ਤਿੱਥਾਂ ਨਾਲ ਸੰਬੰਧਿਤ ਤਿਉਹਾਰ
ਪ੍ਰਸ਼ਨ. ਪੰਜਾਬ ਵਿੱਚ ਤਿੱਥਾਂ ਨਾਲ ਸੰਬੰਧਤ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ? ਤਿੱਥਾਂ ਨਾਲ ਸੰਬੰਧਤ ਕਿਸੇ ਦੋ ਤਿਉਹਾਰਾਂ ਬਾਰੇ ਜਾਣਕਾਰੀ ਦਿਓ।
ਉੱਤਰ : ਡਾ. ਐੱਸ.ਐੱਸ. ਵਣਜਾਰਾ ਬੇਦੀ ਨੇ ਆਪਣੇ ਲੇਖ ‘ਚ ਦੱਸਿਆ ਹੈ ਕਿ ਪੰਜਾਬ ਵਿੱਚ ਤਿੱਥਾਂ ਨਾਲ ਸੰਬੰਧਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬ ਵਿੱਚ ਚੇਤਰ ਦੀ ਏਕਮ ਨੂੰ ‘ਨਵਾਂ ਸੰਮਤ’ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕ ਕੰਜਕਾਂ ਕਰਦੇ ਹਨ। ਇਸ ਦਿਨ ਕੰਜਕਾਂ ਨੂੰ ਦੇਵੀ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਚੇਤਰ ਸੁਦੀ ਨੌਂ ਨੂੰ ਰਾਮ-ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਦਰੋਂ ਦੇ ਕ੍ਰਿਸ਼ਨ-ਪੱਖ ਦੀ ਅੱਠਵੀਂ ਨੂੰ ‘ਜਨਮ ਅਸ਼ਟਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਤਿੱਥਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਵਿੱਚ ਹੀ ਰਾਮ-ਲੀਲ੍ਹਾ ਤੇ ਦਸਵੇਂ ਨਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ।