EducationNCERT class 10thPunjab School Education Board(PSEB)

ਦੂਜਾ ਵਿਆਹ – ਸਾਰ

ਪ੍ਰਸ਼ਨ . ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ‘ਦੂਜਾ ਵਿਆਹ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਨਾਟਕ ਦਾ ਆਰੰਭ ਨਿਹਾਲ ਕੌਰ ਅਤੇ ਉਸਦੀ ਨੂੰਹ ਦੇ ਸੰਵਾਦ ਤੋਂ ਹੁੰਦਾ ਹੈ। ਨਿਹਾਲ ਕੌਰ ਆਪਣੀ ਨੂੰਹ ਮਨਜੀਤ ਨੂੰ ਕਹਿੰਦੀ ਹੈ ਕਿ ਵੇਲੇ ਸਿਰ ਰੋਟੀ ਟੁੱਕ ਕਰਨ ਦੀ ਆਦਤ ਪਾਵੇ। 

ਮਨਜੀਤ ਕਹਿੰਦੀ ਹੈ ਕਿ ਹਾਲੇ ਸਿਰਫ਼ ਦਸ ਵੱਜੇ ਹਨ ਤਾਂ ਨਿਹਾਲ ਕੌਰ ਗੁੱਸੇ ਵਿੱਚ ਕਹਿੰਦੀ ਹੈ ਕਿ ਸ਼ਾਇਦ ਉਸ ਨੂੰ ਇਹ ਪਰੇਸ਼ਾਨੀ ਹੈ ਕਿ ਉਸ ਦਾ ਮੁੰਡਾ ਉਸ ਦੇ ਕਹਿਣੇ ਵਿੱਚ ਕਿਉਂ ਹੈ। 

ਮਨਜੀਤ ਇਸ ਤਰ੍ਹਾਂ ਦੀ ਕਿਸੇ ਵੀ ਸੋਚ ਤੋਂ ਇਨਕਾਰ ਕਰਦੀ ਹੈ। ਨਿਹਾਲ ਕੌਰ ਉਸ ਦੇ ਸਬਜੀ ਕੱਟਣ ਤੇ ਬਣਾਉਣ ਦੇ ਨੁਕਸ ਕੱਢਦੀ ਹੋਈ ਕਹਿੰਦੀ ਹੈ ਕਿ ਅੱਜ – ਕਲ੍ਹ ਦੀਆਂ ਨੂੰਹਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਹਨ।

ਉਹ ਉਸਨੂੰ ਸਵੇਰ ਦੇ ਕੰਮਾਂ ਦੀ ਦੇਰੀ ਲਈ ਹਾਰ ਸ਼ਿੰਗਾਰ ਵਿੱਚ ਵਕਤ ਜਾਇਆ ਕਰਨ ਦਾ ਉਲਾਂਭਾ ਦਿੰਦੀ ਹੈ ਤਾਂ ਮਨਜੀਤ ਕਹਿੰਦੀ ਹੈ ਕਿ ਉਹ ਪੜ੍ਹਨ ਬੈਠ ਗਈ ਸੀ। 

ਨਿਹਾਲ ਕੌਰ ਉਸ ਦੀ ਗੁੰਆਂਢਣ ਨੂੰ ਵੀ ਬੁਰਾ ਕਹਿੰਦੀ ਹੈ। ਉਹ ਉਨ੍ਹਾਂ ਦੇ ਸਭਾਵਾਂ ਬਣਾਉਣ ‘ਤੇ ਨਾਰਾਜ਼ ਹੈ ਅਤੇ ਕਹਿੰਦੀ ਹੈ ਕਿ ਮੀਟਿੰਗਾਂ ਵਿੱਚ ਅੱਧੀ ਰਾਤੀਂ ਰੁੱਝੀਆਂ ਰਹਿੰਦੀਆਂ ਹਨ। ਮਨਜੀਤ ਕੌਰ ਕਹਿੰਦੀ ਹੈ ਕਿ ਉਹ ਤਾਂ ਉਸ ਕੋਲੋਂ ਪੁੱਛ ਕੇ ਮੀਟਿੰਗ ਵਿੱਚ ਗਈ ਸੀ। 

ਨਿਹਾਲ ਕੌਰ ਨੂੰ ਲੱਗਦਾ ਹੈ ਕਿ ਮਨਜੀਤ ਇਹ ਸਭ ਕੁੱਝ ਉਸਦੇ ਮੁੰਡੇ ਦੇ ਲਾਇਕ ਬਣਨ ਲਈ ਕਰ ਰਹੀ ਹੈ। ਮਨਜੀਤ ਪੁੱਛਦੀ ਹੈ ਕਿ ਉਸ ਵਿੱਚ ਕਿਹੜੀ ਕਮੀ ਹੈ ? ਫਿਰ ਉਹ ਆਪ ਹੀ ਕਹਿੰਦੀ ਹੈ ਕਿ ਉਹ ਅਸਲ ਵਿੱਚ ਉਸ ਨੂੰ ਪਸੰਦ ਹੀ ਨਹੀਂ ਕਰਦੀ।

ਨਿਹਾਲ ਕੌਰ ਆਪਣੇ ਪੁੱਤਰ ਦੇ ਦੂਸਰੇ ਵਿਆਹ ਬਾਰੇ ਗੱਲ ਕਰਨ ਲੱਗ ਪੈਂਦੀ ਹੈ। ਮਨਜੀਤ ਹਾਸੇ ਵਿੱਚ ਆਖਦੀ ਹੈ ਕਿ ਸਗੋਂ ਚੰਗਾ ਹੋਵੇਗਾ ਕਿਉਂਕਿ ਉਸ ਕੋਲ ਸਭਾ ਲਈ ਕਾਫੀ ਵਕਤ ਨਿਕਲ ਆਵੇਗਾ।

ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਵਿਹਲੀ ਰਹਿਣਾ ਚਾਹੁੰਦੀ ਹੈ ਤੇ ਕਿਧਰੇ ਉਹ ਉਸਦੇ ਪੁੱਤਰ ਦੀ ਨੌਕਰੀ ਵੀ ਨਾ ਛੁਡਾ ਦੇਵੇ। ਮਨਜੀਤ ਆਖਦੀ ਹੈ ਕਿ ਉਹ ਕਿਸੇ ਥਾਣੇਦਾਰ ਦੀ ਧੀ ਨੂੰ ਨੂੰਹ ਬਣਾਵੇ ਤਾਂ ਜੋ ਉਸ ਦੇ ਮੁੰਡੇ ਦੀ ਨੌਕਰੀ ਬਣੀ ਰਹੇ। 

ਮਨਜੀਤ ਨਿਹਾਲ ਕੌਰ ਦਾ ਚਰਖਾ ਚੁੱਕ ਕੇ ਛਾਵੇਂ ਕਰਦੀ ਹੈ ਤੇ ਆਟਾ ਛਾਣ ਕੇ ਲਿਆਉਣ ਲਈ ਕਹਿ ਕੇ ਅੰਦਰ ਚਲੀ ਜਾਂਦੀ ਹੈ। ਜਦੋਂ ਉਹ ਆਟਾ ਲੈ ਕੇ ਬਾਹਰ ਨੂੰ ਆਉਂਦੀ ਹੈ ਤਾਂ ਨਿਹਾਲ ਕੌਰ ਉਸਨੂੰ ਕਹਿੰਦੀ ਹੈ ਕਿ ਐਨਾ ਆਟਾ ਕੀ ਕਰਨਾ ਹੈ ?

ਮਨਜੀਤ ਹੱਸਦੀ ਹੋਈ ਕਹਿੰਦੀ ਹੈ ਕਿ ਸ਼ਾਇਦ ਕੋਈ ਪ੍ਰਾਹੁਣਾ ਹੀ ਆ ਜਾਵੇ। ਨਿਹਾਲ ਕੌਰ ਕਹਿੰਦੀ ਹੈ ਕਿ ਉਸ ਦੇ ਪੁੱਤਰ ਨੇ ਪਰਸੋਂ ਆਉਣਾ ਹੈ। 

ਮਨਜੀਤ ਕਹਿੰਦੀ ਹੈ ਕਿ ਸ਼ਾਇਦ ਉਸ ਦਾ ਵੀਰ ਆ ਜਾਵੇ। ਫਿਰ ਉਹ ਕਹਿੰਦੀ ਹੈ ਕਿ ਉਹ ਦੋਵੇਂ ਜਾ ਕੇ ਮਨਜੀਤ ਦੇ ਪਤੀ ਨੂੰ ਲੁਧਿਆਣੇ ਮਿਲ ਲੈਣਗੇ। 

ਨਿਹਾਲ ਕੌਰ ਗੁੱਸੇ ਵਿੱਚ ਕਹਿੰਦੀ ਹੈ ਕਿ ਘਰ ਆਇਆਂ ਨੂੰ ਤਾਂ ਉਸਨੇ ਸਿਖਾਉਣ ਨਹੀਂ ਦੇਣਾ। ਗੱਲਾਂ – ਗੱਲਾਂ ਵਿੱਚ ਮਨਜੀਤ ਦੱਸਦੀ ਹੈ ਕਿ ਅੱਜ ਜ਼ਿਲ੍ਹੇ ਦੀ ਸਭਾ ਸਕੱਤਰ ਸੁਖਰਾਜ ਨੇ ਆਉਣਾ ਹੈ। 

ਨਿਹਾਲ ਕੌਰ ਨੂੰ ਲੱਗਦਾ ਹੈ ਕਿ ਉਸ ਦੇ ਮੁੰਡੇ ਦੇ ਵਿਆਹ ਨੂੰ ਰੋਕਣ ਲਈ ਸਭਾ ਬਣਾਈ ਗਈ ਹੈ। ਮਨਜੀਤ ਨਿਹਾਲ ਕੌਰ ਤੋਂ ਮਿੱਠੀ ਚੀਜ਼ ਬਣਾਉਣ ਦੀ ਇਜਾਜ਼ਤ ਮੰਗਦੀ ਹੈ। 

ਨਿਹਾਲ ਕੌਰ ਆਪਣੇ ਆਪ ਵਿੱਚ ਬੋਲਦੀ ਹੋਈ ਕਹਿੰਦੀ ਹੈ ਕਿ ਉਸਨੇ ਹੁਣ ਆਪਣੇ ਮੁੰਡੇ ਨੂੰ ਦੂਸਰਾ ਵਿਆਹ ਕਰਵਾਉਣ ਤੋਂ ਨਹੀਂ ਰੋਕਣਾ। ਉਹ ਗੁੱਸੇ ਵਿੱਚ ਸੁਖਰਾਜ ਨੂੰ ਛੁੱਟੜ ਹੋਣ ਦਾ ਮਿਹਣਾ ਮਾਰਦੀ ਹੈ। 

ਮਨਜੀਤ ਦੱਸਦੀ ਹੈ ਕਿ ਉਹ ਬੜੇ ਉੱਚੇ ਘਰ ਦੀ ਹੈ, ਉਸ ਲਈ ਅਜਿਹਾ ਕਹਿਣਾ ਗ਼ਲਤ ਹੈ। ਉਹ ਜੋ ਕੁਝ ਵੀ ਕਹਿਣਾ ਚਾਹੁੰਦੀ ਹੈ ਉਸਨੂੰ ਕਹਿ ਲਿਆ ਕਰੇ। ਵੈਸੇ ਜਿੱਥੋਂ ਤੱਕ ਉਸਦੇ ਮੁੰਡੇ ਦੇ ਦੂਜੇ ਵਿਆਹ ਦੀ ਗੱਲ ਹੈ ਉਹ ਉਸਦੇ ਵਿਰੋਧ ਵਿੱਚ ਆਪਣੀ ਜਾਨ ਦੇ ਦੇਵੇਗੀ। 

ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ। 

ਮਨਜੀਤ ਕੌਰ ਬਾਹਰ ਵੱਲ ਨੱਸਦੀ ਹੈ ਤਾਂ ਨਿਹਾਲ ਕੌਰ ਆਪਣੇ ਆਪ ਵਿੱਚ ਬੁੜਬੁੜਾਉਂਦੀ ਹੋਈ ਕਹਿੰਦੀ ਹੈ ਕਿ ਜ਼ਰੂਰ ਆਉਣ ਵਾਲੀ ਕਿਸੇ ਤਕੜੇ ਘਰ ਦੀ ਹੋਣੀ ਏ।

ਏਨੇ ਨੂੰ ਮਨਜੀਤ ਅਤੇ ਉਸ ਦਾ ਪਤੀ ਸੁਖਦੇਵ ਅੰਦਰ ਆਉਂਦੇ ਹਨ। ਨਿਹਾਲ ਕੌਰ ਹੈਰਾਨ ਹੋ ਜਾਂਦੀ ਹੈ। ਉਹ ਪੁੱਛਦੀ ਹੈ ਕਿ ਉਸਨੇ ਤਾਂ ਸਤਾਈ ਤਰੀਕ ਨੂੰ ਆਉਣਾ ਸੀ।

ਸੁਖਦੇਵ ਕਹਿੰਦਾ ਹੈ ਕਿ ਉਸਨੇ ਬਾਪੂ ਨੂੰ ਚਿੱਠੀ ਵਿੱਚ ਪੰਝੀ ਤਰੀਖ ਬਾਰੇ ਲਿਖਿਆ ਸੀ। ਮਨਜੀਤ ਕਹਿੰਦੀ ਹੈ ਕਿ ਕੀ ਉਸਨੂੰ ਚੰਗਾ ਨਹੀਂ ਲੱਗਿਆ ਕਿ ਸੁਖਦੇਵ ਜੀ ਪਹਿਲਾਂ ਆ ਗਏ।

ਨਿਹਾਲ ਕੌਰ ਮਨਜੀਤ ਦੇ ਇਸ ਤਰ੍ਹਾਂ ਆਪਣੇ ਪਤੀ ਦਾ ਨਾਂ ਲੈਣ ‘ਤੇ ਨਰਾਜ਼ ਹੁੰਦੀ ਹੈ। ਮਨਜੀਤ ਦੀ ਗੱਲਬਾਤ ਦੌਰਾਨ ਨਿਹਾਲ ਕੌਰ ਕਹਿੰਦੀ ਹੈ ਕਿ ਉਹ ਵੀ ਹੁਣ ਸੁਖਦੇਵ ਦੇ ਬਾਪੂ ਦਾ ਨਾਂ ਲੈ ਕੇ ਬੁਲਾਇਆ ਕਰੂ।

ਮਨਜੀਤ ਦੇ ਚਿਤਾਰਨ ‘ਤੇ ਨਿਹਾਲ ਕੌਰ ਕਹਿੰਦੀ ਹੈ ਕਿ ਉਹ ਕਿਧਰੇ ਦੂਜਾ ਵਿਆਹ ਕਰਾ ਲਊ।

ਮਨਜੀਤ ਝੱਟ ਗੱਲ ਸੰਭਾਲ ਲੈਂਦੀ ਹੈ ਤੇ ਕਹਿੰਦੀ ਹੈ ਕਿ ਦੂਜੇ ਵਿਆਹ ਦਾ ਰਿਵਾਜ ਉਨ੍ਹਾਂ ਦੇ ਪਿੰਡ ਹੋਵੇਗਾ। ਮਨਜੀਤ ਸੁਖਦੇਵ ਨੂੰ ਦੱਸਦੀ ਹੈ ਕਿ ਉਸਦੇ ਮਾਤਾ ਜੀ ਨੇ ਉਸਦੇ ਦੂਜੇ ਵਿਆਹ ਦੀ ਤਿਆਰੀ ਕੀਤੀ ਹੋਈ ਹੈ। 

ਸੁਖਦੇਵ ਕਹਿੰਦਾ ਹੈ ਕਿ ਮਨਜੀਤ ਉਸ ਕੋਲ ਛਾਉਣੀ ਵਿੱਚ ਰਿਹਾ ਕਰੂ ਤੇ ਦੂਸਰੀ ਨੂੰਹ ਉਸਦੇ ਕੋਲ ਰਿਹਾ ਕਰੇਗੀ। ਸੁਖਦੇਵ ਗੱਲਬਾਤ ਕਰਦਿਆਂ ਨਹਾਉਣ ਚਲਾ ਜਾਂਦਾ ਹੈ।

ਨਿਹਾਲ ਕੌਰ ਕਹਿੰਦੀ ਹੈ ਕਿ ਸ਼ਾਇਦ ਅੱਜ ਡਾਕੀਆ ਉਸ ਦੀ ਬੇਟੀ ਦੀ ਚਿੱਠੀ ਲੈ ਕੇ ਆਵੇ। ਫਿਰ ਉਹ ਚਟਣੀ ਬਣਾਉਣ ਲਈ ਪੁਦੀਨਾ ਲੈਣ ਲਈ ਕਹਿ ਕੇ ਬਾਹਰ ਚਲੀ ਜਾਂਦੀ ਹੈ। ਸੁਖਦੇਵ ਨਹਾ ਕੇ ਬਾਹਰ ਆਉਂਦਾ ਹੈ। 

ਗੱਲਬਾਤ ਕਰਦਿਆਂ ਉਹ ਮਨਜੀਤ ਨੂੰ ਕਹਿੰਦਾ ਹੈ ਕਿ ਉਸਦੀ ਮਾਂ ਨੂੰ ਸਾਰੀ ਉਮਰ ਹਰ ਨਿੱਕੀ – ਨਿੱਕੀ ਗੱਲ ‘ਤੇ ਦੂਸਰੇ ਵਿਆਹ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਇਸ ਲਈ ਉਹ ਸਮਝਦੀ ਹੈ ਕਿ ਔਰਤ ਨੂੰ ਕਾਬੂ ਵਿੱਚ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਬਹੁਤ ਜ਼ਰੂਰੀ ਹੈ। ਉਸ ਦੇ ਪਿਤਾ ਨੇ ਵੀ ਦੂਸਰਾ ਵਿਆਹ ਕਰਵਾਇਆ ਸੀ। ਇਸ ਵੇਲੇ ਤਾਂ ਉਸਦੀ ਮਾਂ ਨੂੰ ਪੋਤਾ – ਪੋਤੀ ਨਾ ਹੋਣ ਦਾ ਰੋਸ ਹੈ। 

ਇਸ ਤੋਂ ਬਾਅਦ ਸੁਖਦੇਵ ਰੋਟੀ ਖਾਣ ਲੱਗ ਪੈਂਦਾ ਹੈ।

ਬਾਹਰ ਡਾਕੀਆ ਅਵਾਜ਼ ਦਿੰਦਾ ਹੈ। ਮਨਜੀਤ ਚਿੱਠੀ ਲੈ ਕੇ ਆਉਂਦੀ ਹੈ ਤੇ ਦੱਸਦੀ ਹੈ ਕਿ ਭੈਣ ਜੀ ਦੀ ਚਿੱਠੀ ਆਈ ਹੈ।

ਸੁਖਦੇਵ ਚਿੱਠੀ ਪੜ੍ਹ ਕੇ ਦੱਸਦਾ ਹੈ ਕਿ ਉਹ ਬਲਵੰਤ ਸਿੰਘ ਹੋਰ ਸ਼ਰਾਬ ਪੀਣ ਲੱਗ ਪਿਆ ਹੈ ਤੇ ਹਰ ਵਕਤ ਦੂਜੇ ਵਿਆਹ ਦਾ ਡਰਾਵਾ ਦਿੰਦਾ ਰਹਿੰਦਾ ਹੈ। 

ਨਿਹਾਲ ਕੌਰ ਝੱਟ ਪਰੇਸ਼ਾਨ ਹੋ ਜਾਂਦੀ ਹੈ। 

ਸੁਖਦੇਵ ਦੱਸਦਾ ਹੈ ਕਿ ਅਸਲ ਵਿੱਚ ਉਸਦੇ ਘਰ ਮੁੰਡਾ ਨਾ ਹੋਣ ਕਰਕੇ ਉਹ ਡਰਾਵਾ ਮਿਲ ਰਿਹਾ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਜੇਕਰ ਦੂਜੇ ਵਿਆਹ ਤੋਂ ਬਾਅਦ ਵੀ ਕੁੜੀਆਂ ਹੀ ਹੋਈਆਂ, ਫੇਰ ਕੀ ਬਣੂ ? 

ਨਿਹਾਲ ਕੌਰ ਝੱਟ ਆਪਣੀ ਨੂੰਹ ਤੋਂ ਮਾਫ਼ੀ ਮੰਗਦੀ ਹੈ। ਮਨਜੀਤ ਕਹਿੰਦੀ ਹੈ ਕਿ ਉਸਦੀ ਇਸਤਰੀ ਸਭਾ ਭੈਣ ਜੀ ਦੀ ਸਮੱਸਿਆ ਦਾ ਹੱਲ ਜ਼ਰੂਰ ਲੱਭੇਗੀ। ਉਹ ਦੱਸਦੀ ਹੈ ਕਿ ਭੈਣ ਜੀ ਦੇ ਪਿੰਡ ਇਸਤਰੀ ਸਭਾ ਦੀ ਪ੍ਰਬੰਧਕ ਸਤਵੰਤ ਕੌਰ ਹੈ। ਉਹ ਉਸਨੂੰ ਸੁਨੇਹਾ ਭੇਜੇਗੀ ਤੇ ਉਹ ਜ਼ਰੂਰ ਬਲਵੰਤ ਸਿੰਘ ਨੂੰ ਸਿੱਧੇ ਰਾਹ ‘ਤੇ ਲੈ ਆਵੇਗੀ।

ਇੰਨੇ ਨੂੰ ਸੁਖਦੇਵ ਦਾ ਪਿਤਾ ਗੁਰਦਿੱਤ ਸਿੰਘ ਆ ਜਾਂਦਾ ਹੈ। ਸੁਖਦੇਵ ਦੀ ਸੁੱਖ ਸਾਂਦ ਪੁੱਛਣ ਤੋਂ ਬਾਅਦ ਉਸਨੂੰ ਉਸਦੀ ਬੇਟੀ ਦੀ ਚਿੱਠੀ ਬਾਰੇ ਪਤਾ ਲੱਗਦਾ ਹੈ। ਉਹ ਕਹਿੰਦਾ ਹੈ ਕਿ ਉਹ ਆਪਣੀ ਬੇਟੀ ਨੂੰ ਆਪਣੇ ਘਰ ਲੈ ਆਵੇਗਾ। ਸੁਖਦੇਵ ਗੁੱਸੇ ਵਿੱਚ ਕਹਿੰਦਾ ਹੈ ਕਿ ਉਹ ਬਲਵੰਤ ਸਿੰਘ ਨੂੰ ਦੂਜਾ ਵਿਆਹ ਨਹੀਂ ਕਰਾਉਣ ਦੇਵੇਗਾ।

ਇਸ ਦੌਰਾਨ ਇੱਕ ਟਾਂਗਾ ਘਰ ਅੱਗੇ ਆ ਕੇ ਰੁੱਕਦਾ ਹੈ। ਸੁਖਦੇਵ ਕੌਰ ਆਪਣੀਆਂ ਦੋਵਾਂ ਬੱਚੀਆਂ ਨਾਲ ਆਉਂਦੀ ਹੈ। ਨਿਹਾਲ ਕੌਰ ਘਬਰਾ ਜਾਂਦੀ ਹੈ। ਸੁਖਦੇਵ ਕੌਰ ਕਹਿੰਦੀ ਹੈ ਕਿ ਉਹ ਚਿੱਠੀ ਦੀ ਫ਼ਿਕਰ ਨਾ ਕਰਨ। ਉਹ ਤਾਂ ਆਪਣੇ ਵੀਰ ਨੂੰ ਮਿਲਣ ਆਈ ਹੈ। 

ਉਹ ਦੱਸਦੀ ਹੈ ਕਿ ਚਿੱਠੀ ਵਿੱਚ ਦੂਸਰੇ ਵਿਆਹ ਦੀ ਗੱਲ ਉਸਨੇ ਨਹੀਂ ਲਿਖੀ ਸਗੋਂ ਬਲਵੰਤ ਸਿੰਘ ਨੇ ਆਪ ਹੀ ਲਿਖ ਦਿੱਤੀ ਹੈ।

ਸੁਖਦੇਵ ਕਹਿੰਦਾ ਹੈ ਕਿ ਇਸ ਸਭ ਕੁਝ ਨਾਲ ਮਾਂ ਜੀ ਨੂੰ ਸਿੱਖਿਆ ਜ਼ਰੂਰ ਮਿਲ ਗਈ ਹੈ।