ਤਿਉਹਾਰ ਦਾ ਦਿਨ – ਪੈਰਾ ਰਚਨਾ
ਪੰਜਾਬੀ ਜੀਵਨ ਤਿਉਹਾਰਾਂ ਨਾਲ ਭਰਪੂਰ ਹੈ। ਸਾਲ ਵਿਚ ਕੋਈ ਹੀ ਮਹੀਨਾ ਅਜਿਹਾ ਹੋਵੇਗਾ, ਜਦੋਂ ਕੋਈ ਨਾ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਤਿਉਹਾਰ ਜੀਵਨ ਵਿਚ ਖੁਸ਼ੀ ਦਾ ਸੂਚਕ ਹੈ। ਇਹ ਕੋਈ ਵੀ ਹੋਵੇ, ਅੱਕੀ – ਥੱਕੀ ਜ਼ਿੰਦਗੀ ਨੂੰ ਇਕ ਨਵਾਂ ਹੁਲਾਰਾ ਦਿੰਦਾ ਹੈ। ਇਸੇ ਲਈ ਅਸੀਂ ਤਿਉਹਾਰਾਂ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਾਂ। ਤਿਉਹਾਰ ਆਮ ਕਰਕੇ ਸਾਡੇ ਧਾਰਮਿਕ ਤੇ ਸਭਿਆਚਾਰਕ ਜੀਵਨ ਤੇ ਉਤਸ਼ਾਹ ਨਾਲ ਜੁੜੇ ਹੁੰਦੇ ਹਨ। ਸਧਾਰਨ ਮਨੁੱਖ ਦੇ ਪੱਖ ਤੋਂ ਤਿਉਹਾਰ ਦਾ ਆਉਣਾ ਇਸ ਨਾਲ ਜੁੜੀ ਖੁਸ਼ੀ ਤੇ ਸੁਖਾਵੀਂ ਤਬਦੀਲੀ ਕਾਰਨ ਮੰਗਲਕਾਰੀ ਹੁੰਦਾ ਹੈ। ਬੱਚੇ ਤਾਂ ਕਿੰਨੇ – ਕਿੰਨੇ ਦਿਨ ਪਹਿਲਾਂ ਤਿਉਹਾਰ ਦੇ ਦਿਨ ਦੀ ਉਡੀਕ ਕਰਨ ਲੱਗ ਪੈਂਦੇ ਹਨ। ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਖੁਸ਼ੀ ਵਿਚ ਵਾਧਾ ਕਰਨ ਲਈ ਆਪਣੇ ਵਿੱਤ ਅਨੁਸਾਰ ਹਿੱਸਾ ਪਾਉਂਦੇ ਹਨ। ਤਿਉਹਾਰ ਦੇ ਦਿਨ ਚਾਅ ਤੇ ਉਤਸ਼ਾਹ ਕਾਰਨ ਸਭ ਕੁੱਝ ਨਿਵੇਕਲਾ ਤੇ ਆਨੰਦਮਈ ਲੱਗਦਾ ਹੈ। ਬਾਜ਼ਾਰ ਸਜੇ – ਫੱਬੇ ਹੁੰਦੇ ਹਨ। ਲੋਕ ਨਵੇਂ ਕੱਪੜੇ ਪਾਉਂਦੇ ਹਨ। ਉਹਨਾਂ ਦੇ ਚਿਹਰਿਆਂ ਉੱਪਰ ਖੁਸ਼ੀਆਂ ਨੱਚਦੀਆਂ ਹਨ। ਰੰਗਾਂ ਤੇ ਖੁਸ਼ੀਆਂ ਦਾ ਵਾਤਾਵਰਨ ਪਸਰਿਆ ਹੁੰਦਾ ਹੈ। ਬਾਜ਼ਾਰ ਵਿਚ ਖਰੀਦੋ – ਫਰੋਖ਼ਤ ਹੁੰਦੀ ਹੈ। ਨਵੇਂ ਕੱਪੜੇ, ਨਵੇਂ ਭਾਂਡੇ, ਵੰਗਾਂ – ਚੂੜੀਆਂ, ਦੰਦਾਸੇ, ਖਿਡਾਉਣੇ, ਭੁਕਾਨੇ, ਸਜਾਵਟ ਦਾ ਸਾਮਾਨ ਤੇ ਮਠਿਆਈ ਧੜਾਧੜ ਵਿਕਦੇ ਹਨ। ਕਈ ਥਾਈਂ ਮੇਲੇ ਵੀ ਲੱਗੇ ਹੁੰਦੇ ਹਨ। ਉੱਥੇ ਪੰਘੂੜੇ ਝੂਟੇ ਜਾਂਦੇ ਹਨ, ਖੇਡ – ਤਮਾਸ਼ੇ ਹੁੰਦੇ ਹਨ, ਲੰਗੋਜ਼ੇ ਵੱਜਦੇ ਹਨ, ਮਠਿਆਈਆਂ ਖਾਦੀਆਂ ਜਾਂਦੀਆਂ ਹਨ, ਸ਼ਰਾਬਾਂ ਉੱਡਦੀਆਂ ਹਨ ਅਤੇ ਭੰਗੜੇ ਪੈਂਦੇ ਹਨ। ਸਫ਼ਾਈ ਤੇ ਸੁੱਚਮ ਨਾਲ ਵਧੀਆ ਤੇ ਸੁਆਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਸ ਦਿਨ ਕੰਜੂਸੀਆਂ ਤੇ ਤੰਗੀਆਂ ਨੂੰ ਭੁਲਾ ਦਿੱਤਾ ਜਾਂਦਾ ਹੈ। ਹਰ ਕੋਈ ਰੰਗਾਂ ਤੇ ਖੁਸ਼ੀਆਂ ਦੇ ਦਰਿਆ ਵਿਚ ਵਹਿ ਜਾਣਾ ਚਾਹੁੰਦਾ ਹੈ। ਆਪਾ ਖਿਡਾਉਣ ਦੀ ਰੁਚੀ ਪ੍ਰਬਲ ਹੁੰਦੀ ਹੈ। ਚੁਫ਼ੇਰੇ ਪਕਵਾਨਾਂ ਦੀਆਂ ਮਹਿਕਾਂ ਸਭ ਦੇ ਹਿਰਦਿਆਂ ਵਿਚ ਕੁਤਕੁਤਾਰੀਆਂ ਪੈਦਾ ਕਰਦੀਆਂ ਹਨ। ਆਮ ਕਰਕੇ ਤਿਉਹਾਰ ਦੀ ਮੁੱਖ ਰਸਮ ਕਿਸੇ ਧਾਰਮਿਕ ਅਸਥਾਨ ਦੇ ਦਰਸ਼ਨ, ਪੂਜਾ, ਇਸ਼ਨਾਨ ਆਦਿ ਦੇ ਰੂਪ ਵਿਚ ਹੁੰਦੀ ਹੈ। ਇਨ੍ਹਾਂ ਸਥਾਨਾਂ ਉੱਪਰ ਹੀ ਆਮ ਕਰਕੇ ਮੇਲੇ ਲਗਦੇ ਹਨ। ਬੱਚੇ ਤੇ ਨੌਜਵਾਨ ਤਾਂ ਇਹੋ ਚਾਹੁੰਦੇ ਹਨ ਕਿ ਤਿਉਹਾਰ ਦਾ ਦਿਨ ਕਦੇ ਮੁਕੇ ਹੀ ਨਾ। ਪਰ ਇਹ ਰੌਣਕ ਥੋੜ੍ਹਾ ਚਿਰ ਹੀ ਰਹਿੰਦੀ ਹੈ। ਹਰ ਕੋਈ ਆਪਣੀ ਵਿੱਤ ਤੇ ਸਥਿਤੀ ਅਨੁਸਾਰ ਤਿਉਹਾਰ ਦੇ ਦਿਨ ਨੂੰ ਮਨਾਉਂਦਾ ਹੈ। ਸਾਰੇ ਇਹੋ ਇੱਛਾ ਕਰਦੇ ਹਨ ਕਿ ਅਗਲੇ ਸਾਲ ਜਿਊਂਦਿਆਂ – ਵਸਦਿਆਂ ਨੂੰ ਤਿਉਹਾਰ ਦਾ ਦਿਨ ਮੁੜ ਆਵੇ।