‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ : ਪ੍ਰਸ਼ਨ-ਉੱਤਰ
ਵੱਡੇ ਉੱਤਰਾਂ ਵਾਲੇ ਪ੍ਰਸ਼ਨ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’
ਪ੍ਰਸ਼ਨ 1. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦਾ ਕੇਂਦਰੀ ਭਾਵ ਲਿਖੋ।
ਉੱਤਰ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ :
ਪ੍ਰਭੂ ਨਾਲ ਰਿਸ਼ਤਾ ਜੋੜਨ ਨਾਲ ਸਭ ਰਿਸ਼ਤਿਆਂ ਦਾ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਮਾਤਾ, ਪਿਤਾ, ਭਰਾ ਸਮਾਨ ਹੈ ਅਤੇ ਹਰ ਜਗ੍ਹਾ ਸਾਡਾ ਰਖਵਾਲਾ ਹੈ। ਉਹੀ ਸਾਡਾ ਆਸਰਾ ਅਤੇ ਮਾਣ ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ। ਸੰਸਾਰ ਦੇ ਸਾਰੇ ਜੀਵ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ਅਤੇ ਉਸ ਨੇ ਹੀ ਉਹਨਾਂ ਨੂੰ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ। ਸੰਸਾਰ ਵਿੱਚ ਸਭ ਕੁਝ ਉਸ ਦਾ ਹੀ ਕੀਤਾ ਹੋ ਰਿਹਾ ਹੈ। ਉਸ ਦਾ ਨਾਮ ਸਿਮਰ ਕੇ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ।
ਪ੍ਰਸ਼ਨ 2. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ ਰਿਸ਼ਤੇ ਸਥਾਪਿਤ ਕਰ ਕੇ ਸਤਿਕਾਰ ਪ੍ਰਗਟ ਕੀਤਾ ਹੈ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੀਵ-ਰੂਪ ਵਿੱਚ ਪਰਮਾਤਮਾ ਨਾਲ ਪਿਤਾ, ਮਾਤਾ, ਭਰਾ ਆਦਿ ਦੇ ਰਿਸ਼ਤੇ ਸਥਾਪਿਤ ਕਰ ਕੇ ਸਤਿਕਾਰ ਪ੍ਰਗਟਾਇਆ ਹੈ। ਪ੍ਰਭੂ ਨੂੰ ਸੰਬੋਧਨ ਕਰ ਕੇ ਆਪ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ! ਤੂੰ ਹੀ ਮੇਰਾ ਪਿਤਾ ਤੇ ਤੂੰ ਹੀ ਮਾਤਾ (ਮਾਂ) ਹੈਂ ਭਾਵ ਮਾਤਾ-ਪਿਤਾ ਦੀ ਥਾਂ ਹੈ। ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦਾ ਹੈ ਉਸੇ ਤਰ੍ਹਾਂ ਤੂੰ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈਂ। ਜਿਵੇਂ ਮਾਂ ਬੱਚਿਆਂ ਦਾ ਫ਼ਿਕਰ ਕਰਦੀ ਅਤੇ ਉਹਨਾਂ ਦੀ ਪਾਲਣਾ-ਪੋਸ਼ਣਾ ਕਰਦੀ ਹੈ ਉਸੇ ਤਰ੍ਹਾਂ ਤੂੰ ਸਾਰੇ ਜਗਤ ਦੇ ਬੱਚਿਆਂ ਦਾ ਫ਼ਿਕਰ ਕਰਨ ਵਾਲਾ ਹੈਂ। ਹੇ ਪ੍ਰਭੂ! ਤੂੰ ਹੀ ਮੇਰਾ ਰਿਸ਼ਤੇਦਾਰ ਅਤੇ ਤੂੰ ਹੀ ਮੇਰਾ ਭਰਾ ਹੈਂ। ਰਿਸ਼ਤੇਦਾਰ ਅਤੇ ਭਰਾ ਦੁੱਖ ਵਿੱਚ ਕੰਮ ਆਉਂਦੇ ਹਨ ਪਰ ਤੂੰ ਸਾਰੇ ਜਗਤ ਨੂੰ ਦੁੱਖਾਂ ਤੋਂ ਛੁਟਕਾਰਾ ਦਵਾਉਣ ਵਾਲਾ ਹੈਂ। ਇਸ ਤਰ੍ਹਾਂ ਪਰਮਾਤਮਾ ਨਾਲ ਇਹ ਵੱਖ-ਵੱਖ ਰਿਸ਼ਤੇ ਸਥਾਪਿਤ ਕਰ ਕੇ ਸਤਿਕਾਰ ਪ੍ਰਗਟ ਕੀਤਾ ਗਿਆ ਹੈ।
ਪ੍ਰਸ਼ਨ 3. ਹੇਠ ਦਿੱਤੀਆਂ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਜੀਅ ਜੰਤ ਸਭਿ ਤੁਧੁ ਉਪਾਏ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥
ਉੱਤਰ : ਇਹ ਕਾਵਿ-ਸਤਰਾਂ ‘ਸਾਹਿਤ-ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ/ਕਵਿਤਾ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ/ਰਚਨਾ ਵਿੱਚ ਪਰਮਾਤਮਾ ਨੂੰ ਪਿਤਾ, ਮਾਤਾ, ਰਿਸ਼ਤੇਦਾਰ ਅਤੇ ਭਰਾ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੈ। ਪ੍ਰਭੂ ਦੇ ਨਾਮ ਦਾ ਸਿਮਰਨ ਕਰ ਕੇ ਹੀ ਆਤਮਿਕ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨਾਂ ਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਸੰਸਾਰ ਵਿੱਚ ਪਰਮਾਤਮਾ ਦਾ ਹੀ ਕੀਤਾ ਸਭ ਕੁਝ ਹੋ ਰਿਹਾ ਹੈ।
ਪ੍ਰਸ਼ਨ 4. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦੇ ਵਿਸ਼ੇ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦਾ ਵਿਸ਼ਾ ਪਰਮਾਤਮਾ ਨੂੰ ਮਾਤਾ, ਪਿਤਾ, ਭਰਾ, ਰਿਸ਼ਤੇਦਾਰ ਆਦਿ ਵੱਖ-ਵੱਖ ਰਿਸ਼ਤਿਆਂ ਦੇ ਰੂਪ ਵਿੱਚ ਦੇਖਣ ਨਾਲ ਸੰਬੰਧਿਤ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਉਹ ਪਰਮਾਤਮਾ ਹੀ ਹਰ ਥਾਂ ‘ਤੇ ਜੀਵ ਦਾ ਰਾਖਾ ਹੈ ਅਤੇ ਉਹੀ ਸਾਡਾ ਆਸਰਾ ਤੇ ਮਾਣ ਹੈ। ਸਾਰੇ ਜੀਵ-ਜੰਤੂ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਇਹ ਜਗਤ-ਅਖਾੜਾ ਉਸ ਦੀ ਹੀ ਖੇਡ ਹੈ। ਪਰਮਾਤਮਾ ਨੇ ਆਪਣੀ ਇੱਛਾ ਅਨੁਸਾਰ ਹੀ ਜੀਵਾਂ ਨੂੰ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਪ੍ਰਸ਼ਨ 5. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਉੱਤਰ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ/ਪਰਮਾਤਮਾ ਨੂੰ ਪਿਤਾ, ਮਾਤਾ, ਰਿਸ਼ਤੇਦਾਰ, ਭਰਾ ਆਦਿ ਦੇ ਰੂਪ ਵਿੱਚ ਪ੍ਰਗਟਾਇਆ ਹੈ। ਅਧਿਆਤਮਿਕ ਮਹੱਤਵ ਵਾਲੀ ਇਸ ਰਚਨਾ ਵਿੱਚ ਦੱਸਿਆ ਗਿਆ ਹੈ ਕਿ ਸਭ ਕੁਝ ਪਰਮਾਤਮਾ ਦਾ ਹੀ ਕੀਤਾ ਹੋ ਰਿਹਾ ਹੈ ਅਤੇ ਉਸ ਦੇ ਨਾਮ ਦਾ ਸਿਮਰਨ ਕਰ ਕੇ ਹੀ ਆਤਮਿਕ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਰਚਨਾ ਵਿੱਚ ਪ੍ਰਗੀਤਿਕ ਅੰਸ਼ ਹਨ। ਤੂੰ, ਮੇਰਾ, ਜਿਤੁ, ਤਿਤੁ, ਕਿਛੁ ਆਦਿ ਸ਼ਬਦਾਂ ਦੇ ਦੁਹਰਾਅ ਰਾਹੀਂ ਸੰਗੀਤ ਪੈਦਾ ਕੀਤਾ ਗਿਆ ਹੈ। ਮਧੁਰ ਸੰਗੀਤ ਇਸ ਰਚਨਾ ਦੀ ਵਿਸ਼ੇਸ਼ਤਾ ਹੈ। ਤੁਕਾਂਤ-ਪ੍ਰਬੰਧ ਵਿੱਚ ਰਚੀ ਇਸ ਕਵਿਤਾ ਵਿੱਚ ਮਾਤਾ-ਪਿਤਾ, ਪਛਾਣਾ-ਮਾਣਾ, ਉਪਾਏ-ਲਾਏ, ਪਾਇਆ-ਸੀਤਲਾਇਆ ਸ਼ਬਦਾਂ ਦਾ ਤੁਕਾਂਤ ਮਿਲਾਇਆ ਗਿਆ ਹੈ। ਲੰਮੀਆਂ ਤੁਕਾਂ ਵਿੱਚ ਕਾੜਾ, ਅਖਾੜਾ, ਅਸਾੜਾ, ਬਿਖਾੜਾ ਸ਼ਬਦਾਂ ਦਾ ਤੁਕਾਂਤ ਮਿਲਦਾ ਹੈ। ਇਸ ਰਚਨਾ ਦੀ ਸ਼ੈਲੀ ਪ੍ਰਭਾਵਸ਼ਾਲੀ ਹੈ।
ਪ੍ਰਸ਼ਨ 6. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ/ਕਵਿਤਾ ਦੇ ਲੇਖਕ ਬਾਰੇ ਸੰਖੇਪ ਜਾਣਕਾਰੀ (50-60 ਸ਼ਬਦਾਂ ਵਿੱਚ) ਦਿਓ।
ਉੱਤਰ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ/ਕਵਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਉਹਨਾਂ ਦਾ ਜਨਮ 1563 ਈ. ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਮੌਲਿਕ ਸਾਹਿਤ-ਰਚਨਾ ਤੋਂ ਬਿਨਾਂ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸੀ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕੱਤੀ ਰਾਗਾਂ ਵਿੱਚੋਂ ਤੀਹ ਰਾਗਾਂ ਵਿੱਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਆਪ ਜੀ ਦੀ ਹੀ ਦਰਜ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਆਪ ਨੇ ਸਲੋਕ, ਬਾਰਹ ਮਾਹ (ਰਾਗ ਮਾਝ), ਬਾਵਨ ਅੱਖਰੀ, ਵਾਰਾਂ ਆਦਿ ਦੀ ਰਚਨਾ ਕੀਤੀ। ਸੁਖਮਨੀ ਸਾਹਿਬ ਉਹਨਾਂ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਹੈ। ਉਹਨਾਂ ਦੀ ਸ਼ਹਾਦਤ 1606 ਈ. ਵਿੱਚ ਹੋਈ।
ਪ੍ਰਸ਼ਨ 7. ‘ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ’ ਤੁਕ ਦੀ ਵਿਆਖਿਆ 50-60 ਸ਼ਬਦਾਂ ਵਿੱਚ ਕਰੋ।
ਉੱਤਰ : ਇਹ ਕਾਵਿ-ਤੁਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਹੈ। ਇਸ ਤੁਕ ਵਿੱਚ ਗੁਰੂ ਸਾਹਿਬ ਜੀਵ-ਰੂਪ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਉਹ ਹੀ ਸਭ ਥਾਵਾਂ ‘ਤੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ। ਉਸ ਪਰਮਾਤਮਾ ਤੋਂ ਬਿਨਾਂ ਜੀਵਾਂ ਦਾ ਕੋਈ ਰਖਵਾਲਾ ਨਹੀਂ। ਗੁਰੂ ਸਾਹਿਬ ਜੀਵ-ਰੂਪ ਵਿੱਚ ਪ੍ਰਭੂ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਜੇਕਰ ਉਹ (ਪਰਮਾਤਮਾ) ਹਰ ਥਾਂ ਉਹਨਾਂ (ਜੀਵਾਂ) ਦੀ ਰੱਖਿਆ ਕਰਨ ਵਾਲਾ ਹੈ ਤਾਂ ਉਹਨਾਂ ਨੂੰ ਕੋਈ ਡਰ ਅਤੇ ਚਿੰਤਾ ਨਹੀਂ।
ਪ੍ਰਸ਼ਨ 8. ਹੇਠ ਦਿੱਤੀਆਂ ਸਤਰਾਂ/ਤੁਕਾਂ ਦਾ ਭਾਵ ਅਰਥ 50-60 ਸ਼ਬਦਾਂ ਵਿੱਚ ਬਿਆਨ ਕਰੋ।
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ॥
ਉੱਤਰ : ਇਹਨਾਂ ਤੁਕਾਂ/ਸਤਰਾਂ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਉਸ ਨੂੰ ਪਛਾਣਿਆ ਜਾ ਸਕਦਾ ਹੈ। ਅਥਵਾ ਉਸ ਨਾਲ ਸਾਂਝ ਸਥਾਪਿਤ ਕੀਤੀ ਜਾ ਸਕਦੀ ਹੈ। ਪ੍ਰਭੂ ਦੀ ਮਰਜ਼ੀ ਅਨੁਸਾਰ ਹੀ ਅਸੀਂ ਉਸ ਨਾਲ ਜੁੜ ਸਕਦੇ ਹਾਂ। ਉਹ ਪਰਮਾਤਮਾ ਹੀ ਜੀਵਾਂ ਦਾ ਆਸਰਾ/ਸਹਾਰਾ ਹੈ ਅਤੇ ਉਸ ‘ਤੇ ਮਾਣ ਕੀਤਾ ਜਾ ਸਕਦਾ ਹੈ। ਦੁਨੀਆ ਦੇ ਬਾਕੀ ਸਾਰੇ ਮਾਣ ਝੂਠੇ ਹਨ। ਇਹਨਾਂ ਸਤਰਾਂ ਵਿੱਚ ਗੁਰੂ ਸਾਹਿਬ ਜੀਵ ਨੂੰ ਪ੍ਰਭੂ-ਸਿਮਰਨ ਦੀ ਸਿੱਖਿਆ ਦਿੰਦੇ ਹਨ।
ਪ੍ਰਸ਼ਨ 9. ‘ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ’ ਤੁਕ ਦੀ ਵਿਆਖਿਆ 50-60 ਸ਼ਬਦਾਂ ਵਿੱਚ ਕਰੋ।
ਉੱਤਰ : ਇਹ ਕਾਵਿ-ਤੁਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਹੈ। ਇਸ ਕਾਵਿ- ਤੁਕ/ਸਤਰ ਵਿੱਚ ਗੁਰੂ ਸਾਹਿਬ ਜੀਵ-ਰੂਪ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਉਸ (ਪਰਮਾਤਮਾ) ਵਰਗਾ ਹੋਰ ਕੋਈ ਵੀ ਦੂਜਾ ਨਹੀਂ ਭਾਵ ਕੋਈ ਵੀ ਪਰਮਾਤਮਾ ਦੇ ਬਰਾਬਰ ਨਹੀਂ। ਕੋਈ ਵੀ ਉਸ ਪ੍ਰਭੂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਦੁਨੀਆ ਦੀ ਖੇਡ ਅਥਵਾ ਇਹ ਜਗਤ-ਤਮਾਸ਼ਾ ਉਸ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਹਨ ਕਿ ਕਰਨ-ਕਰਾਉਣ ਵਾਲਾ ਪਰਮਾਤਮਾ ਹੀ ਹੈ।
ਪ੍ਰਸ਼ਨ 10. ਹੇਠ ਦਿੱਤੀਆਂ ਸਤਰਾਂ/ਕਾਵਿ-ਤੁਕਾਂ ਦਾ ਭਾਵ-ਅਰਥ 50-60 ਸ਼ਬਦਾਂ ਵਿੱਚ ਬਿਆਨ ਕਰੋ।
ਜੀਅ ਜੰਤ ਸਭਿ ਤੁਧੁ ਉਪਾਏ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥
ਉੱਤਰ : ਇਹਨਾਂ ਤੁਕਾਂ/ਸਤਰਾਂ ਦਾ ਭਾਵ-ਅਰਥ ਇਹ ਹੈ ਕਿ ਦੁਨੀਆ/ਸੰਸਾਰ ਦੇ ਸਭ ਜੀਵ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਇਸ ਦੁਨੀਆ ਦੀ ਖੇਡ ਅਥਵਾ ਜਗਤ-ਤਮਾਸ਼ਾ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ। ਪਰਮਾਤਮਾ ਨੇ ਸਭ ਜੀਵਾਂ ਨੂੰ ਆਪਣੀ ਮਰਜ਼ੀ ਅਨੁਸਾਰ ਹੀ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ। ਇਸ ਤਰ੍ਹਾਂ ਸੰਸਾਰ ਵਿੱਚ ਸਭ ਕੁਝ ਉਸ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ। ਜੀਵ ਦੇ ਹੱਥ ਕੁਝ ਵੀ ਨਹੀਂ ਹੈ।
ਪ੍ਰਸ਼ਨ 11. ‘ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ’ ਤੁਕ ਦੀ ਵਿਆਖਿਆ 50-60 ਸ਼ਬਦਾਂ ਵਿੱਚ ਕਰੋ।
ਉੱਤਰ : ‘ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ’ ਤੁਕ/ਸਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਹੈ। ਇਸ ਕਾਵਿ-ਤੁਕ ਵਿੱਚ ਗੁਰੂ ਸਾਹਿਬ ਜੀਵ-ਰੂਪ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ। ਸਭ ਕੁਝ ਉਸ ਦੇ ਕੀਤਿਆਂ ਹੀ ਹੁੰਦਾ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਜੀਵ ਦਾ ਕੋਈ ਜ਼ੋਰ ਨਹੀਂ ਚੱਲਦਾ।
ਪ੍ਰਸ਼ਨ 12. ਹੇਠ ਦਿੱਤੀਆਂ ਸਤਰਾਂ/ਕਾਵਿ-ਤੁਕਾਂ ਦਾ ਭਾਵ-ਅਰਥ 50-60 ਸ਼ਬਦਾਂ ਵਿੱਚ ਬਿਆਨ ਕਰੋ :
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ॥
ਉੱਤਰ : ਇਹਨਾਂ ਕਾਵਿ-ਤੁਕਾਂ/ਸਤਰਾਂ ਦਾ ਭਾਵ-ਅਰਥ ਇਹ ਹੈ ਕਿ ਪ੍ਰਭੂ ਦੀ ਭਗਤੀ/ਨਾਮ-ਸਿਮਰਨ ਕਰ ਕੇ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪ੍ਰਭੂ-ਭਗਤੀ ਤੋਂ ਬਿਨਾਂ ਅਸੀਂ ਆਤਮਿਕ ਅਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ। ਪ੍ਰਭੂ ਦਾ ਗੁਣ-ਗਾਇਨ ਕਰ ਕੇ ਹੀ ਜੀਵ ਦੇ ਮਨ ਨੂੰ ਠੰਢਕ ਪਹੁੰਚਦੀ ਹੈ। ਇਸ ਤਰ੍ਹਾਂ ਗੁਰੂ ਜੀ ਜੀਵ ਨੂੰ ਪ੍ਰਭੂ-ਭਗਤੀ ਦੀ ਪ੍ਰੇਰਨਾ ਦਿੰਦੇ ਹਨ।
ਪ੍ਰਸ਼ਨ 13. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ/ਕਵਿਤਾ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦੇ ਵਿਚਾਰਾਂ ਦਾ ਸਾਰ 50-60 ਸ਼ਬਦਾਂ ਵਿੱਚ ਲਿਖੋ।
ਉੱਤਰ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ/ਕਵਿਤਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨੂੰ ਪਿਤਾ ਮਾਤਾ, ਰਿਸ਼ਤੇਦਾਰ ਅਤੇ ਭਰਾ ਦੇ ਰੂਪ ਵਿੱਚ ਪ੍ਰਗਟਾਇਆ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਪਰਮਾਤਮਾ ਹੀ ਹਰ ਥਾਂ ਸਾਡੀ ਰੱਖਿਆ ਕਰਦਾ ਹੈ। ਉਹੀ ਸਾਡਾ ਆਸਰਾ ਹੈ ਅਤੇ ਉਸ ‘ਤੇ ਹੀ ਮਾਣ ਕੀਤਾ ਜਾ ਸਕਦਾ ਹੈ। ਇਹ ਜਗਤ-ਤਮਾਸ਼ਾ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ। ਪਰਮਾਤਮਾ ਨੇ ਹੀ ਸਭ ਜੀਵਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਨਾਮ-ਸਿਮਰਨ ਕਰ ਕੇ ਆਤਮਿਕ ਅਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪਰਮਾਤਮਾ ਦੇ ਗੁਣ ਗਾ ਕੇ ਹੀ ਮਨ ਨੂੰ ਸਾਂਤੀ ਮਿਲਦੀ ਹੈ।