ਤੁਰਨ ਦਾ ਹੁਨਰ – ਸਾਰ
ਪ੍ਰਸ਼ਨ – ਡਾ. ਨਰਿੰਦਰ ਸਿੰਘ ਕਪੂਰ ਦੀ ਨਿਬੰਧ ਰਚਨਾ “ਤੁਰਨ ਦਾ ਹੁਨਰ” ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ।
ਉੱਤਰ – ਤੁਰਨ ਦਾ ਹੌਂਸਲਾ ਕੇਵਲ ਸਬਰ ਸੰਤੋਖ ਵਾਲਾ ਆਦਮੀ ਹੀ ਕਰ ਸਕਦਾ ਹੈ। ਤੁਰਨ ਨਾਲ ਬੰਦਾ ਹਲਕਾ ਫੁਲਕਾ ਹੋ ਜਾਂਦਾ ਹੈ।
ਜਦੋਂ ਆਦਮੀ ਇਕੋ ਥਾਂ ‘ਤੇ ਬੈਠਾ ਅੱਕ ਜਾਂਦਾ ਹੈ ਤਾਂ ਉਹ ਦੂਰ ਨਿਕਲ ਜਾਣਾ ਚਾਹੁੰਦਾ ਹੈ।
ਯੂਨਾਨੀ ਪਾਤਰ ਯੂਲੀਸਿਸ ਅਤੇ ਗੁਰੂ ਨਾਨਕ ਦੇਵ ਜੀ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਹੀ ਪ੍ਰਤੀਕ ਹਨ। ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ, ਇਸਲਈ ਦੂਰ ਦਰਾਡੇ ਜਾਣ ਲਈ ਗੱਡੀਆਂ – ਮੋਟਰਾਂ ਦੀ ਵਰਤੋਂ ਹੋਣ ਲੱਗ ਪਈ ਹੈ।
ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਸਿਰਫ਼ ਤੁਰ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਤੁਰਨ ਨਾਲ ਆਤਮਵਿਸ਼ਵਾਸ ਪੈਦਾ ਹੁੰਦਾ ਹੈ।
ਕਹਿੰਦੇ ਹਨ ਜਿਹੜੇ ਪਤੀ – ਪਤਨੀ ਇਕੱਠੀ ਸੈਰ ਕਰ ਸਕਦੇ ਹਨ, ਉਹ ਦੁਨੀਆਂ ਦੀ ਹਰ ਮੁਸੀਬਤ ਦਾ ਖਿੜੇ – ਮੱਥੇ ਸਾਹਮਣਾ ਕਰ ਸਕਦੇ ਹਨ।
ਬਹੁਤ ਲੋਕ ਬਿਮਾਰ ਹੋਣ ਤੇ ਤੁਰਨਾ ਸ਼ੁਰੂ ਕਰਦੇ ਹਨ। ਸੱਚਾਈ ਇਹ ਹੈ ਕਿ ਜਿਸ ਨੂੰ ਤੁਰਨ ਦੀ ਆਦਤ ਹੋਵੇ, ਉਸਨੂੰ ਬਿਮਾਰੀ ਲੱਗਦੀ ਹੀ ਨਹੀਂ ਹੈ।
ਤੁਰਨ ਦਾ ਸ਼ੌਂਕ ਰੱਖਣ ਵਾਲਾ ਵਿਅਕਤੀ ਕੁਦਰਤ ਨਾਲ ਇੱਕ ਸਾਂਝ ਪਾ ਲੈਂਦਾ ਹੈ ਅਤੇ ਇਸ ਨਾਲ ਮਨ ਅਮੀਰ ਅਤੇ ਦਿਲ ਵਿਸ਼ਾਲ ਹੋ ਜਾਂਦਾ ਹੈ।
ਸਿਰਫ਼ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਜਾਗਰਤ ਹਾਲਾਤ ਵਿੱਚ ਤੁਰੀਏ। ਅੱਜ ਦੇ ਦੌਰ ਵਿੱਚ ਅੰਦਰੋਂ ਉਹੀ ਲੋਕ ਖੁਸ਼ ਹੋ ਸਕਦੇ ਹਨ ਜਿਹੜੇ ਪੰਛੀਆਂ, ਰੁੱਖਾਂ, ਫੁੱਲਾਂ ਆਦਿ ਨਾਲ ਸਾਂਝ ਰੱਖਣਗੇ।
ਕਈ ਲੋਕ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿੰਦੇ ਹਨ। ਇਹ ਉਹ ਲੋਕ ਹਨ ਜਿੰਨ੍ਹਾਂ ਨੂੰ ਚੀਜ਼ਾਂ ਦੀ ਕੀਮਤ ਦਾ ਅੰਦਾਜ਼ਾ ਹੁੰਦਾ ਹੈ, ਉਨ੍ਹਾਂ ਦੇ ਮਹੱਤਵ ਦਾ ਨਹੀਂ। ਤੁਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।
ਤੇਜ਼ ਤੁਰਨ ਵਾਲੇ ਵਿਅਕਤੀ ਹਰਮਨ ਪਿਆਰਾ ਹੋਣ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ। ਤੁਰ ਕੇ ਆਉਣ ਵਾਲੇ ਹਰ ਪਿਆਰੇ ਦਾ ਪਿਆਰ ਸਤਿਕਾਰਯੋਗ ਹੈ। ਤੁਰਨ ਵਾਲੇ ਦੇ ਝੁਰੜੀਆਂ ਬੂਟਾਂ ਤਿ ਪੈਂਦੀਆਂ ਹਨ, ਚਿਹਰੇ ਤੇ ਨਹੀਂ।