CBSEClass 8 Punjabi (ਪੰਜਾਬੀ)EducationPunjab School Education Board(PSEB)

ਦੇਸ ਭਗਤ : ਡਾ. ਗੁਰਦਿਆਲ ਸਿੰਘ ਫੁੱਲ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ – ਪੰਜ ਵਾਕਾਂ ਵਿੱਚ ਲਿਖੋ:


ਪ੍ਰਸ਼ਨ 1. ਰਣ ਸਿੰਘ ਕਿਹੋ ਜਿਹਾ ਬੰਦਾ ਸੀ? ਉਸਦਾ ਚਿਹਰਾ – ਮੁਹਰਾ ਕਿਹੋ ਜਿਹਾ ਸੀ? ਉਸ ਦੇ ਬਾਰੇ ਲਿਖੋ।

ਉੱਤਰ : ਰਣ ਸਿੰਘ ਇੱਕ ਜੁਝਾਰੂ ਕਿਸਮ ਦਾ ਬੰਦਾ ਸੀ। ਉਸ ਦਾ ਚਿਹਰਾ ਲਾਲ ਸੂਹਾ ਸੀ। ਉਸ ਦੀ ਅੱਧੀ ਚਿੱਟੀ ਦਾੜ੍ਹੀ ਉਸ ਦਾ ਰੋਅਬ ਵਧਾਉਂਦੀ ਸੀ। ਉਹ ਇੱਕ ਚੰਗੇ ਘਰਾਣੇ ਦਾ ਜ਼ਿੰਮੀਦਾਰ ਸੀ। ਉਹ ਸ਼ਰਾਬ ਬਿਲਕੁਲ ਨਹੀਂ ਪੀਂਦਾ ਸੀ।

ਪ੍ਰਸ਼ਨ 2. ਸੰਤਰੀ ਨੇ ਰਣ ਸਿੰਘ ਨੂੰ ਚੰਨਣ ਸਿੰਘ ਬਾਰੇ ਕੀ ਦੱਸਿਆ ਕਿ ਉਹ ਕਿਵੇਂ ਗੱਦਾਰ ਬਣਿਆ?

ਉੱਤਰ : ਸੰਤਰੀ ਨੇ ਰਣ ਸਿੰਘ ਨੂੰ ਚੰਨਣ ਸਿੰਘ ਬਾਰੇ  ਦੱਸਿਆ ਕਿ ਇੱਕ ਰਾਤ ਉਸ ਨੇ ਬਹੁਤ ਸ਼ਰਾਬ ਪੀ ਲਈ। ਅੱਧੀ ਰਾਤ ਨੂੰ ਉਸ ਦੇ ਪਹਿਰੇ ਦੀ ਵਾਰੀ ਸੀ। ਉਸ ਨੂੰ ਉਸ ਦੇ ਇੱਕ ਸਾਥੀ ਨੇ ਉਠਾਇਆ ਤੇ ਡਿਊਟੀ ਬਾਰੇ ਦੱਸਿਆ। ਉਸ ਨੂੰ ਹੋਸ਼ ਨਹੀਂ ਸੀ। ਉਹ ਨਾ ਉੱਠਿਆ ਤੇ ਨਾ ਮੰਨਿਆ। ਜਦ ਉਸ ਦੇ ਸਾਥੀ ਨੇ ਫ਼ਿਰ ਉਸ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਚੰਨਣ ਸਿੰਘ ਨੇ ਆਪਣੇ ਸਾਥੀ ਨੂੰ ਗੋਲ਼ੀ ਮਾਰ ਦਿੱਤੀ। ਜਦ ਅਫ਼ਸਰ ਨੇ ਉਸ ਨੂੰ ਕੈਦ ਕਰ ਲਿਆ ਤਾਂ ਉਹ ਬਾਰੀ ਦੀਆਂ ਮੇਖਾਂ ਖੋਲ ਕੇ ਭੱਜ ਗਿਆ ਤੇ ਬਾਰਡਰ ਟੱਪ ਕੇ ਦੁਸ਼ਮਣ ਦੇਸ਼ ਵਿਚ ਚਲਾ ਗਿਆ।

ਪ੍ਰਸ਼ਨ 3. ਰਣ ਸਿੰਘ ਨੇ ਆਪਣੇ ਮੁੰਡੇ ਦੇ ਨਾਂ ਨਾਲੋਂ ਗੱਦਾਰ ਸ਼ਬਦ ਧੋਣ ਲਈ ਕੀ ਕੀਤਾ?

ਉੱਤਰ : ਰਣ ਸਿੰਘ ਨੂੰ ਆਪਣੇ ਮੁੰਡੇ ਦੀ ਗੱਦਾਰੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਮੁਸਲਮਾਨਾਂ ਵਾਲਾ ਪਹਿਰਾਵਾ ਧਾਰਨ ਕਰ ਲਿਆ। ਰਾਤ ਦੇ ਹਨੇਰੇ ਵਿਚ ਉਹ ਬਾਰਡਰ ਟੱਪ ਗਿਆ ਤੇ ਦੁਸ਼ਮਣ ਦੇਸ਼ ਵਿਚ ਚਲਾ ਗਿਆ। ਦੁਸ਼ਮਣ ਫ਼ੌਜ ਦੁਆਰਾ ਫੜੇ ਜਾਣ ਤੇ ਉਸ ਨੇ ਕਿਹਾ ਕਿ ਉਹ ਆਪਣੇ ਦੇਸ਼ ਦਾ ਭੇਦ ਦੇਣ ਲਈ ਆਇਆ ਹੈ। ਉਨ੍ਹਾਂ ਨੇ ਉਸ ਨੂੰ ਜਸੂਸਾਂ ਦੀ ਟੋਲੀ ਵਿੱਚ ਸ਼ਾਮਿਲ ਕਰ ਦਿੱਤਾ। ਇੱਕ ਦਿਨ ਉਸ ਦੀ ਮੁਲਾਕਾਤ ਚੰਨਣ ਸਿੰਘ ਨਾਲ਼ ਹੋਈ। ਉਸ ਨੇ ਚੰਨਣ ਸਿੰਘ ਨੂੰ ਵਿਸ਼ਵਾਸ ਵਿਚ ਲੈ ਲਿਆ। ਅਫ਼ਸਰ ਦੁਆਰਾ ਫੜੇ ਜਾਣ ਤੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਮੂੰਹ ਨੂੰ ਛੂਹਾਰਾ ਲਾਉਣਾ ਚਾਹੁੰਦਾ ਹੈ। ਉਸ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਚੰਨਣ ਸਿੰਘ ਦੀ ਛਾਤੀ ਵਿੱਚ ਪੰਜ ਗੋਲੀਆਂ ਮਾਰ ਦਿੱਤੀਆਂ। ਇਸ ਤਰ੍ਹਾਂ ਉਸ ਨੇ ਆਪਣੇ ਮੁੰਡੇ ਦੇ ਨਾਂ ਨਾਲ਼ ਲੱਗਾ ਗੱਦਾਰ ਸ਼ਬਦ ਲੁਹਾ ਦਿੱਤਾ।

ਪ੍ਰਸ਼ਨ 4. ਰਣ ਸਿੰਘ ਨੇ ਆਪਣੇ ਮੁੰਡੇ ਨੂੰ ਝੂਠੀਆਂ ਤਸੱਲੀਆਂ ਦਿੰਦਿਆਂ ਕੀ ਕਿਹਾ?

ਉੱਤਰ : ਰਣ ਸਿੰਘ ਨੇ ਆਪਣੇ ਮੁੰਡੇ ਨੂੰ ਝੂਠੀਆਂ ਤਸੱਲੀਆਂ ਦਿੰਦੇ ਹੋਏ ਕਿਹਾ ਕਿ ਉਹ ਉਸਨੂੰ ਲੈਣ ਆਇਆ ਹੈ। ਉਹ ਦੋਵੇਂ ਰਲ਼ ਕੇ ਆਪਣੇ ਦੇਸ਼ ਦੇ ਫੌਜੀਆਂ ਤੋਂ ਬਦਲਾ ਲੈਣਗੇ। ਚੰਨਣ ਸਿੰਘ ਉਸ ਦੀਆਂ ਗੱਲਾਂ ਵਿਚ ਆ ਗਿਆ। ਦੋਵੇਂ ਰਾਤ ਨੂੰ ਮੌਕਾ ਤਾੜ ਕੇ ਬਾਰਡਰ ਟੱਪ ਜਾਂਦੇ ਹਨ।

ਪ੍ਰਸ਼ਨ 5. ਚੰਨਣ ਸਿੰਘ ਨੂੰ ਗੋਲੀ ਮਾਰ ਕੇ ਰਣ ਸਿੰਘ ਚੀਕਦਾ ਹੋਇਆ ਕੀ ਬੋਲਿਆ?

ਉੱਤਰ : ਚੰਨਣ ਸਿੰਘ ਨੂੰ ਗੋਲੀ ਮਾਰ ਕੇ ਰਣ ਸਿੰਘ ਚੀਕਦਾ ਹੋਇਆ ਬੋਲਿਆ,”ਓਏ, ਤੁਹਾਥੋਂ ਇਹ ਗੱਦਾਰ ਵੀ ਨਾ ਸਾਂਭ ਹੋਇਆ। ਮੇਰੇ ਦੇਸ਼ ਨੂੰ ਦੇਸ਼ ਭਗਤਾਂ ਦੀ ਲੋੜ ਹੈ, ਗੱਦਾਰਾਂ ਦੀ ਨਹੀਂ। ਓਏ, ਦੇਖੋ ਮੈਂ ਆਪਣੇ ਦੇਸ਼ ਨਾਲ਼ ਵਫ਼ਾਦਾਰੀ ਨਿਭਾਈ ਹੈ। ਮੈਂ ਆਪਣੇ ਖ਼ੂਨ ਨਾਲ ਗੱਦਾਰ ਸ਼ਬਦ ਸਹਿਣ ਨਹੀਂ ਕਰ ਸਕਦਾ। ਇਸ ਲਈ ਹੁਣ ਭਾਵੇਂ ਮੈਨੂੰ ਮਾਰੋ, ਭਾਵੇਂ ਰੱਖੋ, ਮੈਂ ਆਪਣੇ ਖੂਨ ਤੋਂ ਗ਼ੱਦਾਰ ਸ਼ਬਦ ਧੋ ਛੱਡਿਆ ਹੈ।”