ਦੰਤ – ਕਥਾਵਾਂ ਕੀ ਹੁੰਦੀਆਂ ਹਨ?

ਜਾਣ – ਪਛਾਣ : ਦੰਤ – ਕਥਾ ਲੋਕ – ਸਾਹਿਤ ਦਾ ਬੜਾ ਵਚਿੱਤਰ ਤੇ ਰੋਚਕ ਰੂਪ ਹੈ। ਪੰਜਾਬੀ ਲੋਕ – ਸਾਹਿਤ ਵਿਚ ਦੰਤ – ਕਥਾਵਾਂ ਦਾ ਵੱਡਾ ਖਜ਼ਾਨਾ ਮੌਜੂਦ ਹੈ। ਇਸ ਵਿੱਚ ਇਤਿਹਾਸ ਤੇ ਗਲਪ ਦਾ ਸੁੰਦਰ ਸੁਮੇਲ ਹੁੰਦਾ ਹੈ। ਇਸ ਦਾ ਅਧਾਰ ਇਤਿਹਾਸ ਦਾ ਕੋਈ ਤੱਥ ਹੁੰਦਾ ਹੈ, ਜੋ ਲੋਕ – ਮਨ ਨੂੰ ਟੁੰਬਦਾ ਹੈ ਤੇ ਉਸ ਉੱਪਰ ਗਲਪ ਦੀ ਚਾਸ਼ਣੀ ਚੜ੍ਹਦੀ ਜਾਂਦੀ ਹੈ ਤੇ ਇਸ ਪ੍ਰਕਾਰ ਲੋਕ ਆਪਣੀ ਕਲਪਨਾ ਨਾਲ ਇਸ ਵਿੱਚ ਵਾਧੇ – ਘਾਟੇ ਵੀ ਕਰਦੇ ਰਹਿੰਦੇ ਹਨ।

ਦੰਤ – ਕਥਾ ਦੀ ਕਹਾਣੀ ਪੀੜ੍ਹੀ ਦਰ ਪੀੜ੍ਹੀ ਚਲਦੀ ਹੈ ਤੇ ਨਾਲੋਂ ਨਾਲ ਇਸ ਵਿਚ ਵਾਧਾ ਹੁੰਦਾ ਜਾਂਦਾ ਹੈ। ਇਸ ਪ੍ਰਕਾਰ ਕਹਾਣੀ ਨੂੰ ਜਿਹੜਾ ਨਵਾਂ ਸਰੂਪ ਪ੍ਰਾਪਤ ਹੁੰਦਾ ਹੈ, ਉਸ ਵਿਚ ਲੋਕਾਂ ਦੇ ਭਾਵਾਂ, ਕਲਪਨਾਵਾਂ, ਵਿਸ਼ਵਾਸਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਹੁੰਦਾ ਹੈ।

ਹਰ ਯੁਗ ਦੀਆਂ ਪ੍ਰਮੁੱਖ ਰੁਚੀਆਂ ਅਨੁਸਾਰ ਦੰਤ – ਕਥਾਵਾਂ ਬਣੀਆਂ ਹੋਈਆਂ ਹਨ।

ਪੰਜਾਬ ਵਿੱਚ ਪ੍ਰੇਮੀਆਂ, ਜੋਗੀਆਂ ਤੇ ਰਾਜਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਦੰਤ – ਕਥਾਵਾਂ ਪ੍ਰਚਲਿਤ ਹਨ। ਪ੍ਰੇਮ – ਭਾਵ ਨੂੰ ਪ੍ਰਗਟ ਕਰਨ ਵਾਲੀਆਂ ਸਾਡੀਆਂ ਪ੍ਰੀਤ – ਕਥਾਵਾਂ ਹਨ। ਜੋਗ ਮੱਤ ਦੇ ਪ੍ਰਭਾਵ ਹੇਠ ਗੋਪੀ ਚੰਦ, ਭਰਥਰੀ ਹਰੀ, ਗੋਰਖਨਾਥ ਅਤੇ ਪੂਰਨ ਨਾਥ ਜੋਗੀ ਆਦਿ ਦੰਤ – ਕਥਾਵਾਂ ਰਚੀਆਂ ਗਈਆਂ ਰਾਜਾ ਰਸਾਲੂ ਤੇ ਦੁੱਲਾ – ਭੱਟੀ ਬੀਰ ਭਾਵਨਾ ਨੂੰ ਉਜਾਗਰ ਕਰਦੀਆਂ ਹਨ।

ਇਨ੍ਹਾਂ ਵਿੱਚੋਂ ਬਹੁਤੀਆਂ ਹਰਮਨ – ਪਿਆਰੀਆਂ ਦੰਤ – ਕਥਾਵਾਂ ਉਹ ਹਨ, ਜਿਨ੍ਹਾਂ ਦੇ ਨਾਇਕਾਂ ਵਿਚ ਭਰਪੂਰ ਜੀਵਨ – ਸ਼ਕਤੀ, ਜੀਵਨ – ਅਨੁਰਾਗ, ਸੰਜਮ, ਸਾਹਸ, ਅਣਖ ਤੇ ਬੀਰਤਾ ਆਦਿ ਗੁਣਾਂ ਦਾ ਸੁਮੇਲ ਹੁੰਦਾ ਹੈ। ਪੂਰਨ ਭਗਤ, ਰਾਜਾ ਰਸਾਲੂ ਤੇ ਦੁੱਲਾ ਭੱਟੀ ਪੰਜਾਬ ਦੀਆਂ ਅਜਿਹੀਆਂ ਹੀ ਦੰਤ – ਕਥਾਵਾਂ ਹਨ।