ਢੋਲਾ


ਪ੍ਰਸ਼ਨ : ਲੋਕ-ਕਾਵਿ ਦੇ ਰੂਪ ‘ਢੋਲਾ’ ਬਾਰੇ ਜਾਣਕਾਰੀ ਦਿਓ।

ਉੱਤਰ : ਢੋਲਾ ਬਾਰਾਂ (ਸਾਂਦਲ ਬਾਰ, ਗੰਜੀ ਬਾਰ, ਰਾਵੀ ਬਾਰ ਆਦਿ) ਦੇ ਇਲਾਕਿਆਂ ਵਿੱਚ ਬਹੁਤ ਹਰਮਨ-ਪਿਆਰਾ ਹੈ। ਇਹ ਪੱਛਮੀ ਪੰਜਾਬ ਦਾ ਲੋਕ-ਗੀਤ ਹੈ। ਢੋਲੇ ਵੀ ਲੋਕ-ਕਵੀਆਂ ਵੱਲੋਂ ਰਚੇ ਗਏ ਹਨ। ਇਹਨਾਂ ਢੋਲਿਆਂ ਵਿੱਚ ਬਾਰਾਂ ਦੇ ਮੱਧਕਾਲੀਨ ਸਮਾਜ ਨੂੰ ਚਿਤਰਿਆ ਗਿਆ ਹੈ। ਢੋਲੇ ਦੀ ਬਣਤਰ ਸਾਦੀ ਹੁੰਦੀ ਹੈ। ‘ਪੋਠੋਹਾਰ, ਧਨੀ ਆਦਿ ਦੇ ਢੋਲੇ ਤਿੰਨ-ਤਿੰਨ ਸਤਰਾਂ ਦੇ ਹੁੰਦੇ ਹਨ ਪਰ ਬਾਰਾਂ ਦੇ ਢੋਲੇ ਲਮੇਰੇ ਹੁੰਦੇ ਹਨ।’ ਇਸ ਵਿੱਚ ਕਿਸੇ ਖ਼ਾਸ ਛੰਦ ਦੀ ਵਰਤੋਂ ਨਹੀਂ ਹੁੰਦੀ। ਇਸ ਤਰ੍ਹਾਂ ਇਸ ਨੂੰ ਪੰਜਾਬ ਦੀ ਅਤਿ ਪੁਰਾਣੀ ਖੁੱਲ੍ਹੀ ਕਵਿਤਾ ਦਾ ਨਾਂ ਦਿੱਤਾ ਜਾ ਸਕਦਾ ਹੈ। ਢੋਲੇ ਵਿੱਚ ਕਹਿਰਾਂ ਦਾ ਜਜ਼ਬਾ ਹੋਣ ਕਾਰਨ ਇਸ ਵਿੱਚ ਤੋਲ-ਤੁਕਾਂਤ ਨਾਲੋਂ ਸੰਗੀਤ ਤੇ ਲੈਅ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਢੋਲਾ ਗਾਉਣ ਵਾਲਾ ਗਾਇਕ ਆਪਣੇ ਸੱਜੇ ਹੱਥ ਨੂੰ ਕੰਨ ‘ਤੇ ਰੱਖ ਕੇ ਗਾਉਂਦਾ ਹੈ।

ਬਾਰ ਦੇ ਢੋਲਿਆਂ ਵਿੱਚ ਬਾਰ ਦਾ ਸਮੁੱਚਾ ਜੀਵਨ ਪੇਸ਼ ਹੋਇਆ ਹੈ। ਪਿਆਰ, ਗਿਲੇ-ਸ਼ਿਕਵੇ, ਉਲਾਮ੍ਹੇ, ਪ੍ਰੀਤ-ਕਥਾਵਾਂ, ਪ੍ਰਕਿਰਤੀ ਦੇ ਦ੍ਰਿਸ਼, ਪਸੂ, ਨੂੰਹ-ਸੱਸ ਅਤੇ ਰਾਠਾਂ ਦੀਆਂ ਲੜਾਈਆਂ ਆਦਿ ਢੋਲਿਆਂ ਦੇ ਪ੍ਰਮੁੱਖ ਵਿਸ਼ੇ ਹਨ। ਕੁਝ ਢੋਲਿਆਂ ਵਿੱਚ ਪੰਜਾਬ ਦੇ ਇਤਿਹਾਸ ਦੀਆਂ ਘਟਨਾਵਾਂ ਅਤੇ ਨਾਇਕ-ਨਾਇਕਾਵਾਂ ਦਾ ਚਿਤਰਨ ਹੈ। ਕਈਆਂ ਢੋਲਿਆਂ ਵਿੱਚ ਸੂਫ਼ੀ ਰੰਗ ਵੀ ਵਿਖਾਈ ਦਿੰਦਾ ਹੈ।