ਦਫ਼ਤਰੀ ਚਿੱਠੀ
ਤੁਹਾਡੇ ਘਰ ਵਿੱਚ ਚੋਰੀ ਹੋ ਗਈ ਹੈ। ਇਸ ਦੀ ਸੂਚਨਾ ਆਪਣੇ ਇਲਾਕੇ ਦੇ ਥਾਣੇ ਵਿੱਚ ਜਾ ਕੇ ਲਿਖਤੀ ਰੂਪ ‘ਚ ਦਿਓ।
46/ਰਾਮ ਨਗਰ,
ਪਟਿਆਲਾ।
15 ਮਈ, 20….
ਸੇਵਾ ਵਿਖੇ
ਇੰਸਪੈਕਟਰ ਸਾਹਿਬ,
ਪੁਲਸ ਥਾਣਾ ਸਦਰ,
ਪਟਿਆਲਾ।
ਸ੍ਰੀਮਾਨ ਜੀ,
ਬੇਨਤੀ ਹੈ ਕਿ 14 ਮਈ ਨੂੰ ਅਸੀਂ ਪਰਿਵਾਰ ਸਮੇਤ ਰਿਸ਼ਤੇਦਾਰੀ ਵਿੱਚ ਚੰਡੀਗੜ੍ਹ ਵਿਆਹ ਗਏ ਹੋਏ ਸਾਂ। ਜਾਂਦੇ ਹੋਏ ਪਿੱਛੇ ਆਪਣੇ ਨੌਕਰ ਵਿਕਾਸ ਜੋ ਇੱਕ ਬਿਹਾਰੀ ਹੈ, ਨੂੰ ਛੱਡ ਗਏ ਸਾਂ। ਜਦੋਂ ਅਸੀਂ ਵਾਪਸ ਆਏ ਤਾਂ ਵੇਖਿਆ, ਘਰ ਦੇ ਤਾਲੇ ਟੁੱਟੇ ਹੋਏ ਸਨ। ਘਰ ਦਾ ਸਾਰਾ ਸਮਾਨ ਇਧਰ-ਉਧਰ ਖਿੱਲਰਿਆ ਪਿਆ ਸੀ। ਅਲਮਾਰੀਆਂ ਵਿਚਲੇ ਕੱਪੜੇ ਤੇ ਹੋਰ ਸਮਾਨ ਵੀ ਖਿੱਲਰਿਆ ਪਿਆ ਸੀ। ਮੈਂ ਆਪਣੇ ਘਰ ਦੀ ਏਨੀ ਦੁਰਦਸ਼ਾ ਦੇਖ ਕੇ ਦੰਗ ਰਹਿ ਗਿਆ। ਮੈਂ ਆਪਣੇ ਨੌਕਰ ਵਿਕਾਸ ਨੂੰ ‘ਵਾਜ਼ਾਂ ਮਾਰੀਆਂ ਪਰ ਮੈਨੂੰ ਕਿਤਿਓਂ ਕੋਈ ਅਵਾਜ਼ ਨਾ ਆਈ। ਹੁਣ ਤੱਕ ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਕੰਮ ਉਸੇ ਨੌਕਰ ਦਾ ਹੀ ਹੋ ਸਕਦਾ ਹੈ।
ਇਸ ਤਰ੍ਹਾਂ, ਮੇਰਾ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋ ਗਿਆ ਹੈ, ਜਿਸ ਵਿੱਚ ਲਗਪਗ 20 ਕੁ ਤੋਲੇ ਸੋਨਾ, ਇੱਕ ਲੱਖ ਰੁਪਏ ਦੀ ਨਕਦੀ, ਚਾਂਦੀ ਦੇ ਗਹਿਣੇ ਤੇ ਬਹੁਤ ਸਾਰੇ ਕੀਮਤੀ ਕੱਪੜੇ ਸ਼ਾਮਲ ਹਨ। ਕਿਰਪਾ ਕਰਕੇ ਮੇਰੀ ਇਸ ਚੋਰੀ ਦੀ ਰਿਪੋਰਟ ਦਰਜ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ। ਇਸ ਸਬੰਧ ‘ਚ ਉਸ ਬਿਹਾਰੀ ਨੌਕਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਮੈਨੂੰ ਸੌ ਪ੍ਰਤੀਸ਼ਤ ਯਕੀਨ ਹੈ ਕਿ ਇਹ ਚੋਰੀ ਉਸ ਨੇ ਹੀ ਕੀਤੀ ਹੈ। ਇਸ ਲਈ ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਵਿਸ਼ਵਾਸ ਪਾਤਰ,
ਰਮਨ ਕੁਮਾਰ ਗੋਇਲ।