ਤੇਰਾ ਨਾਮ……………… ਬੱਕਰਾ ਬਣੇ ਕਸਾਈਆ।
ਤੇਰਾ ਨਾਮ ਧਿਆਈਦਾ ਸਾਈਂ : ਬੁੱਲ੍ਹੇ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਤੇਰਾ ਨਾਮ ਧਿਆਈਦਾ ਸਾਈਂ, ਤੇਰਾ ਨਾਮ ਧਿਆਈਦਾ।
ਬੁੱਲ੍ਹੇ ਨਾਲੋਂ ਚੁਲ੍ਹਾ ਚੰਗਾ, ਜਿਸ ਪਰ ਤਾਮ ਪਕਾਈ ਦਾ।
ਰਲ ਫ਼ਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈਦਾ।
ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈਦਾ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ, ਜਿਹੜਾ ਬੱਕਰਾ ਬਣੇ ਕਸਾਈਦਾ।
ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਹੋਈ ਕਾਫ਼ੀ ‘ਤੇਰਾ ਨਾਮ ਧਿਆਈਦਾ ਸਾਈ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਬੜੀ ਨਿਰਮਾਣਤਾ ਨਾਲ ਕਹਿੰਦਾ ਹੈ ਕਿ ਉਹ ਆਪ ਬੜੀ ਨਿਕਾਰੀ ਜਿਹੀ ਚੀਜ਼ ਹੈ, ਇਸ ਕਰਕੇ ਉਹ ਮਾਲਕ-ਪ੍ਰਭੂ ਦਾ ਨਾਮ ਧਿਆਉਂਦਾ ਹੈ।
ਵਿਆਖਿਆ : ਕਵੀ ਕਹਿੰਦਾ ਹੈ ਕਿ ਹੇ ਪ੍ਰਭੂ ! ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਦਾ ਹਾਂ। ਮੈਂ ਤਾਂ ਇਕ ਬੜੀ ਨਿਕਾਰੀ ਜਿਹੀ ਚੀਜ਼ ਹਾਂ। ਮੇਰੇ ਨਾਲੋਂ ਤਾਂ ਚੁੱਲ੍ਹਾ ਹੀ ਚੰਗਾ ਹੈ, ਜਿਸ ਉੱਪਰ ਰੋਟੀ ਪਕਾਈ ਜਾਂਦੀ ਹੈ ਤੇ ਫ਼ਕੀਰ ਲੋਕ ਇਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਭੋਰਾ-ਭੋਰਾ ਖਾ ਕੇ ਢਿੱਡ ਨੂੰ ਆਸਰਾ ਦਿੰਦੇ ਹਨ। ਮੈਂ ਤਾਂ ਕਿਸੇ ਦੇ ਇੰਨਾ ਕੁ ਵੀ ਕੰਮ ਆਉਣ ਜੋਗਾ ਨਹੀਂ। ਮੇਰੇ ਵਿੱਚ ਰੰਗੜ ਵਾਲੀ ਹਉਮੈਂ ਵੀ ਨਹੀਂ ਕਿਉਂਕਿ ਮੈਂ ਰੰਗੜ ਨਾਲੋਂ ਸੜੀ ਹੋਈ ਇੱਟ ਦੇ ਖਿੰਘਰ ਨੂੰ ਚੰਗਾ ਸਮਝਦਾ ਹਾਂ, ਜਿਸ ਉੱਤੇ ਪੈਰਾਂ ਨੂੰ ਘਸਾ ਕੇ ਸਾਫ਼ ਕੀਤਾ ਜਾਂਦਾ ਹੈ। ਅਸਲ ਵਿੱਚ ਹਉਮੈਂ ਵਾਲਾ ਬੰਦਾ ਰੱਬ ਨੂੰ ਪਾ ਨਹੀਂ ਸਕਦਾ। ਰੱਬ ਨੂੰ ਉਹ ਹੀ ਪਾ ਸਕਦਾ ਹੈ, ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋ ਜਾਵੇ।
ਔਖੇ ਸ਼ਬਦਾਂ ਦੇ ਅਰਥ : ਤੇਰਾ ਨਾਮ ਧਿਆਈਦਾ ਸਾਈਂ
ਧਿਆਈਦਾ : ਸਿਮਰਨ ਕਰੀਦਾ ਹੈ ।
ਤਾਮ : ਰੋਟੀ।
ਰੰਗੜ : ਚੌਧਰੀ, ਆਕੜਖਾਨ ।
ਖਿੰਗਰ : ਸੜੀ ਹੋਈ ਇੱਟ।
ਤੇਰਾ ਨਾਮ ਧਿਆਈਦਾ ਸਾਈਂ ਕਾਫ਼ੀ ਦਾ ਕੇਂਦਰੀ ਭਾਵ
ਪ੍ਰਸ਼ਨ. ‘ਤੇਰਾ ਨਾਮ ਧਿਆਈਦਾ ਸਾਈਂ’ ਕਾਫ਼ੀ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ।
ਉੱਤਰ : ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਤੇ ਨਿਰਮਾਣਤਾ ਨੂੰ ਧਾਰਨ ਕਰ ਕੇ ਰੱਖਣਾ ਚਾਹੀਦਾ ਹੈ। ਇਸ਼ਕ ਵਿੱਚ ਜਾਨ ਦੀ ਬਾਜ਼ੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ ।
ਤੇਰਾ ਨਾਮ ਧਿਆਈਦਾ ਸਾਈਂ’ ਕਾਫ਼ੀ ਦਾ ਸਾਰ
ਪ੍ਰਸ਼ਨ. ‘ਤੇਰਾ ਨਾਮ ਧਿਆਈਦਾ ਸਾਈਂ’ ਕਾਫ਼ੀ ਦਾ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਫ਼ਕੀਰ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਨਿਰਮਾਣਤਾ ਨੂੰ ਧਾਰਨ ਕਰ ਕੇ ਰੱਖਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਸ਼ਕ ਵਿੱਚ ਜਾਨ ਦੀ ਬਾਜ਼ੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ।