CBSEEducationLetters (ਪੱਤਰ)Punjab School Education Board(PSEB)

ਦੋ-ਪਹੀਆ ਵਾਹਨਾਂ ਦੀ ਏਜੰਸੀ ਲੈਣ ਸੰਬੰਧੀ ਪੱਤਰ


ਤੁਹਾਡੇ ਕਸਬੇ ਵਿੱਚ ਦੋ-ਪਹੀਆ ਵਾਹਨਾਂ ਦੀ ਮੰਗ ਦਿਨੋ-ਦਿਨ ਵਧ ਰਹੀ ਹੈ ਜਿਸ ਦੇ ਚੱਲਦਿਆਂ ਹੀਰੋ ਮੋਟਰਜ਼, ਨਵੀਂ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖੋ।

ਚੱਢਾ ਆਟੋਮੋਬਾਈਲਜ਼,

ਰੇਲਵੇ ਰੋਡ, ਸ਼ਹਿਰ।

ਹਵਾਲਾ ਨੰਬਰ : 157,

ਮਿਤੀ : 14 ਅਪਰੈਲ, 20…..

ਸੇਵਾ ਵਿਖੇ

ਮੈਸਰਜ਼ ਹੀਰੋ ਮੋਟਰਜ਼,

10 ਵਸੰਤ ਵਿਹਾਰ,

ਨਵੀਂ ਦਿੱਲੀ।

ਵਿਸ਼ਾ : ਦੋ-ਪਹੀਆ ਵਾਹਨਾਂ ਦੀ ਏਜੰਸੀ ਲੈਣ ਸੰਬੰਧੀ।

ਸ੍ਰੀਮਾਨ ਜੀ,

ਸਾਡੇ ਇਲਾਕੇ ਵਿੱਚ ਦੋ-ਪਹੀਆ ਵਾਹਨਾਂ ਦੀ ਮੰਗ ਦਿਨੋ-ਦਿਨ ਵਧ ਰਹੀ ਹੈ। ਇਸ ਲਈ ਅਸੀਂ ਤੁਹਾਡੀ ਕੰਪਨੀ ਦੁਆਰਾ ਨਿਰਮਿਤ ਦੋ-ਪਹੀਆ ਵਾਹਨਾਂ ਦੀ ਏਜੰਸੀ ਲੈਣਾ ਚਾਹੁੰਦੇ ਹਾਂ। ਇਸ ਸੰਬੰਧ ਵਿੱਚ ਅਸੀਂ ਆਪ ਜੀ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ :

(ੳ) ਸਾਡੇ ਨਗਰ ਵਿੱਚ ਪਹਿਲਾਂ ਹੋਰ ਕਿਸੇ ਕੋਲ ਵੀ ਆਪ ਜੀ ਦੀ ਕੰਪਨੀ ਦੁਆਰਾ ਨਿਰਮਿਤ ਦੋ-ਪਹੀਆ ਵਾਹਨਾਂ ਦੀ ਏਜੰਸੀ ਨਹੀਂ। ਇਸ ਲਈ ਸਾਨੂੰ ਇਹ ਏਜੰਸੀ ਮਿਲਨ ਨਾਲ ਕਿਸੇ ਹੋਰ ਦਾ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ।

(ਅ) ਸਾਡੇ ਨਗਰ ਦੀ ਅਬਾਦੀ ਵੀਹ ਹਜ਼ਾਰ ਦੇ ਲਗਪਗ ਹੈ ਅਤੇ ਇੱਥੇ ਦੋ-ਪਹੀਆ ਵਾਹਨਾਂ ਦੀ ਵਿਕਰੀ ਦੀਆਂ ਬਹੁਤ ਸੰਭਾਵਨਾਵਾਂ ਹਨ। ਫਿਰ ਇਸ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਦੋ-ਪਹੀਆ ਵਾਹਨਾਂ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ।

(ੲ) ਅਸੀਂ ਜੀ.ਟੀ. ਰੋਡ ‘ਤੇ ਇੱਕ ਹੋਰ ਬਹੁਤ ਵੱਡਾ ਸ਼ੋ-ਰੂਮ ਖ਼ਰੀਦਿਆ ਹੈ। ਇਸ ਦੀ ਰਜਿਸਟਰੀ ਦੀ ਫੋਟੋ-ਕਾਪੀ ਇਸ ਪੱਤਰ ਨਾਲ ਭੇਜੀ ਜਾ ਰਹੀ ਹੈ।

(ਸ) ਸਾਡੇ ਕੋਲ ਪਹਿਲਾਂ ਹੀ ਕਿਨੈਟਿਕ ਹੌਂਡਾ ਦੀ ਏਜੰਸੀ ਹੈ ਅਤੇ ਸਾਡਾ ਕੰਮ ਬੜੀ ਸਫਲਤਾ ਨਾਲ ਚੱਲ ਰਿਹਾ ਹੈ। ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ਲਈ ਹੁਣ ਅਸੀਂ ਤੁਹਾਡੀ ਕੰਪਨੀ ਦੀ ਏਜੰਸੀ ਲੈਣਾ ਚਾਹੁੰਦੇ ਹਾਂ।

(ਹ) ਇਲਾਕੇ ਵਿੱਚ ਸਾਡੀ ਚੰਗੀ ਸਾਖ ਹੈ ਅਤੇ ਗਾਹਕਾਂ ਦਾ ਸਾਡੇ ‘ਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦੀ ਤਸੱਲੀ ਕਰਵਾਉਂਦੇ ਹਾਂ।

(ਕ) ਸਾਡੇ ਕੋਲ ਬਹੁਤ ਸਿਆਣੇ/ਯੋਗ ਅਤੇ ਤਜਰਬੇਕਾਰ ਸੇਲਜ਼ਮੈਨ ਹਨ ਜੋ ਤੁਹਾਡੀ ਕੰਪਨੀ ਦੇ ਵਾਹਨਾਂ ਦੀ ਵਿਕਰੀ ਵਿੱਚ ਬਹੁਤ ਸਹਾਈ ਹੋਣਗੇ।

ਅਸੀਂ ਆਪ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਏਜੰਸੀ ਮਿਲਨ ‘ਤੇ ਅਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰਾਂਗੇ ਅਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੋਵੇਗੀ। ਅਸੀਂ ਤੁਹਾਡੀਆਂ ਸਾਰੀਆਂ ਹੀ ਸ਼ਰਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਪ੍ਰਾਪਤ ਕਰ ਲਈ ਹੈ। ਅਸੀਂ ਲੋੜੀਂਦੀ ਸਕਿਉਰਿਟੀ ਜਮ੍ਹਾ ਕਰਵਾਉਣ ਅਤੇ ਹੋਰ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹਾਂ।

ਆਸ ਹੈ ਤੁਸੀਂ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਏਜੰਸੀ ਦੇ ਕੇ ਧੰਨਵਾਦੀ ਬਣਾਓਗੇ।

ਤੁਹਾਡਾ ਵਿਸ਼ਵਾਸਪਾਤਰ,

ਜਗੀਰ ਸਿੰਘ

ਵਾਸਤੇ ਚੱਢਾ ਆਟੋ ਮੋਬਾਈਲਜ਼

ਨੱਥੀ ਦਸਤਾਵੇਜ :

ਸ਼ੋ-ਰੂਮ ਦੀ ਰਜਿਸਟਰੀ ਦੀ ਫੋਟੋ-ਕਾਪੀ