ਡਿਕਸ਼ਨਰੀ ਦੀ ਵਰਤੋਂ : ਪੈਰਾ ਰਚਨਾ
ਡਿਕਸ਼ਨਰੀ ਦੀ ਵਰਤੋਂ ਇੱਕ ਚੰਗੀ ਆਦਤ ਹੈ। ਪਰ ਸਾਡੇ ਸਕੂਲਾਂ ਦੇ ਵਿਦਿਆਰਥੀ ਤਾਂ ਇੱਕ ਪਾਸੇ ਰਹੇ ਕਾਲਜ ਦੇ ਵੀ ਸਾਰੇ ਵਿਦਿਆਰਥੀਆਂ ਨੂੰ ਡਿਕਸ਼ਨਰੀ ਦੀ ਵਰਤੋਂ ਕਰਨ ਦੀ ਆਦਤ ਨਹੀਂ। ਸਾਡੇ ਬਹੁਤੇ ਵਿਦਿਆਰਥੀਆਂ ਨੂੰ ਤਾਂ ਡਿਕਸ਼ਨਰੀ ਦੀ ਪੂਰੀ ਤਰ੍ਹਾਂ ਵਰਤੋਂ ਵੀ ਨਹੀਂ ਕਰਨੀ ਆਉਂਦੀ। ਲੋੜ ਇਸ ਗੱਲ ਦੀ ਹੈ ਕਿ ਸਕੂਲ ਪੱਧਰ ‘ਤੇ ਹੀ ਵਿਦਿਆਰਥੀਆਂ ਨੂੰ ਡਿਕਸ਼ਨਰੀ ਦੀ ਵਰਤੋਂ ਕਰਨ ਦੀ ਨਾ ਕੇਵਲ ਜਾਚ ਹੀ ਸਿਖਾਉਣੀ ਚਾਹੀਦੀ ਹੈ ਸਗੋਂ ਉਹਨਾਂ ਵਿੱਚ ਇਸ ਦੀ ਵਰਤੋਂ ਕਰਨ ਦੀ ਰੁਚੀ ਅਥਵਾ ਆਦਤ ਵੀ ਪੈਦਾ ਕਰਨੀ ਚਾਹੀਦੀ ਹੈ। ਚੰਗਾ ਹੋਵੇ ਜੇਕਰ ਡਿਕਸ਼ਨਰੀ ਦੀ ਵਰਤੋਂ ਨੂੰ ਪਾਠ-ਕ੍ਰਮ ਦਾ ਹਿੱਸਾ ਬਣਾ ਦਿੱਤਾ ਜਾਵੇ। ਇਸ ਉਦੇਸ਼ ਲਈ ਵਿਦਿਆਰਥੀਆਂ ਨੂੰ ਡਿਕਸ਼ਨਰੀ ਸੰਬੰਧੀ ਸਿਧਾਂਤਿਕ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਡਿਕਸ਼ਨਰੀ ਅਥਵਾ ਕੋਸ਼ ਵਿੱਚ ਇੱਕ ਸ਼ਬਦ ਦੇ ਮਿਲਦੇ-ਜੁਲਦੇ ਅਤੇ ਵੱਖ-ਵੱਖ ਪੱਖਾਂ ਤੋਂ ਅਰਥ ਦਿੱਤੇ ਹੁੰਦੇ ਹਨ। ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਿਸ ਪ੍ਰਸੰਗ ਵਿੱਚ ਕਿਹੜਾ ਰੂਪ ਢੁਕਵਾਂ ਹੈ। ਡਿਕਸ਼ਨਰੀ ਤੋਂ ਫ਼ਾਇਦਾ ਲੈਣਾ ਸਾਡਾ ਕੰਮ ਹੈ। ਇਸ ਤੋਂ ਸਾਨੂੰ ਕਈ ਕਿਸਮ ਦੀ ਜਾਣਕਾਰੀ ਮਿਲਦੀ ਹੈ। ਇਸ ਵਿੱਚ ਸ਼ਬਦਾਂ ਦੇ ਉਚਾਰਨ ਤੋਂ ਬਿਨਾਂ ਇਹਨਾਂ ਦੇ ਅਰਥਾਂ ਅਤੇ ਵਿਆਕਰਨਿਕ ਵਰਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸ਼ਬਦ-ਜੋੜਾਂ ਦੀ ਜਾਣਕਾਰੀ ਲਈ ਵੀ ਡਿਕਸ਼ਨਰੀ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਡਿਕਸ਼ਨਰੀ ਤੋਂ ਪਤਾ ਲੱਗ ਜਾਂਦਾ ਹੈ ਕਿ ਕੋਈ ਸ਼ਬਦ ਨਾਂਵ, ਕਿਰਿਆ ਜਾਂ ਵਿਸ਼ੇਸ਼ਣ ਆਦਿ ਵਿੱਚੋਂ ਕਿਸ ਵਰਗ ਦਾ ਹੈ। ਅਜਿਹੀ ਜਾਣਕਾਰੀ ਲਈ ਸਾਨੂੰ ਡਿਕਸ਼ਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਸ਼ਾ ਦੇ ਆਧਾਰ ‘ਤੇ ਡਿਕਸ਼ਨਰੀਆਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ; ਜਿਵੇਂ ਇੱਕ ਭਾਸ਼ੀ ਕੋਸ਼ (ਅੰਗਰੇਜ਼ੀ ਤੋਂ ਅੰਗਰੇਜ਼ੀ ਜਾਂ ਪੰਜਾਬੀ ਤੋਂ ਪੰਜਾਬੀ), ਦੋ ਭਾਸ਼ੀ ਕੋਸ਼ (ਅੰਗਰੇਜ਼ੀ ਤੋਂ ਪੰਜਾਬੀ ਜਾਂ ਅੰਗਰੇਜ਼ੀ ਤੋਂ ਹਿੰਦੀ) ਅਤੇ ਤਿੰਨ ਭਾਸ਼ੀ ਕੋਸ਼ (ਅੰਗਰੇਜ਼ੀ ਤੋਂ ਪੰਜਾਬੀ ਅਤੇ ਹਿੰਦੀ) ਆਦਿ। ਡਿਕਸ਼ਨਰੀ ਭਾਵੇਂ ਕਿਸੇ ਵੀ ਕਿਸਮ (ਅੰਗਰੇਜ਼ੀ-ਪੰਜਾਬੀ, ਪੰਜਾਬੀ-ਪੰਜਾਬੀ ਜਾਂ ਉਰਦੂ-ਪੰਜਾਬੀ ਆਦਿ) ਦੀ ਹੋਵੇ, ਇਹ ਹਮੇਸ਼ਾ ਭਰੋਸੇਯੋਗ ਹੋਣੀ ਚਾਹੀਦੀ ਹੈ। ਬਜ਼ਾਰ ਵਿੱਚ ਮਿਲਦੀਆਂ ਸਸਤੇ ਪੱਧਰ ਦੀਆਂ ਡਿਕਸ਼ਨਰੀਆਂ ਵਿਦਿਆਰਥੀਆਂ ਨੂੰ ਗੁਮਰਾਹ ਵੀ ਕਰ ਸਕਦੀਆਂ ਹਨ ਕਿਉਂਕਿ ਇਹਨਾਂ ਦਾ ਉਦੇਸ਼ ਪੈਸਾ ਕਮਾਉਣਾ ਹੀ ਹੁੰਦਾ ਹੈ।