਫ਼ੌਜ ਵਿੱਚ ਲੈਫ਼ਟੀਨੈਂਟ ਵੀ ਰਹੇ। ਛਾਹ ਵੇਲ਼ਾ, ਧਰਤੀ ਤੇ ਅਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਏਕਸ ਕੇ ਹਮ ਬਾਰਿਕ, ਗੋਲ੍ਹਾਂ, ਨਵੇਂ ਲੋਕ ਆਪ ਦੇ ਕਹਾਣੀ ਸੰਗ੍ਰਹਿ ਹਨ। ਨਵੇਂ ਲੋਕ ਕਹਾਣੀ-ਸੰਗ੍ਰਹਿ ਲਈ ਆਪ ਨੂੰ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੁਰਸਕਾਰ ਦਿੱਤਾ ਗਿਆ। ਵਿਰਕ ਨਿੱਕੀ ਕਹਾਣੀ ਦੇ ਵੱਡੇ ਲੇਖਕ ਵਜੋਂ ਜਾਣਿਆ ਜਾਂਦਾ ਹੈ। 1987 ਈ. ਵਿੱਚ ਆਪਦਾ ਦਿਹਾਂਤ ਹੋ ਗਿਆ।
ਪ੍ਰਸ਼ਨ 9. ਵਿਰਕ ਦੀ ਕਹਾਣੀ-ਕਲਾ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਜਾਂ
ਪ੍ਰਸ਼ਨ. ਕੁਲਵੰਤ ਸਿੰਘ ਵਿਰਕ ਦੀ ਕਹਾਣੀ-ਕਲਾ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ।
ਉੱਤਰ : ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਕੁਲਵੰਤ ਸਿੰਘ ਵਿਰਕ ਦਾ ਮਹੱਤਵਪੂਰਨ ਸਥਾਨ ਹੈ। ਉਹ ਨਿੱਕੀ ਕਹਾਣੀ ਦਾ ਵੱਡਾ ਲੇਖਕ ਹੈ। ਵਿਰਕ ਇੱਕ ਮਾਨਵਵਾਦੀ ਕਹਾਣੀਕਾਰ ਹੈ। ਆਪਣੇ ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਨ ਵਿੱਚ ਉਹ ਸਫਲ ਹੈ। ਉਸ ਦੇ ਪਾਤਰ ਸਧਾਰਨ ਜੀਵਨ ਦੇ ਪਾਤਰ ਹਨ। ਉਹ ਆਪਣੇ ਇਹਨਾਂ ਸਧਾਰਨ ਤੇ ਅਣਗੌਲ਼ੇ ਪਾਤਰਾਂ ਲਈ ਪਾਠਕਾਂ ਦੇ ਦਿਲ ਵਿੱਚ ਹਮਦਰਦੀ ਪੈਦਾ ਕਰਦਾ ਹੈ। ਇਹਨਾਂ ਪਾਤਰਾਂ ਦੀਆਂ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਨੂੰ ਉਸ ਨੇ ਬੜੀ ਸਫਲਤਾ ਨਾਲ ਪ੍ਰਗਟਾਇਆ ਹੈ। ਕਿਰਸਾਣੀ ਜੀਵਨ ਦਾ ਉਸ ਨੂੰ ਬਹੁਤ ਨੇੜਲਾ ਅਨੁਭਵ ਹੈ। ਉਸ ਦੀਆਂ ਕਹਾਣੀਆਂ ਅਕਾਰ ਵਿੱਚ ਛੋਟੀਆਂ ਹੁੰਦੀਆਂ ਹਨ। ਆਪਣੀਆਂ ਕਹਾਣੀਆਂ ਵਿੱਚ ਉਹ ਵਿਅੰਗ ਦੀ ਸਫਲ ਵਰਤੋਂ ਕਰਦਾ ਹੈ।
ਪ੍ਰਸ਼ਨ 10. ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਵਿਸ਼ੇ ਜਾਂ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ।
ਉੱਤਰ : ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਵਿਸ਼ੇ ਜਾਂ ਸਮੱਸਿਆ ਦਾ ਸੰਬੰਧ ਇੱਕ ਸ਼ਹੀਦ ਫ਼ੌਜੀ ਦੇ ਬਜ਼ੁਰਗ ਪਿਤਾ ਦੀ ਸਹਿਨ-ਸ਼ਕਤੀ ਨਾਲ ਹੈ। ਉਹ ਦੂਜਿਆਂ ਦਾ ਭਾਰ ਹੌਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਹੈ। ਫ਼ੌਜੀ ਕਰਮ ਸਿੰਘ ਦਾ ਬਜ਼ੁਰਗ ਪਿਤਾ ਪੁੱਤਰ ਦੀ ਮੌਤ ਤੋਂ ਦੁਖੀ ਹੈ ਪਰ ਉਹ ਇਸ ਦੁੱਖ ਬਾਰੇ ਫ਼ੌਜੀ ਮਾਨ ਸਿੰਘ ਨੂੰ ਦੱਸ ਕੇ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਛੁੱਟੀ ਆਇਆ ਹੋਇਆ ਹੈ ਅਤੇ ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਮਾਨ ਸਿੰਘ ਨੂੰ ਕਰਮ ਸਿੰਘ ਦਾ ਪਿਤਾ ਉਹ ਧੌਲ ਪ੍ਰਤੀਤ ਹੁੰਦਾ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ।
ਪ੍ਰਸ਼ਨ 11. ਮਾਨ ਸਿੰਘ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਉੱਤਰ : ਫ਼ੌਜੀ ਮਾਨ ਸਿੰਘ ‘ਧਰਤੀ ਹੇਠਲਾ ਬਲਦ’ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਚੂਹੜਕਾਣਾ ਪਿੰਡ ਦਾ ਵਸਨੀਕ ਹੈ। ਫ਼ੌਜੀ ਕਰਮ ਸਿੰਘ ਉਸ ਦਾ ਦੋਸਤ ਹੈ। ਉਹ ਦੋਵੇਂ ਆਪਣੇ ਰੈਜਿਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਸਨ ਅਤੇ ਹੁਣ ਇੱਕੋ ਬਟਾਲੀਅਨ ਵਿੱਚ ਬਰਮਾ ਦੇ ਫ਼ਰੰਟ ‘ਤੇ ਲੜ ਰਹੇ ਸਨ । ਮਾਨ ਸਿੰਘ ਜਦ ਛੁੱਟੀ ਆਉਂਦਾ ਹੈ ਤਾਂ ਕਰਮ ਦੇ ਕਹਿਣ ਕਾਰਨ ਉਸ ਦੇ ਘਰ ਵੀ ਜਾਂਦਾ ਹੈ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਕਰਮ ਸਿੰਘ ਮਾਰਿਆ ਗਿਆ ਹੈ ਪਰ ਘਰ ਵਾਲਿਆਂ ਦੇ ਵਿਹਾਰ ਤੋਂ ਉਸ ਨੂੰ ਕੁਝ ਹੈਰਾਨੀ ਜ਼ਰੂਰ ਹੁੰਦੀ ਹੈ। ਉਹ ਕਰਮ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਸੁਣਾਉਣਾ ਚਾਹੁੰਦਾ ਸੀ ਪਰ ਘਰ ਵਾਲਿਆਂ ਨੇ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਦਿਖਾਈ। ਡਾਕੀਏ ਦੇ ਆਉਣ ‘ਤੇ ਜਦ ਉਸ ਨੂੰ ਕਰਮ ਸਿੰਘ ਦੇ ਮਾਰੇ ਜਾਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਮਾਨ ਸਿੰਘ ਕਾਹਲੇ ਸੁਭਾਅ ਦਾ ਪਰ ਮਿਲਨਸਾਰ ਤੇ ਦੂਸਰੇ ਦਾ ਦੁੱਖ ਜਾਣਨ ਵਾਲ਼ਾ ਵਿਅਕਤੀ ਹੈ।