ਦਫ਼ਤਰੀ ਚਿੱਠੀ
ਆਪਣੇ ਇਲਾਕੇ ਵਿੱਚ ਵਧ ਰਹੀ ਗੁੰਡਾਗਰਦੀ ‘ਤੇ ਕਾਬੂ ਪਾਉਣ ਲਈ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪ੍ਰਾਰਥਨਾ ਪੱਤਰ ਲਿਖੋ।
110, ਹਰੀ ਨਗਰ,
……………ਸ਼ਹਿਰ।
10 ਜੁਲਾਈ 20…..
ਸੇਵਾ ਵਿਖੇ
ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਜਲੰਧਰ,
ਜਲੰਧਰ ਸ਼ਹਿਰ।
ਵਿਸ਼ਾ : ਹਰੀ ਨਗਰ ਵਿੱਚ ਵਧ ਰਹੀ ਗੁੰਡਾਗਰਦੀ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਹਰੀ ਨਗਰ ਦਾ ਰਹਿਣ ਵਾਲਾ ਹਾਂ ਅਤੇ ਮੁਹੱਲੇ ਦਾ ਕੌਂਸਲਰ ਹਾਂ। ਮੈਂ ਆਪ ਜੀ ਦਾ ਧਿਆਨ ਸਾਡੇ ਇਲਾਕੇ ਵਿੱਚ ਹਰ ਰੋਜ਼ ਵਧ ਰਹੀ ਗੁੰਡਾਗਰਦੀ ਵੱਲ ਦਿਵਾਉਣਾ ਚਾਹੁੰਦਾ ਹਾਂ। ਸਾਡੇ ਇਲਾਕੇ ਵਿੱਚ ਗੁੰਡਾਗਰਦੀ ਏਨੀ ਵਧ ਗਈ ਹੈ ਕਿ ਸ਼ਰੀਫ਼ ਆਦਮੀ ਦਾ ਜੀਣਾ ਔਖਾ ਹੋ ਗਿਆ ਹੈ| ਗੁੰਡਾ ਅਨਸਰ ਸ਼ਰੇਆਮ ਧੀਆਂ-ਭੈਣਾਂ ਦੀ ਇੱਜ਼ਤ ‘ਤੇ ਹੱਥ ਪਾ ਰਹੇ ਹਨ। ਮੁਹੱਲੇ ਵਿੱਚ ਕਦੇ ਕਿਸੇ ਦੀ ਚੇਨ ਝਪਟ ਲਈ ਜਾਂਦੀ ਹੈ ਤੇ ਕਦੀ ਕਿਸੇ ਦਾ ਪਰਸ ਖੋਹ ਲਿਆ ਜਾਂਦਾ ਹੈ। ਇਹ ਗੁੰਡਾ ਅਨਸਰ ਸ਼ਰੇਆਮ ਨਸ਼ਿਆਂ ਦੀ ਦਲਾਲੀ ਕਰ ਰਿਹਾ ਹੈ। ਇਹ ਬੜੇ ਨਿਧੜਕ ਹੋ ਕੇ ਸਮਾਜ ਵਿੱਚ ਨਸ਼ੇ ਵੀ ਫੈਲਾਅ ਰਹੇ ਹਨ। ਲੋਕਾਂ ਦੇ ਘਰੀਂ ਦਿਨ-ਦਿਹਾੜੇ ਚੋਰੀਆਂ ਹੋ ਰਹੀਆਂ ਹਨ। ਕਈਆਂ ਘਰਾਂ ਵਿੱਚ ਤਾਂ ਇਨ੍ਹਾਂ ਗੁੰਡਿਆਂ ਨੇ ਡਾਕੂਆਂ ਦਾ ਰੂਪ ਅਖ਼ਤਿਆਰ ਕਰਕੇ ਡਾਕੇ ਮਾਰੇ ਹਨ। ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ-ਨਾਲ ਕੀਮਤੀ ਜਾਨਾਂ ਨੂੰ ਵੀ ਇਹ ਨੁਕਸਾਨ ਪਹੁੰਚਾ ਰਹੇ ਹਨ।
ਅਸੀਂ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਆਪਣੇ ਇਲਾਕੇ ਦੀ ਪੁਲਿਸ ਚੌਂਕੀ ਦੇ ਇੰਚਾਰਜ ਨੂੰ ਵੀ ਕਈ ਵਾਰ ਮਿਲ ਚੁੱਕੇ ਹਾਂ। ਉਨ੍ਹਾਂ ਨੇ ਪੁਲਿਸ ਦੀ ਗਸ਼ਤ ਵੀ ਵਧਾਈ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਆਖ਼ਰ ਮਜਬੂਰ ਹੋ ਕੇ ਅਸੀਂ ਆਪ ਦੀ ਸ਼ਰਨ ਵਿੱਚ ਆਏ ਹਾਂ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਦਾ ਠੋਸ ਹੱਲ ਲੱਭੋਗੇ। ਅਸੀਂ ਆਪ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦਾ ਵਿਸ਼ਵਾਸ ਪਾਤਰ,
ਹਰਪਾਲ ਸਿੰਘ।