ਧਰਤੀ ਦੇ……… ਤੁਸੀਂ ਹੋ ਲੜਦੇ।
ਬ੍ਰਿੱਛ ਕਵਿਤਾ : ਪ੍ਰਸੰਗ ਸਹਿਤ ਵਿਆਖਿਆ
ਬ੍ਰਿੱਛ : ਭਾਈ ਵੀਰ ਸਿੰਘ ਜੀ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਧਰਤੀ ਦੇ ਹੇ ਤੰਗ-ਦਿਲ ਲੋਕੋ !
ਨਾਲ ਅਸਾਂ ਕਿਉਂ ਲੜਦੇ ?
ਚੌੜੇ ਦਾਉ ਅਸੀਂ ਨਹੀਂ ਵਧਣਾ,
ਸਿੱਧੇ ਜਾਣਾ ਚੜ੍ਹਦੇ;
ਘੇਰੇ ਤੇ ਫਲਾਉ ਅਸਾਡੇ,
ਵਿਚ ਅਸਮਾਨਾਂ ਹੋਸਣ,
ਗਿੱਠ ਥਾਂਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ?
ਪ੍ਰਸੰਗ : ਇਹ ਕਾਵਿ-ਟੋਟਾ ਭਾਈ ਵੀਰ ਸਿੰਘ ਦੀ ਰਚਨਾ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਬ੍ਰਿਛ’ ਸਿਰਲੇਖ ਹੇਠ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਬ੍ਰਿਛ ਦੇ ਚਿੰਨ੍ਹ ਰਾਹੀਂ ਦੁਨੀਆ ਉੱਪਰ ਬੋਝ ਨਾ ਬਣਨ ਵਾਲੇ ਪਰ ਇੱਥੋਂ ਦੇ ਤੰਗ-ਦਿਲ ਲੋਕਾਂ ਦੇ ਧੱਕੇ ਦਾ ਸ਼ਿਕਾਰ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ।
ਵਿਆਖਿਆ : ਬ੍ਰਿਛ ਦੁਨੀਆ ਦੇ ਲੋਕਾਂ ਨੂੰ ‘ਤੰਗ-ਦਿਲ’ ਆਖ ਕੇ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਉਹ ਉਨ੍ਹਾਂ (ਬ੍ਰਿਛਾਂ) ਨਾਲ ਕਿਉਂ ਲੜਦੇ ਹਨ। ਉਹ ਧਰਤੀ ਉੱਪਰ ਉਨ੍ਹਾਂ ਵਾਂਗ ਚੌੜੇ ਦਾਓ ਵਧ ਕੇ ਆਪਣਾ ਪਸਾਰ ਨਹੀਂ ਵਧਾਉਂਦੇ, ਸਗੋਂ ਸਿੱਧੇ ਉੱਪਰ ਨੂੰ ਵਧਦੇ ਜਾਂਦੇ ਹਨ। ਉਨ੍ਹਾਂ ਦਾ ਘੇਰਾ ਅਤੇ ਫਲਾਓ ਧਰਤੀ ਉੱਪਰ ਨਹੀਂ ਪਸਰਦਾ, ਸਗੋਂ ਅਸਮਾਨਾਂ ਵਿਚ ਪਸਰਦਾ ਹੈ। ਉਨ੍ਹਾਂ ਨੇ ਧਰਤੀ ਉੱਤੋਂ ਤਾਂ ਕੇਵਲ ਇਕ ਗਿੱਠ ਥਾਂ ਹੀ ਲਈ ਹੈ, ਪਰ ਉਹ ਉਨ੍ਹਾਂ ਨਾਲ ਫਿਰ ਵੀ ਲੜਦੇ ਹਨ। ਬ੍ਰਿਛ ਦੇ ਇਸ ਚਿੰਨ੍ਹ ਰਾਹੀਂ ਭਾਈ ਸਾਹਿਬ ਰੱਬ ਦੇ ਇੱਕ ਪ੍ਰੇਮੀ ਦੀ ਅਵਸਥਾ ਨੂੰ ਪੇਸ਼ ਕਰਦੇ ਹਨ, ਜੋ ਕਿ ਧਰਤੀ ਦੇ ਪਦਾਰਥਾਂ ਵਿਚ ਆਪਣਾ ਪਸਾਰ ਨਹੀਂ ਕਰਦਾ, ਸਗੋਂ ਆਪਣੀ ਸੁਰਤੀ ਨੂੰ ਰੱਬ ਵਲ ਲਾਉਂਦਾ ਹੈ, ਪਰ ਦੁਨੀਆ ਦੇ ਲੋਕ ਤਾਂ ਵੀ ਉਸ ਨਾਲ ਬੁਰਾ ਸਲੂਕ ਕਰਦੇ ਹਨ।