ਦੁਹਾਂ ਕੰਧਾਰਾਂ……… ਸੂਹੀ ਸਾਰੀ।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਦੁਹਾਂ ਕੰਧਾਰਾਂ ਮੁਹਿ ਜੁੜੇ, ਨਾਲ ਧਉਸਾ ਭਾਰੀ ॥
ਲਈ ਭਗਉਤੀ ਦੁਰਗਸ਼ਾਹ ਵਰਜਾਗਣ ਭਾਰੀ ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥
ਸੁੰਭ ਪਲਾਣੋ ਡਿਗਿਆ ਉਪਮਾ ਬੀਚਾਰੀ ॥
ਡੁਬ ਰੱਤੂ ਨਾਲਹੁ ਨਿਕਲੀ ਬਰਛੀ ਦੁਧਾਰੀ ॥
ਜਾਣ ਰਜਾਦੀ ਉਤਰੀ ਪੈਨ੍ਹ ਸੂਹੀ ਸਾਰੀ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਸਾਹਿਬ ਨੇ ਦੁਰਗਾ ਦੇਵੀ ਦੀ ਅਗਵਾਈ ਹੇਠ ਦੇਵਤਾ-ਫ਼ੌਜ ਦੀ ਦੈਂਤਾਂ ਨਾਲ ਲੜਾਈ ਦਾ ਵਰਣਨ ਕੀਤਾ ਹੈ, ਜਿਸ ਵਿੱਚ ਜਿੱਤ ਦੁਰਗਾ ਦੇਵੀ ਦੀ ਹੁੰਦੀ ਹੈ, ਜੋ ਪਿੱਛੋਂ ਇੰਦਰ ਨੂੰ ਰਾਜ-ਤਿਲਕ ਦੇ ਕੇ ਅਲੋਪ ਹੋ ਜਾਂਦੀ ਹੈ। ਇਨ੍ਹਾਂ ਸਤਰਾਂ ਵਿੱਚ ਦੁਰਗਾ ਦੇਵੀ ਹੱਥੋਂ ਰਾਕਸ਼ਾਂ ਦੇ ਰਾਜੇ ਸ਼ੁੰਭ ਦੀ ਮੌਤ ਦਾ ਜ਼ਿਕਰ ਹੈ।
ਵਿਆਖਿਆ : ਦੋਵੇਂ ਦਲ ਆਹਮੋ-ਸਾਹਮਣੇ ਹੋ ਕੇ ਲੜ ਰਹੇ ਸਨ ਤੇ ਭਾਰੀ ਧੌਂਸਾ ਵੱਜ ਰਿਹਾ ਸੀ। ਦੁਰਗਾ ਦੇਵੀ ਨੇ ਵਰ-ਪ੍ਰਾਪਤ ਭਾਰੀ ਤਲਵਾਰ ਫੜੀ ਤੇ ਰਾਜੇ ਸ਼ੁੰਭ ਦੇ ਅਜਿਹੀ ਮਾਰੀ ਕਿ ਉਸ ਨੇ ਉਸ ਦੀ ਰੱਤ ਪੀ ਲਈ। ਸ਼ੁੰਭ ਘੋੜੇ ਦੇ ਪਲਾਣ ਤੋਂ ਥੱਲੇ ਡਿਗ ਪਿਆ। ਲਹੂ ਨਾਲ ਲਿਬੜੀ ਹੋਈ ਦੁਧਾਰੀ ਤਲਵਾਰ ਦੇਖ ਕੇ ਗੁਰੂ ਸਾਹਿਬ ਉਪਮਾ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਇਸ ਤਰ੍ਹਾਂ ਜਾਪਦੀ ਸੀ, ਜਿਵੇਂ ਕੋਈ ਸ਼ਹਿਜ਼ਾਦੀ ਸੂਹੀ ਸਾੜ੍ਹੀ ਪਹਿਨ ਕੇ ਮਹੱਲ ਵਿੱਚੋਂ ਉੱਤਰੀ ਹੋਵੇ।